ਹੜ੍ਹਾਂ ਦੇ ਮਾਰੇ 4 ਭੈਣ-ਭਰਾਵਾਂ ਦੀ ਮਦਦ ਲਈ ਅੱਗੇ ਆਏ ਕਰਨ ਔਜਲਾ, ਭਾਵੁਕ ਹੋ ਕੇ NRI ਭਰਾਵਾਂ ਨੂੰ ਕੀਤੀ ਵੱਡੀ ਅਪੀਲ
Friday, Oct 24, 2025 - 12:51 PM (IST)
ਵੈੱਬ ਡੈਸਕ- ਪੰਜਾਬੀ ਗਾਇਕ ਕਰਨ ਔਜਲਾ ਨੇ ਹਾਲ ਹੀ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਇੱਕ ਪਰਿਵਾਰ ਦੀ ਮਦਦ ਲਈ ਆਵਾਜ਼ ਉਠਾਈ ਹੈ, ਜਿਸ ਵਿੱਚ 4 ਛੋਟੇ ਭੈਣ-ਭਰਾ (ਇੱਕ ਭੈਣ ਅਤੇ ਤਿੰਨ ਭਰਾ) ਸ਼ਾਮਲ ਹਨ, ਜੋ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਹਨ। ਕਰਨ ਔਜਲਾ ਨੇ ਫਾਜ਼ਿਲਕਾ ਦੇ ਰੇਤੇਵਾਲੀ ਪਿੰਡ ਵਿੱਚ ਇਸ ਪਰਿਵਾਰ ਦੇ ਘਰ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀ ਮਾੜੀ ਹਾਲਤ ਨੂੰ ਨੇੜਿਓਂ ਦੇਖਿਆ।
ਇਹ ਵੀ ਪੜ੍ਹੋ: ਵਿਗਿਆਪਨ ਜਗਤ ਦੇ ਦਿੱਗਜ ਪਿਊਸ਼ ਪਾਂਡੇ ਦਾ ਦਿਹਾਂਤ, 'ਅਬਕੀ ਬਾਰ, ਮੋਦੀ ਸਰਕਾਰ' ਦਾ ਵੀ ਦਿੱਤਾ ਸੀ ਨਾਅਰਾ
ਮਾਪਿਆਂ ਦੀ ਮੌਤ ਅਤੇ ਘਰ ਦੀ ਹਾਲਤ
'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ, ਕਰਨ ਔਜਲਾ ਨੇ ਕਿਹਾ ਕਿ ਇਹਨਾਂ ਬੱਚਿਆਂ 'ਤੇ ਦੋਹਰਾ ਦੁੱਖ ਆਇਆ ਹੈ। ਇਹਨਾਂ ਦੀ ਮਾਤਾ ਦੀ ਮੌਤ ਪਹਿਲਾਂ ਹੀ 2023 ਵਿੱਚ ਹਾਰਟ ਅਟੈਕ ਕਾਰਨ ਹੋ ਚੁੱਕੀ ਸੀ। ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ, ਇਹਨਾਂ ਦੇ ਪਿਤਾ ਨੂੰ ਇੱਕ ਸੱਪ ਨੇ ਡੰਗ ਮਾਰ ਦਿੱਤਾ। ਪਾਣੀ ਚੜ੍ਹਿਆ ਹੋਣ ਕਾਰਨ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਿਆ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਬੱਚੇ ਉਸ ਸਮੇਂ ਘਰ ਨਹੀਂ ਸਨ। ਪਰਿਵਾਰ ਦਾ ਘਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਔਜਲਾ ਨੇ ਦੱਸਿਆ ਕਿ ਘਰ ਦੀ ਹਾਲਤ ਬਹੁਤ ਮਾੜੀ ਹੈ। ਹੁਣ ਸਰਦੀਆਂ ਆ ਰਹੀਆਂ ਹਨ, ਅਤੇ ਬੱਚੇ ਅੰਦਰ ਜਾਂ ਬਾਹਰ, ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਆਈ ਇਕ ਹੋਰ ਮੰਦਭਾਗੀ ਖਬਰ; ਛੋਟੀ ਉਮਰੇ ਦੁਨੀਆ ਛੱਡ ਗਈ ਇਹ ਮਸ਼ਹੂਰ ਅਦਾਕਾਰਾ
ਕਰਨ ਔਜਲਾ ਦਾ ਭਾਵੁਕ ਸੰਦੇਸ਼
ਕਰਨ ਔਜਲਾ ਨੇ ਕਿਹਾ ਕਿ ਜਦੋਂ ਉਹਨਾਂ ਨੇ ਜਵਾਕਾਂ ਨੂੰ ਦੇਖਿਆ, ਤਾਂ ਉਹਨਾਂ ਨੂੰ ਆਪਣਾ ਹੀ ਮੂੰਹ ਦਿਖਾਈ ਦਿੱਤਾ। ਉਹਨਾਂ ਨੂੰ ਪਤਾ ਹੈ ਕਿ ਜਦੋਂ ਮਾਂ-ਪਿਓ ਸਿਰ 'ਤੇ ਨਹੀਂ ਰਹਿੰਦੇ ਅਤੇ ਹਨੇਰਾ ਪੈ ਜਾਂਦਾ ਹੈ, ਤਾਂ ਇਕੱਲਾ ਬੰਦਾ ਮੰਜੇ 'ਤੇ ਪਿਆ ਕੀ ਸੋਚਦਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਚਾਰ ਭੈਣ-ਭਰਾਵਾਂ ਦੀ ਕਹਾਣੀ ਇਹਨਾਂ ਨੂੰ ਹੀ ਪਤਾ ਹੈ ਕਿ ਉਹ ਕਿਵੇਂ ਸਮਾਂ ਕੱਟਣਗੇ ਅਤੇ ਭੈਣ ਤੇ ਭਰਾਵਾਂ ਨੂੰ ਕਿਹੜੇ ਫਰਜ਼ ਅਦਾ ਕਰਨੇ ਪੈਣੇ ਹਨ। ਉਹਨਾਂ ਨੇ ਕਿਹਾ ਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਬੱਚੇ ਨੂੰ ਅੱਗੇ ਆ ਕੇ ਜ਼ਿੰਮੇਵਾਰੀ ਲੈਣੀ ਪੈਂਦੀ ਹੈ ਅਤੇ ਉਹ ਉਮਰ ਤੋਂ ਵੱਡਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ: 'ਮੈਂ ਤੁਹਾਡੇ ਸਾਰੇ ਸੁਪਨੇ ਪੂਰੇ ਕਰਾਂਗੀ'; Singer ਦੀ ਮੌਤ ਮਗਰੋਂ ਪਤਨੀ ਨੇ ਪਾਈ ਭਾਵੁਕ ਪੋਸਟ
ਪੰਜਾਬੀਆਂ ਅਤੇ NRI ਭਾਈਚਾਰੇ ਨੂੰ ਅਪੀਲ
ਇਸ ਮੁਸ਼ਕਿਲ ਘੜੀ ਵਿੱਚ, ਕਰਨ ਔਜਲਾ ਨੇ ਸਮੂਹ ਪੰਜਾਬੀਆਂ ਅਤੇ ਖਾਸ ਕਰਕੇ ਆਪਣੇ ਐੱਨ.ਆਰ.ਆਈ. ਭਰਾਵਾਂ ਨੂੰ ਵੱਡੀ ਅਪੀਲ ਕੀਤੀ। ਉਹਨਾਂ ਨੇ ਕਿਹਾ, "ਆਪਾਂ ਸਾਰੀ ਉਮਰ ਹੀ ਕੰਮ ਕੀਤਾ, ਹੁਣ ਟਾਈਮ ਆ ਇਕੱਠੇ ਹੋ ਕੇ ਆਪਣੇ ਪੰਜਾਬ 'ਚ ਕੁਝ ਕਰਨ ਦਾ, ਪੈਸੇ ਲਾਉਣ ਦਾ"। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਘਰ ਨਹੀਂ ਹੈ, ਬਲਕਿ ਅਜਿਹੇ ਬਹੁਤ ਸਾਰੇ ਘਰ ਅਤੇ ਪਰਿਵਾਰ ਹਨ ਜੋ ਪ੍ਰਭਾਵਿਤ ਹੋਏ ਹਨ। ਔਜਲਾ ਨੇ ਸਮੂਹ ਲੋਕਾਂ ਨੂੰ ਦਸਵੰਧ ਕੱਢ ਕੇ ਜਾਂ ਜਿਵੇਂ ਮਰਜ਼ੀ ਹੋ ਸਕੇ, ਇਹਨਾਂ ਪਰਿਵਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਹਨਾਂ ਅਨੁਸਾਰ, ਇਸ ਤਰ੍ਹਾਂ ਦੇ ਕਾਰਜ ਨਾਲ ਪ੍ਰਮਾਤਮਾ ਬਹੁਤ ਖੁਸ਼ ਹੋਏਗਾ।
ਇਹ ਵੀ ਪੜ੍ਹੋ: ਬੇਹੱਦ ਖ਼ੂਬਸੂਰਤ Influencer ਨੂੰ ਮਿਲੀ ਰੂਹ ਕੰਬਾਊ ਮੌਤ ! ਸਿਰਫ਼ 26 ਸਾਲ ਦੀ ਉਮਰ 'ਚ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
