ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਤਰੀਕੇ, ਇਕ ਮਹੀਨੇ ''ਚ ਘਟੇਗਾ 2-3 ਕਿਲੋ ਭਾਰ
Thursday, Dec 14, 2023 - 02:26 PM (IST)
ਜਲੰਧਰ - ਅਜੌਕੇ ਸਮੇਂ 'ਚ ਭਾਰ ਘਟਾਉਣਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਤੁਸੀਂ ਜਿੰਨਾ ਮਰਜ਼ੀ ਭਾਰ ਘਟ ਕਰਨ ਦੀ ਕੌਸ਼ਿਸ਼ ਕਰ ਲਓ ਪਰ ਇਹ ਘੱਟ ਨਹੀਂ ਹੋ ਰਿਹਾ। ਅਸਲ ਵਿੱਚ ਭਾਰ ਘਟਾਉਣ ਲਈ ਅਸੀਂ ਜੋ ਯਤਨ ਕਰਦੇ ਹਾਂ ਉਹ ਸਹੀ ਨਹੀਂ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ ਵਿਚ ਕੁਝ ਛੋਟੇ-ਛੋਟੇ ਬਦਲਾਅ ਕਰੋ। ਹੌਲੀ ਹੌਲੀ ਖਾਓ। ਡਾਈਟ ਵਿੱਚ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ। ਚੰਗੀ ਨੀਂਦ ਲਓ। ਰੋਜ਼ਾਨਾ ਕਸਰਤ ਕਰੋ। ਸਰੀਰ ਜਿੰਨਾ ਐਕਟਿਵ ਹੋਵੇਗਾ, ਓਨੀ ਜ਼ਿਆਦਾ ਕੈਲੋਰੀ ਬਰਨ ਹੋਵੇਗੀ ਅਤੇ ਭਾਰ ਘਟੇਗਾ। ਅਜਿਹਾ ਕਰਕੇ ਤੁਸੀਂ ਸਿਰਫ਼ ਇੱਕ ਮਹੀਨੇ ਵਿੱਚ ਆਪਣਾ 2-3 ਕਿਲੋ ਤੱਕ ਭਾਰ ਘਟਾ ਸਕਦੇ ਹੋ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਖ਼ਾਸ ਧਿਆਨ
ਰੋਜ਼ਾਨਾ ਕਰੋ ਸੈਰ
ਜੇਕਰ ਤੁਸੀਂ ਇਕ ਮਹੀਨੇ 'ਚ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ-ਸ਼ਾਮ ਇਕ-ਇਕ ਘੰਟਾ ਸੈਰ ਅਤੇ ਕਸਰਤ ਕਰੋ। ਜਿਹੜੇ ਲੋਕ ਦਿਨ ਦੀ ਸ਼ੁਰੂਆਤ ਸੈਰ ਨਾਲ ਕਰਦੇ ਹਨ, ਉਨ੍ਹਾਂ ਦਾ ਸਰੀਰ ਹਮੇਸ਼ਾ ਫਿੱਟ ਰਹਿੰਦਾ ਹੈ। ਖੁੱਲ੍ਹੀ ਥਾਂ ‘ਤੇ ਸੈਰ ਕਰਨ ਨਾਲ ਸਾਹ ਲੈਣ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ। ਇੱਕ ਦਿਨ ਵਿੱਚ 3 ਤੋਂ 4 ਕਿਲੋਮੀਟਰ ਪੈਦਲ ਚੱਲਣ ਨਾਲ 167 ਕੈਲੋਰੀ ਬਰਨ ਹੋ ਸਕਦੀ ਹੈ।
ਸਾਈਕਲ ਚਲਾਓ
ਆਪਣਾ ਭਾਰ ਘੱਟ ਕਰਨ ਲਈ ਬਾਈਕ-ਸਕੂਟਰੀ ਦੀ ਥਾਂ ਸਾਈਕਲ ਦਾ ਇਸਤੇਮਾਲ ਕਰੋ। ਸਾਈਕਲਿੰਗ ਭਾਰ ਘਟਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ। ਇਸ ਨਾਲ ਸਰੀਰ ਫਿੱਟ ਰਹਿੰਦਾ ਹੈ ਅਤੇ ਲੱਤਾਂ ਦੀ ਵੀ ਕਸਰਤ ਹੁੰਦੀ ਹੈ। ਰੋਜ਼ਾਨਾ ਸਵੇਰੇ-ਸ਼ਾਮ ਸਾਈਕਲ ਚਲਾਉਣ ਨਾਲ ਇਕ ਮਹੀਨੇ ਵਿਚ 2 ਤੋਂ 3 ਕਿਲੋ ਭਾਰ ਘੱਟ ਕੀਤਾ ਜਾ ਸਕਦਾ ਹੈ। ਭਾਰ ਘਟਾਉਣ ਲਈ ਰੋਜ਼ਾਨਾ 30 ਮਿੰਟ ਸਾਈਕਲਿੰਗ ਕਰਨੀ ਚਾਹੀਦੀ ਹੈ।
ਭਰਪੂਰ ਮਾਤਰਾ 'ਚ ਪਾਣੀ ਪੀਓ
ਜੇਕਰ ਤੁਸੀਂ ਆਪਣਾ ਭਾਰ ਜਲਦੀ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਭਰਪੂਰ ਮਾਤਰਾ 'ਚ ਪਾਣੀ ਪੀਓ। ਜ਼ਿਆਦਾ ਪਾਣੀ ਪੀਣ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤ ਆਸਾਨੀ ਨਾਲ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ। ਅਜਿਹਾ ਕਰਕੇ ਤੁਸੀਂ ਇੱਕ ਮਹੀਨੇ ਵਿੱਚ 3 ਕਿਲੋ ਤੱਕ ਭਾਰ ਘੱਟ ਕਰ ਸਕਦੇ ਹੋ। ਇਸ ਨਾਲ ਕਬਜ਼ ਦੀ ਸਮੱਸਿਆ ਵੀ ਨਹੀਂ ਹੁੰਦੀ।
ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ
ਤੇਜ਼ੀ ਨਾਲ ਭਾਰ ਘਟਾਉਣ ਲਈ ਲੋਕ ਆਪਣੀ ਡਾਈਟ ਵਿੱਚ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ। ਮਸੂਰ ਦੀ ਦਾਲ ਅਤੇ ਪੂੰਗਰੀ ਦਾਲ ਪ੍ਰੋਟੀਨ ਅਤੇ ਫਾਈਬਰ ਦਾ ਖਜ਼ਾਨਾ ਹੈ। ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ ਅਤੇ ਮੈਟਾਬੋਲਿਜ਼ਮ ਵਧਦਾ ਹੈ। ਬ੍ਰੋਕਲੀ ‘ਚ ਫਾਈਬਰ, ਪ੍ਰੋਟੀਨ, ਵਿਟਾਮਿਨ ਕੇ ਅਤੇ ਵਿਟਾਮਿਨ ਸੀ ਵਰਗੇ ਤੱਤ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਭਾਰ ਘਟਾਉਂਦੇ ਹਨ।
ਹਰੀਆਂ ਸਬਜ਼ੀਆਂ ਖਾਓ
ਜੇਕਰ ਤੁਸੀਂ ਕੈਲਰੀ ਦੀ ਮਾਤਰਾ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਖੁਰਾਕ ’ਚ ਫਾਈਬਰ ਦੀ ਮਾਤਰਾ ਵਧਾਓ। ਇਸ ਲਈ ਤੁਹਾਨੂੰ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਫਾਈਬਰ ਢਿੱਡ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਅਤੇ ਇਹ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ। ਖਾਣੇ ’ਚ ਸਲਾਦ ਜ਼ਰੂਰ ਖਾਓ। ਜੰਕ ਤੇ ਪ੍ਰੋਸੈਸਡ ਫੂਡ, ਕੋਲਡ ਡਰਿੰਕਸ, ਕੂਕੀਜ਼ ਤੇ ਮਿਠਾਈਆਂ ਦਾ ਸੇਵਨ ਕਦੇ ਨਾ ਕਰੋ।