ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਲਗਾਤਾਰ ਵੱਧ ਰਿਹਾ ਇਸ ਬਿਮਾਰੀ ਦਾ ਕਹਿਰ
Monday, Oct 27, 2025 - 06:30 PM (IST)
ਪਟਿਆਲਾ (ਮਨਦੀਪ ਜੋਸਨ) : ਸ਼ਾਹੀ ਸ਼ਹਿਰ ਪਟਿਆਲਾ ਅੰਦਰ ਡੇਂਗੂ ਦਾ ਡੰਗ ਜਾਰੀ ਹੈ। ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ, ਜਦੋਂ ਕਿ ਸਿਹਤ ਵਿਭਾਗ ਦੀਆਂ ਟੀਮਾਂ ਲਾਰਵਾ ਨਸ਼ਟ ਕਰਨ ਲਈ ਡਟੀਆਂ ਹੋਈਆਂ ਹਨ। ਉਸ ਦੇ ਬਾਵਜੂਦ ਗਿਣਤੀ ’ਚ ਵਾਧਾ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਜ਼ਿਲ੍ਹੇ ’ਚ 13 ਕੇਸ ਡੇਂਗੂ ਪਾਜ਼ੇਟਿਵ ਹੋਰ ਆਉਣ ਨਾਲ ਕੁੱਲ ਡੇਂਗੂ ਪਾਜ਼ੇਟਿਵ ਕੇਸਾਂ ਦੀ ਗਿਣਤੀ 449 ਤੋਂ ਪਾਰ ਹੋ ਗਈ ਹੈ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ ਲਗਭਗ 180 ਸੀ। ਡੇਂਗੂ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਕਿਤੇ ਨਾਲ ਕਿਤੇ ਲੋਕਾਂ ਅੰਦਰ ਵੀ ਸਹਿਮ ਦਾ ਮਾਹੌਲ ਹੈ। ਹੁਣ ਅਰਬਨ ਅਸਟੇਟ ਵਰਗਾ ਪੋਸ਼ ਖੇਤਰ ਵੀ ਡੇਂਗੂ ਦੀ ਲਪੇਟ ’ਚ ਆ ਗਿਆ ਹੈ। ਸਥਾਨਕ ਨਿਵਾਸੀਆਂ ਹਰਪ੍ਰੀਤ ਸਿੰਘ, ਚਰਨਜੀਤ ਸਿੰਘ ਅਤੇ ਜਸਕੀਰਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ’ਚ ਇਲਾਕੇ ਵਿਚ ਡੇਂਗੂ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਕੈਨੇਡਾ ਗਈ ਵਹੁਟੀ ਨੇ ਚਾੜ੍ਹਿਆ ਚੰਨ, ਪੂਰਾ ਮਾਮਲਾ ਜਾਣ ਨਹੀਂ ਹੋਵੇਗਾ ਯਕੀਨ
ਉਨ੍ਹਾਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਫੌਗਿੰਗ ਅਤੇ ਸਮੇਂ ਸਿਰ ਕੂੜੇ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਸਥਿਤੀ ਨੂੰ ਵਿਗੜਨ ਤੋਂ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਮੌਸਮ ’ਚ ਅਨੁਕੂਲ ਵਾਤਾਵਰਣ ਮਿਲਣ ਕਾਰਨ ਡੇਂਗੂ ਦੇ ਕੇਸ ਵਧਣ ਦਾ ਖਦਸ਼ਾ ਹੈ। ਡੇਂਗੂ ਦੇ ਕੇਸਾਂ ਦਾ ਇਹ ਵਾਧਾ ਸਿਹਤ ਵਿਭਾਗ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਆਦਾਤਰ ਮਾਮਲੇ ਸ਼ਹਿਰ ਤੋਂ ਬਾਹਰ ਕਾਲੋਨੀਆਂ ਤੋਂ ਆ ਰਹੇ ਹਨ। ਡੇਂਗੂ ਦਾ ਪ੍ਰਕੋਪ ਉਨ੍ਹਾਂ ਖੇਤਰਾਂ ’ਚ ਸਭ ਤੋਂ ਵੱਧ ਹੈ, ਜਿੱਥੇ ਨਗਰ ਕੌਂਸਲ, ਨਿਗਮ ਜਾਂ ਕਮੇਟੀ ਦੀਆਂ ਸਰਹੱਦਾਂ ਤੋਂ ਬਾਹਰ ਦਾ ਇਲਾਕਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ’ਚ ਨਿਯਮਿਤ ਫੌਗਿੰਗ ਅਤੇ ਕੂੜਾ ਇਕੱਠਾ ਕਰਨ ਦੀ ਘਾਟ ਹੈ, ਜਿਸ ਕਾਰਨ ਵੱਧ ਰਹੀ ਮੱਛਰਾਂ ਦੀ ਪੈਦਾਇਸ਼ ’ਤੇ ਕਾਬੂ ਨਾ ਹੋਣ ਕਾਰਨ ਇਹ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਦੇਖਿਆ ਜਾਵੇ ਤਾਂ ਲੋਕਾਂ ਦੀ ਜਾਗਰੂਕਤਾ ਦੇ ਨਾਲ ਹੀ ਇਨ੍ਹਾਂ ਮਾਮਲਿਆਂ ’ਤੇ ਲਗਾਮ ਲਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਆਰ. ਟੀ. ਓ. ਨੇ ਲੈ ਲਿਆ ਐਕਸ਼ਨ, ਇਹ ਨੰਬਰ ਪਲੇਟਾਂ ਤੇ ਆਰ. ਸੀ. ਵਾਲੇ 'ਤੇ ਕਾਰਵਾਈ ਦੇ ਹੁਕਮ
ਸਾਫ-ਸਫਾਈ ਦਾ ਰੱਖਿਆ ਜਾਵੇ ਖਾਸ ਧਿਆਨ : ਡਾ. ਸੁਮਿਤ ਸਿੰਘ
ਜ਼ਿਲਾ ਐਪੀਡੀਮੋਲਿਜਸਟ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਆਲੇ-ਦੁਆਲੇ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਕਿਸੇ ਕਿਸਮ ਦਾ ਬੁਖਾਰ ਹੋਣ ’ਤੇ ਜਾਂਚ ਕਰਨੀ ਯਕੀਨੀ ਬਣਾਈ ਜਾਵੇ, ਜੋ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ’ਚ ਮੁਫਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੇਜ਼ ਬੁਖਾਰ ਦੇ ਨਾਲ ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਪਿੱਠ ਤੇ ਗਰਦਨ ’ਚ ਅਕੜਾਅ, ਮਾਸ ਪੇਸ਼ੀਆਂ ਤੇ ਹੱਡੀਆਂ ’ਚ ਦਰਦ ਅਤੇ ਸਰੀਰ ਤੇ ਲਾਲ ਧੱਬੇ ਹੋ ਜਾਣ ਤਾਂ ਡੇਂਗੂ ਦਾ ਟੈਸਟ ਕਰਵਾਉਣਾ ਜ਼ਰੂਰੀ ਹੈ। ਇਹ ਸਾਰੇ ਸਰਕਾਰੀ ਹਸਪਤਾਲਾਂ ’ਚ ਮੁਫਤ ਕੀਤਾ ਜਾਂਦਾ ਹੈ। ਇਸ ਮੌਸਮ ਦੌਰਾਨ ਦਵਾਈ ਸਿਰਫ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਹੈ। ਬੁਖਾਰ ਹੋਣ ਦੀ ਸੂਰਤ ’ਚ ਸਿਰਫ ਪੈਰਾਸੀਟਾਮੋਲ ਦੀ ਹੀ ਗੋਲੀ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ ਡੇਂਗੂ ਦੇ ਮਰੀਜ਼ਾਂ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਲੋੜੀਂਦੀਆਂ ਦਵਾਈਆਂ ਅਤੇ ਟੈਸਟਿੰਗ ਕਿੱਟਾਂ ਉਪਲੱਬਧ ਹਨ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲੇ ਦੇ 11 ਸਰਕਾਰੀ ਹਸਪਤਾਲਾਂ ’ਚ ਡੇਂਗੂ ਦੇ ਮਰੀਜ਼ਾਂ ਲਈ 120 ਬੈੱਡ ਰਾਖਵੇਂ ਰੱਖੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
ਸਿਹਤ ਮੰਤਰੀ ਦੇ ਜ਼ਿਲੇ ’ਚ ਡੇਂਗੂ ਦੇ ਕੇਸ ਵਧਣਾ ਚਿੰਤਾਜਨਕ : ਹਰਦਿਆਲ ਕੰਬੋਜ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਸਿਹਤ ਮੰਤਰੀ ਦੇ ਆਪਣੇ ਜ਼ਿਲੇ ’ਚ ਡੇਂਗੂ ਦੇ ਕੇਸ ਵੱਧਣਾ ਚਿੰਤਾਜਨਕ ਹੈ। ਇਸ ਨਾਲ ਪਤਾ ਚਲਦਾ ਹੈ ਕਿ ਸਰਕਾਰ ਸਿਹਤ ਪੱਖੋ ਕਿੰਨੀਆਂ ਕੁ ਚੰਗੀਆਂ ਸੇਵਾਵਾਂ ਲੋਕਾਂ ਨੂੰ ਦੇ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸਾਫ਼-ਸੁਥਰੇ ਵਾਤਾਵਰਣ ਨੂੰ ਯਕੀਨੀ ਬਣਾਉਣ। ਕੰਬੋਜ ਨੇ ਸਿਹਤ ਵਿਭਾਗ ਨੂੰ ਵੀ ਸਖ਼ਤੀ ਨਾਲ ਨਿਗਰਾਨੀ ਕਰਨ ਅਤੇ ਡੇਂਗੂ ਰੋਕਥਾਮ ਲਈ ਜ਼ਰੂਰੀ ਕਦਮ ਉਠਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਤੁਰੰਤ ਪ੍ਰਭਾਵਿਤ ਇਲਾਕਿਆਂ ’ਚ ਫੋਗਿੰਗ ਕਰਵਾਉਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਬਣਦੀ ਸਹੂਲਤ ਦੇਣੀ ਚਾਹੀਦੀ ਹੈ।
ਸਰਕਾਰ ਦੇ ਦਾਅਵੇ ਹੋਏ ਹਵਾ ਹਵਾਈ : ਸੁਰਜੀਤ ਰੱਖੜਾ
ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਡੇਂਗੂ ਦੇ ਕੇਸ ਫੈਲਣ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਦੇ ਸਿਹਤ ਪੱਖੋਂ ਕੀਤੇ ਜਾਂਦੇ ਦਾਅਵੇ ਕਿਸ ਤਰ੍ਹਾਂ ਹਵਾ ਹਵਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਵਾਅਦੇ ਅਤੇ ਬਿਆਨ ਲੋਕਾਂ ਨੂੰ ਧੋਖਾ ਦੇ ਰਹੇ ਹਨ ਪਰ ਹਕੀਕਤ ’ਚ ਸਥਿਤੀ ਬਹੁਤ ਖਰਾਬ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ’ਚ ਜ਼ਿਲੇ ਵਿਚ ਸਿਹਤ ਸਬੰਧੀ ਸੇਵਾਵਾਂ, ਡੇਂਗੂ ਅਤੇ ਹੋਰ ਬੀਮਾਰੀਆਂ ਦੇ ਰੋਕਥਾਮ ਦੇ ਪ੍ਰਬੰਧ ਪ੍ਰਮਾਣਿਕਤਾ ਤੋਂ ਬਹੁਤ ਦੂਰ ਹਨ। ਸ. ਰੱਖੜਾ ਨੇ ਅਪੀਲ ਕੀਤੀ ਕਿ ਸਰਕਾਰ ਨੂੰ ਤੁਰੰਤ ਗਰਾਊਂਡ ਲੈਵਲ ’ਤੇ ਜਾ ਕੇ ਲੋਕਾਂ ਦੀ ਮਦਦ ਕਰਨੀ ਅਤੇ ਡੇਂਗੂ ਦੇ ਕੇਸਾਂ ’ਤੇ ਲਗਾਮ ਲਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਰਜਿਸਟਰੀ ਦੇ ਖ਼ਰਚ ’ਚ ਭਾਰੀ ਵਾਧਾ, 9% ਤੋਂ 67% ਤੱਕ ਵਾਧੇ ਦਾ ਅਸਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
