ਕੀ ਤੁਸੀਂ ਵੀ ਖਾਣਾ ਖਾਣ ਦੇ ਤੁਰੰਤ ਬਾਅਦ ਪੀ ਲੈਂਦੇ ਹੋ ਪਾਣੀ? ਸਰੀਰ ਨੂੰ ਹੋ ਸਕਦਾ ਨੁਕਸਾਨ
Wednesday, Oct 15, 2025 - 03:47 PM (IST)

ਹੈਲਥ ਡੈਸਕ- ਕਈ ਲੋਕ ਖਾਣਾ ਖਾਂਦੇ ਸਮੇਂ ਇਕ-ਦੋ ਨਿਵਾਲੇ ਖਾਣ ਤੋਂ ਬਾਅਦ ਪਾਣੀ ਪੀਣ ਲੱਗਦੇ ਹਨ। ਪਰ ਡਾਕਟਰਾਂ ਅਨੁਸਾਰ, ਖਾਣੇ ਦੇ ਦੌਰਾਨ ਜਾਂ ਤੁਰੰਤ ਬਾਅਦ ਪਾਣੀ ਪੀਣਾ ਸਿਹਤ ਲਈ ਠੀਕ ਨਹੀਂ ਹੈ। ਖਾਣੇ ਦੇ ਬਾਅਦ ਤੁਰੰਤ ਪਾਣੀ ਪੀਣ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ।
ਖਾਣੇ ਤੋਂ ਬਾਅਦ ਤੁਰੰਤ ਪਾਣੀ ਪੀਣ ਦੇ ਨੁਕਸਾਨ:
ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ 'ਚ ਪਾਚਨ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਇਸ ਕਾਰਨ ਅਕਸਰ ਅਪਚ, ਗੈਸ, ਐਸੀਡਿਟੀ ਅਤੇ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ। ਪਾਣੀ ਪੇਟ 'ਚ ਬਣਦੇ ਪਚਕ ਐਂਜ਼ਾਈਮ ਨੂੰ ਪਤਲਾ ਕਰ ਦਿੰਦਾ ਹੈ, ਜਿਸ ਨਾਲ ਭੋਜਨ ਸਹੀ ਤਰ੍ਹਾਂ ਹਜ਼ਮ ਨਹੀਂ ਹੁੰਦਾ। ਇਸ ਨਾਲ ਪ੍ਰੋਟੀਨ ਮੈਟਾਬੋਲਿਜ਼ਮ, ਫੈਟ ਅਤੇ ਕਾਰਬੋਹਾਈਡਰੇਟ ਦੇ ਪਚਣ ਦੀ ਰਫ਼ਤਾਰ ਪ੍ਰਭਾਵਿਤ ਹੋ ਸਕਦੀ ਹੈ।
ਸਹੀ ਸਮਾਂ ਕਦੋਂ ਪਾਣੀ ਪੀਣਾ ਚਾਹੀਦਾ ਹੈ?
ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਪਾਣੀ ਪੀਣ ਦਾ ਤਰੀਕਾ ਬਦਲੋ। ਖਾਣੇ ਤੋਂ ਘੱਟੋ-ਘੱਟ 30-60 ਮਿੰਟ ਪਹਿਲਾਂ ਜਾਂ ਬਾਅਦ ਪਾਣੀ ਪੀਣਾ ਚਾਹੀਦਾ ਹੈ। ਖਾਣੇ ਤੋਂ 30 ਮਿੰਟ ਬਾਅਦ ਪਾਣੀ ਪੀਣ ਨਾਲ ਪਚਨ ਪ੍ਰਕਿਰਿਆ ਬਿਹਤਰ ਬਣੀ ਰਹਿੰਦੀ ਹੈ। ਇਹ ਤਰੀਕਾ ਫੂਡ ਪਾਈਪ, ਪੇਟ ਅਤੇ ਅੰਤੜੀਆਂ ਦੇ ਕੰਮਕਾਜ ਨੂੰ ਪ੍ਰਭਾਵਿਤ ਨਹੀਂ ਕਰਦਾ।
ਇਸ ਤਰ੍ਹਾਂ ਪਾਣੀ ਪੀਣ ਨਾਲ ਭੋਜਨ ਨੂੰ ਤੋੜਨ ਅਤੇ ਸਰੀਰ ਨੂੰ ਪੌਸ਼ਕ ਤੱਤਾਂ ਨੂੰ ਚੰਗੀ ਤਰ੍ਹਾਂ ਸੋਖਣ ਕਰਨ 'ਚ ਮਦਦ ਮਿਲਦੀ ਹੈ। ਨਾਲ ਹੀ ਪਾਣੀ ਮਲ ਨੂੰ ਵੀ ਨਰਮ ਬਣਾਉਂਦਾ ਹੈ, ਜਿਸ ਨਾਲ ਕਬਜ਼ ਰੋਕਣ 'ਚ ਮਦਦ ਮਿਲਦੀ ਹੈ। ਇਸ ਲਈ, ਖਾਣੇ ਤੋਂ 30 ਮਿੰਟ ਬਾਅਦ ਪਾਣੀ ਪੀਣਾ ਸਹੀ ਅਤੇ ਜ਼ਰੂਰੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।