ਮੋਟਰਸਾਈਕਲ ਸਵਾਰ 2 ਨੌਜਵਾਨਾਂ ਦਾ ਫੌਜ ਦੀ ਗੱਡੀ ਨਾਲ ਹਾਦਸਾ; 1 ਦੀ ਮੌਤ
Wednesday, Nov 20, 2024 - 05:20 AM (IST)

ਫਿਰੋਜ਼ਪੁਰ (ਕੁਮਾਰ) – ਫਿਰੋਜ਼ਪੁਰ ਦੇ ਪਿੰਡ ਟੇਂਡੀ ਵਾਲਾ ਵਿਖੇ ਮੋਟਰਸਾਈਕਲ ’ਤੇ ਆਪਣੇ ਘਰ ਪਰਤ ਰਹੇ ਦੋ ਨੌਜਵਾਨਾਂ ਦਾ ਫੌਜ ਦੀ ਗੱਡੀ ਨਾਲ ਹਾਦਸਾ ਹੋ ਗਿਆ, ਜਿਸ ’ਚ ਮੋਟਰਸਾਈਕਲ ਸਵਾਰ ਛਿੰਦਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਿਰੋਜ਼ਪੁਰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ।
ਦੱਸਿਆ ਜਾਂਦਾ ਹੈ ਕਿ ਫੌਜ ਦੀ ਗੱਡੀ ਦੀ ਇਕ ਫਰੰਟ ਲਾਈਟ ਬੰਦ ਸੀ ਅਤੇ ਜਿਵੇਂ ਹੀ ਮੋਟਰਸਾਈਕਲ ਸਵਾਰ ਨੌਜਵਾਨ ਗੱਡੀ ਦੇ ਨੇੜੇ ਪਹੁੰਚੇ ਤਾਂ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ ਅਤੇ ਇਸ ਹਾਦਸੇ ’ਚ ਛਿੰਦਾ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦੇ ਦੂਜੇ ਸਾਥੀ ਕਰਨਦੀਪ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।