ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ

Tuesday, Nov 12, 2024 - 04:22 PM (IST)

ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ

ਅਬੋਹਰ (ਸੁਨੀਲ) : ਉਪ-ਮੰਡਲ ਦੇ ਪਿੰਡ ਚੂਹੜੀਵਾਲਾ ਧੰਨਾ ਦੇ ਵਸਨੀਕ 40 ਸਾਲਾ ਵਿਅਕਤੀ ਨੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੇਰ ਸ਼ਾਮ ਉਸ ਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋਈ। ਥਾਣਾ ਖੂਈਖੇੜਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਪਿੰਡ ਝੁਮਿਆਂਵਾਲੀ ਵਾਸੀ ਕਰੀਬ 40 ਸਾਲਾ ਮ੍ਰਿਤਕ ਜਗਦੀਸ਼ ਪੁੱਤਰ ਮੰਗਲਰਾਮ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਗਦੀਸ਼ ਦੇ 2 ਪੁੱਤ ਅਤੇ ਇਕ ਧੀ ਹੈ।

ਉਹ ਦਿਹਾੜੀ-ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਪਿਛਲੇ ਕੁੱਝ ਦਿਨਾਂ ਤੋਂ ਉਹ ਬੀਮਾਰ ਰਹਿਣ ਲੱਗ ਪਿਆ ਸੀ ਅਤੇ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਬੀਤੀ ਸਵੇਰੇ ਉਹ ਡਾਕਟਰ ਤੋਂ ਦਵਾਈ ਲੈਣ ਲਈ ਘਰੋਂ ਨਿਕਲਿਆ ਸੀ ਪਰ ਘਰ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਪਿੰਡ ਚੂਹੜੀਵਾਲਾ ਕੋਠੀ ਨੇੜੇ ਨਹਿਰ ’ਚ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਜਿਸ ’ਤੇ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਬਿੱਟੂ ਨਰੂਲਾ ਅਤੇ ਮੋਨੂੰ ਗਰੋਵਰ ਆਦਿ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ। ਇਸ ਦੌਰਾਨ ਮੌਕੇ ’ਤੇ ਪੁੱਜੇ ਪਿੰਡ ਝੁਮਿਆਂਵਾਲੀ ਦੇ ਲੋਕਾਂ ਨੇ ਉਸ ਦੀ ਪਛਾਣ ਜਗਦੀਸ਼ ਵਜੋਂ ਕੀਤੀ।


author

Babita

Content Editor

Related News