Health Tips: ਸ਼ੂਗਰ ਕੰਟਰੋਲ ਕਰਨ ਲਈ ਭਿਓਂ ਕੇ ਖਾਓ ਸੁੱਕੇ ਮੇਵੇ, ਮੌਸਮੀ ਬੀਮਾਰੀਆਂ ਤੋਂ ਵੀ ਮਿਲੇਗੀ ਰਾਹਤ
Wednesday, Oct 18, 2023 - 06:08 PM (IST)

ਜਲੰਧਰ - ਸੁੱਕੇ ਮੇਵੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਦਾ ਸੇਵਨ ਸਰਦੀਆਂ ਵਿੱਚ ਕਰਨਾ ਜ਼ਿਆਦਾ ਸਹੀ ਹੈ। ਸਰਦੀਆਂ ਦੇ ਮੌਸਮ 'ਚ ਜ਼ੁਕਾਮ, ਖੰਘ, ਵਾਇਰਲ ਬੁਖ਼ਾਰ ਵਰਗੀਆਂ ਕਈ ਸਮੱਸਿਆਵਾਂ ਸਰੀਰ ਨੂੰ ਜਲਦੀ ਘੇਰ ਲੈਂਦੀਆਂ ਹਨ, ਜਿਸ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਬੀਮਾਰੀਆਂ ਤੋਂ ਦੂਰ ਰਹਿਣ ਲਈ ਸਰਦੀਆਂ 'ਚ ਸੁੱਕੇ ਮੇਵੇ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਹ ਸਰੀਰ ਨੂੰ ਗਰਮ ਰੱਖਣ ਦੇ ਨਾਲ-ਨਾਲ ਸਰਦੀਆਂ ਦੀਆਂ ਕਈ ਸਿਹਤ ਸਮੱਸਿਆਵਾਂ ਤੋਂ ਬਚਾਉਂਦਾ ਵੀ ਹੈ। ਅੱਜ ਅਸੀਂ ਤੁਹਾਨੂੰ ਸੁੱਕੇ ਮੇਵੇ ਨਾਲ ਹੋਣ ਵਾਲੇ ਫ਼ਾਇਦਿਆਂ ਅਤੇ ਇਨ੍ਹਾਂ ਨੂੰ ਖਾਣ ਦੇ ਸਹੀ ਤਰੀਕੇ ਬਾਰੇ ਦੱਸਾਂਗੇ, ਜਿਸ ਨਾਲ ਸਰੀਰ ਨੂੰ ਦੁੱਗਣਾ ਫ਼ਾਇਦਾ ਹੋਵੇਗਾ....
ਇੰਝ ਕਰੋ ਸੇਵਨ
ਬਦਾਮ, ਕਾਜੂ, ਅਖਰੋਟ, ਅੰਜੀਰ ਵਰਗੇ ਸੁੱਕੇ ਮੇਵੇ ਭਾਰ ਘਟਾਉਣ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਸ ਦੇ ਲਈ ਇਨ੍ਹਾਂ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖ ਦਿਓ। ਸਵੇਰੇ ਉੱਠ ਕੇ ਖਾਲੀ ਢਿੱਡ ਇਨ੍ਹਾਂ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ ਅਤੇ ਪਾਣੀ ਪੀ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਕਾਜੂ ਦਾ ਸੇਵਨ
ਭਿੱਜੇ ਹੋਏ ਕਾਜੂ ਦਾ ਸੇਵਨ ਦਿਮਾਗ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਵਿਟਾਮਿਨ, ਪ੍ਰੋਟੀਨ, ਆਇਰਨ, ਮੈਗਨੀਸ਼ੀਅਮ, ਜ਼ਿੰਕ ਆਦਿ ਪੋਸ਼ਕ ਤੱਤਾਂ ਨਾਲ ਭਰਪੂਰ ਕਾਜੂ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਸਰੀਰ 'ਚ ਖੂਨ ਦੀ ਘਾਟ ਨੂੰ ਵੀ ਪੂਰਾ ਕਰਦਾ ਹੈ।
ਬਾਦਾਮ
ਭਿੱਜੇ ਹੋਏ ਬਦਾਮ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ। ਇਸ ਦਾ ਰੋਜ਼ਾਨਾ ਸੇਵਨ ਅੱਖਾਂ ਅਤੇ ਦਿਮਾਗ ਲਈ ਚੰਗਾ ਹੁੰਦਾ ਹੈ।
ਪਿਸਤਾ
ਵਿਟਾਮਿਨ-ਈ, ਬੀ, ਫਾਸਫੋਰਸ, ਪ੍ਰੋਟੀਨ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਪਿਸਤਾ ਖੂਨ ਦਾ ਸੰਚਾਰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ਨਾਲ ਖੂਨ ਦੇ ਜੰਮਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ 5-7 ਪਿਸਤਾ ਖਾਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।
ਕਿਸ਼ਮਿਸ਼
ਕਿਸ਼ਮਿਸ਼ ਦਾ ਸੇਵਨ ਗਰਭਵਤੀ ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ, ਜਿਸ ਨਾਲ ਅਨੀਮੀਆ ਦਾ ਖ਼ਤਰਾ ਘੱਟ ਜਾਂਦਾ ਹੈ। ਇਹ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਰੱਖਦਾ ਹੈ। ਭਿੱਜੀ ਹੋਈ ਸੌਗੀ ਖਾਣ ਤੋਂ ਇਲਾਵਾ ਤੁਸੀਂ ਸੌਗੀ ਦਾ ਸੇਵਨ ਦੁੱਧ ਨਾਲ ਵੀ ਕਰ ਸਕਦੇ ਹੋ।
ਅਖਰੋਟ
ਯਾਦਦਾਸ਼ਤ ਨੂੰ ਤੇਜ਼ ਕਰਨ ਲਈ ਅਖਰੋਟ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ, ਓਮੇਗਾ-3 ਫੈਟੀ ਐਸਿਡ, ਵਿਟਾਮਿਨ, ਕੈਲਸ਼ੀਅਮ, ਅਖਰੋਟ ਵਰਗੇ ਪੌਸ਼ਟਿਕ ਤੱਤ ਅਲਜ਼ਾਈਮਰ ਅਤੇ ਡਿਮੈਂਸ਼ੀਆ ਤੋਂ ਬਚਾਉਂਦੇ ਹਨ। ਇਹ ਹਾਰਟ ਅਟੈਕ ਅਤੇ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ।
ਮੂੰਗਫਲੀ
ਸਰਦੀਆਂ ਦੇ ਮੌਸਮ ਵਿੱਚ ਲੋਕ ਮੂੰਗਫਲੀ ਖਾਣਾ ਪਸੰਦ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਤਿਲ ਅਤੇ ਗੁੜ ਨਾਲ ਮੂੰਗਫਲੀ ਖਾਣ ਨਾਲ ਕਈ ਬੀਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ।