ਚੰਡੀਗੜ੍ਹ Airport ਤੋਂ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਜਾਰੀ ਹੋਇਆ ਸਰਦੀਆਂ ਦਾ ਸ਼ਡਿਊਲ

Sunday, Oct 26, 2025 - 10:08 AM (IST)

ਚੰਡੀਗੜ੍ਹ Airport ਤੋਂ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਜਾਰੀ ਹੋਇਆ ਸਰਦੀਆਂ ਦਾ ਸ਼ਡਿਊਲ

ਚੰਡੀਗੜ੍ਹ (ਲਲਨ) : ਸਰਦੀਆਂ ਦੇ ਮੌਸਮ ’ਚ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ ਆਈ ਹੈ। ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਅਥਾਰਟੀ ਨੇ ਸਰਦੀਆਂ (27 ਅਕਤੂਬਰ ਤੋਂ 28 ਮਾਰਚ) ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਤਹਿਤ ਹਵਾਈ ਅੱਡੇ ’ਤੋਂ ਚਾਰ ਨਵੀਆਂ ਉਡਾਣਾਂ ਸ਼ਾਮਲ ਕੀਤੀਆਂ ਗਈਆਂ ਹਨ। ਹੁਣ ਰੋਜ਼ਾਨਾ 53 ਘਰੇਲੂ ਅਤੇ ਦੋ ਕੌਮਾਂਤਰੀ ਉਡਾਣਾਂ ਇੱਥੋਂ ਚੱਲਣਗੀਆਂ। ਟ੍ਰਾਈਸਿਟੀ ਦੇ ਲੋਕਾਂ ਨੂੰ ਹਾਲੇ ਨਵੀਆਂ ਕੌਮਾਂਤਰੀ ਉਡਾਣਾਂ ਲਈ ਉਡੀਕ ਕਰਨੀ ਪਵੇਗੀ, ਜਦਕਿ ਲੇਹ, ਨਾਰਦਨ ਗੋਆ, ਹਿਸਾਰ ਲਈ ਨਵੀਆਂ ਉਡਾਣਾਂ ਜੋੜੀਆਂ ਗਈਆਂ ਹਨ, ਜੋ 20 ਨਵੰਬਰ ਤੋਂ ਉਡਾਣ ਭਰਨਗੀਆਂ। ਏਅਰਲਾਈਨਾਂ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਕੁੱਲੂ ਲਈ ਵੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ ਪਰ ਹਾਲੇ ਮਿਤੀ ਦਾ ਐਲਾਨ ਹੋਣਾ ਹਾਲੇ ਬਾਕੀ ਹੈ।
ਅਪ੍ਰੇਨ ਏਰੀਏ ’ਚ ਦੂਜੇ ਸੂਬਿਆਂ ਦੀਆਂ 5 ਉਡਾਣਾਂ ਹੋਣਗੀਆਂ ਪਾਰਕ
ਰਾਤ ਸਮੇਂ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਪੰਜ ਉਡਾਣਾਂ ਨੂੰ ਏਅਰਪੋਰਟ ਅਪ੍ਰੇਨ ਏਰੀਏ ’ਚ ਪਾਰਕ ਕੀਤਾ ਜਾਵੇਗਾ, ਜੋ ਅਗਲੇ ਦਿਨ ਸਵੇਰੇ ਇੱਥੋਂ ਹਵਾਈ ਅੱਡੇ ਤੋਂ ਉਡਾਣ ਭਰਨਗੀਆਂ। ਚੰਡੀਗੜ੍ਹ ਹਵਾਈ ਅੱਡੇ ਤੋਂ ਪਹਿਲੀ ਉਡਾਣ ਸਵੇਰੇ 5:20 ਤੇ ਆਖ਼ਰੀ ਉਡਾਣ ਹੈਦਰਾਬਾਦ ਰਾਤ 11:40 ਵਜੇ ਹਵਾਈ ਅੱਡੇ ’ਤੇ ਲੈਂਡ ਕਰੇਗੀ। ਹਾਲਾਂਕਿ ਅਯੁੱਧਿਆ ਤੇ ਨਾਂਦੇੜ ਸਾਹਿਬ ਦੀ ਉਡਾਣਾਂ ਬਾਰੇ ਯਤਨ ਕੀਤੇ ਜਾ ਰਹੇ ਹਨ ਪਰ ਦੋਵਾਂ ਧਾਰਮਿਕ ਸਥਾਨਾਂ ਲਈ ਕੋਈ ਵੀ ਏਅਰਲਾਈਨ ਉਡਾਣਾਂ ਚਲਾਉਣ ਲਈ ਤਿਆਰ ਨਹੀਂ। ਹਵਾਈ ਅੱਡੇ ਦੇ ਸੀ. ਈ. ਓ. ਅਜੇ ਵਰਮਾ ਨੇ ਦੱਸਿਆ ਕਿ ਨਵੀਆਂ ਉਡਾਣਾਂ ਸ਼ੁਰੂ ਕਰਨ ਵਾਲੀਆਂ ਏਅਰਲਾਈਨਾਂ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਦਕਿ ਕੁੱਝ ਦੀ ਕਾਗਜ਼ੀ ਕਾਰਵਾਈ ਜਾਰੀ ਹੈ। ਉਨ੍ਹਾਂ ਦੀ ਵੀ ਬੁਕਿੰਗ ਜਲਦੀ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ ਹਾਜ਼ਰੀ ਤੇ ਤਨਖ਼ਾਹਾਂ ਨੂੰ ਲੈ ਕੇ ਨਵੇਂ ਹੁਕਮ, ਇਕ ਨਵੰਬਰ ਤੋਂ ਲਾਗੂ ਹੋਵੇਗਾ ਸਿਸਟਮ
ਹਿਸਾਰ ਦਾ ਸਫ਼ਰ ਹੋਇਆ ਘੱਟ
ਚੰਡੀਗੜ੍ਹ ਤੋਂ ਹਿਸਾਰ ਜਾਣ ਲਈ ਟ੍ਰਾਈਸਿਟੀ ਦੇ ਲੋਕ ਇਕ ਘੰਟੇ ’ਚ ਹਿਸਾਰ ਪਹੁੰਚ ਜਾਣਗੇ, ਕਿਉਂਕਿ ਹਵਾਈ ਅੱਡੇ ਤੋਂ ਰੋਜ਼ਾਨਾ ਹਿਸਾਰ ਲਈ ਅਲਾਇੰਸ ਏਅਰ ਵੱਲੋਂ 22 ਨਵੰਬਰ ਤੋਂ ਨਵੀਂ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ, ਜੋ ਚੰਡੀਗੜ੍ਹ ਤੋਂ ਦੁਪਹਿਰ 11:10 ਵਜੇ ਚੱਲੇਗੀ ਤੇ ਦੁਪਹਿਰ 12:10 ਵਜੇ ਹਿਸਾਰ ਪਹੁੰਚੇਗੀ ਅਤੇ ਹਿਸਾਰ ਤੋਂ ਦੁਪਹਿਰ 12:35 ਵਜੇ ਉਡਾਣ ਭਰੇਗੀ ਤੇ ਚੰਡੀਗੜ੍ਹ ਦੁਪਹਿਰ 1:35 ਵਜੇ ਪਹੁੰਚ ਜਾਵੇਗੀ। ਇਸ ਲਈ ਯਾਤਰੀਆਂ ਨੂੰ 2574 ਰੁਪਏ ਦਾ ਭੁਗਤਾਨ ਕਰਨਾ ਪਵੇਗਾ, ਜੋ ਫਲੈਕਸੀ-ਫੇਅਰ ਦੇ ਆਧਾਰ ’ਤੇ ਵਧੇਗਾ।
ਚੰਡੀਗੜ੍ਹ-ਲੇਹ ਉਡਾਣ ਲਈ 6763 ਰੁਪਏ ਦਾ ਕਰਨਾ ਹੋਵੇਗਾ ਭੁਗਤਾਨ
ਚੰਡੀਗੜ੍ਹ ਤੋਂ ਲੇਹ ਲਈ ਸਰਦੀਆਂ ਦੇ ਸ਼ਡਿਊਲ ’ਚ ਨਵੀਂ ਉਡਾਣ ਸ਼ਾਮਲ ਕੀਤੀ ਗਈ ਹੈ। ਇਹ ਲੇਹ ਤੋਂ ਸਵੇਰੇ 10:10 ਵਜੇ ਚੱਲੇਗੀ ਤੇ ਚੰਡੀਗੜ੍ਹ ਦੁਪਹਿਰ 11:15 ਵਜੇ ਪਹੁੰਚੇਗੀ ਜਦਕਿ ਚੰਡੀਗੜ੍ਹ ਤੋਂ ਦੁਪਹਿਰ 11:45 ਵਜੇ ਚੱਲੇਗੀ ਤੇ ਲੇਹ 12:50 ਵਜੇ ਪਹੁੰਚੇਗੀ। ਯਾਤਰੀਆਂ ਨੂੰ ਇਸ ਉਡਾਣ ਲਈ 6763 ਰੁਪਏ ਦਾ ਭੁਗਤਾਨ ਕਰਨਾ ਪਵੇਗਾ।

ਇਹ ਵੀ ਪੜ੍ਹੋ : ਦਵਾਈਆਂ ਖਾਣ ਵਾਲੇ ਸਾਵਧਾਨ! ਪੰਜਾਬ 'ਚ 11 Medicines ਨੂੰ ਲੈ ਕੇ ਹੋ ਗਿਆ ਵੱਡਾ ਖ਼ੁਲਾਸਾ (ਵੀਡੀਓ)
ਦੁਪਹਿਰ 2:30 ਵਜੇ ਰਵਾਨਾ ਹੋਵੇਗੀ ਚੰਡੀਗੜ੍ਹ-ਨਾਰਦਨ ਗੋਆ ਉਡਾਣ
ਚੰਡੀਗੜ੍ਹ ਤੋਂ ਨਾਰਦਨ ਗੋਆ ਲਈ ਦੁਪਹਿਰ 2:30 ਵਜੇ ਫਲਾਈਟ ਉਡਾਣ ਭਰੇਗੀ ਤੇ ਸ਼ਾਮ 5:20 ਵਜੇ ਗੋਆ ਪਹੁੰਚੇਗੀ, ਜਦੋਂ ਕਿ ਨਾਰਦਨ ਗੋਆ ਤੋਂ ਦੁਪਹਿਰ 1:10 ਵਜੇ ਫਲਾਈਟ ਉਡਾਣ ਭਰੇਗੀ ਤੇ ਚੰਡੀਗੜ੍ਹ ਦੁਪਹਿਰ 3:50 ਵਜੇ ਲੈਂਡ ਕਰੇਗੀ। ਯਾਤਰੀਆਂ ਨੂੰ ਇਸ ਲਈ 6773 ਰੁਪਏ ਦਾ ਭੁਗਤਾਨ ਕਰਨਾ ਪਵੇਗਾ, ਜੋ ਫਲੈਕਸੀ ਫੇਅਰ ਦੇ ਆਧਾਰ ’ਤੇ ਵਧੇਗਾ।
ਹਵਾਈ ਅੱਡੇ ’ਤੇ ਰਾਤ ਸਮੇਂ 5 ਹਵਾਈ ਜਹਾਜ਼ ਕੀਤੇ ਜਾਣਗੇ ਖੜ੍ਹੇ
ਸਰਦੀਆਂ ਦੇ ਸ਼ਡਿਊਲ ’ਚ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਪੰਜ ਉਡਾਣਾਂ ਰਾਤ ਸਮੇਂ ਪਾਰਕ ਕੀਤੀਆਂ ਜਾਣਗੀਆਂ। ਇਹ ਸਾਰੀਆਂ ਉਡਾਣਾਂ ਇੰਡੀਗੋ ਏਅਰਲਾਈਨਜ਼ ਦੀਆਂ ਹਨ, ਜੋ ਰਾਤ ਸਮੇਂ ਹਵਾਈ ਅੱਡੇ ’ਤੇ ਰੁਕਣਗੀਆਂ ਤੇ ਸਵੇਰੇ ਉਡਾਣ ਭਰਨਗੀਆਂ। ਇਨ੍ਹਾਂ ਉਡਾਣਾਂ ’ਚ ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਕੋਲਕਾਤਾ ਤੇ ਹੈਦਰਾਬਾਦ ਦੀਆਂ ਉਡਾਣਾਂ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News