2019 ਦਾ ਸਭ ਤੋਂ ਖਤਰਨਾਕ ਆਨਲਾਈਨ ਬੈਂਕਿੰਗ ਸਕੈਮ, ਤੁਸੀਂ ਵੀ ਰਹੋ ਸਾਵਧਾਨ

12/17/2019 11:27:47 AM

ਗੈਜੇਟ ਡੈਸਕ– ਸਾਲ 2019 ’ਚ ਆਨਲਾਈਨ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਆਨਲਾਈਨ ਫਰਾਡ ਕਰਨ ਵਾਲਿਆਂ ਨੇ ਇਸ ਸਾਲ ਇਕ ਖਾਸ ਤਰੀਕੇ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ ਲੋਕਾਂ ਨੇ ਇਸ ਵਾਰ ਕਿਸੇ ਵੀ ਤਰ੍ਹਾਂ ਦੇ ਮਾਲਵੇਅਰ ਜਾਂ ਰੈਨਸਮਵੇਅਰ ਦਾ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਨੇ ਲੋਕਾਂ ’ਚ ਡਿਜੀਟਲ ਦੁਨੀਆ ਦੀ ਘੱਟ ਜਾਣਕਾਰੀ ਹੋਣ ਅਤੇ ਫਰਜ਼ੀ ਕਸਟਮਰ ਕੇਅਰ ਬਣਨ ਦੇ ਤਰੀਕੇ ਨੂੰ ਆਪਣਾ ਹਥਿਆਰ ਬਣਾਇਆ ਹੈ। ਯੂ.ਪੀ.ਆਈ. ਅਤੇ ਪੇਟੀਐੱਮ ਈ-ਕੇ.ਵਾਈ.ਸੀ. ਨਾਲ ਜੁੜੇ ਜ਼ਿਆਦਾਤਰ ਸਕੈਮ ਦੇ ਮਾਮਲਿਆਂ ’ਚ ਲੋਕਾਂ ਨੂੰ AnyDesk ਅਤੇ TeamViewer work ਵਰਗੀਆਂ ਰਿਮੋਟ ਡੈਸਕਟਾਪ ਐਪ ਰਾਹੀਂ ਸ਼ਿਕਾਰ ਬਣਾਇਆ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਲੋਕ ਇਨ੍ਹਾਂ ਐਪਸ ਦੇ ਇਸਤੇਮਾਲ ਬਾਰੇ ਨਹੀਂ ਜਾਣਦੇ ਸਨ। 

ਕੀ ਹੈ AnyDesk ਅਤੇ TeamViewer ਐਪ
ਦੱਸ ਦੇਈਏ ਕਿ ਇਹ ਦੋਵੇਂ ਐਪ ਕਿਸੇ ਵੀ ਤਰ੍ਹਾਂ ਦਾ ਮਾਲਵੇਅਰ ਨਹੀਂ ਹਨ। ਇਨ੍ਹਾਂ ਦਾ ਇਸਤੇਮਾਲ ਪੂਰੀ ਤਰ੍ਹਾਂ ਯੋਗ ਹੈ। ਇਹ ਇਕ ਰਿਮੋਟ ਡਿਵਾਈਸ ਕੰਟਰੋਲ ਐਪ ਹਨ ਜਿਨ੍ਹਾਂ ਰਾਹੀਂ ਤੁਸੀਂ ਕਿਸੇ ਰਿਮੋਟ ਡਿਵਾਈਸ ਨੂੰ ਦੂਰ ਬੈਠ ਕੇ ਹੀ ਕੰਟਰੋਲ ਕਰ ਸਕਦੇ ਹੋ। ਵੱਡੀ ਗੱਲ ਹੈ ਕਿ ਇਸ ਐਪ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਅਤੇ ਆਪਣੇ ਮੋਬਾਇਲ ਸਕਰੀਨ ਦਾ ਐਕਸੈਸ ਧੋਖੇਬਾਜ਼ਾਂ ਦੇ ਹੱਥ ’ਚ ਦੇ ਬੈਠਦੇ ਹਨ। 

ਜਾਣੋ ਕਿਸ ਤਰ੍ਹਾਂ ਕੰਮ ਕਰਦਾ ਹੈ ਧੋਖਾਧੜੀ ਦਾ ਇਹ ਤਰੀਕਾ
ਧੋਖਾਧੜੀ ਕਰਨ ਵਾਲੇ ਲੋਕ ਗਾਹਕ ਨੂੰ ਬੈਂਕ ਦਾ ਕਸਟਮ ਸਰਵਿਸ ਆਫੀਸਰ ਜਾਂ ਪੇਟੀਐੱਮ ਕੇ.ਵਾਈ.ਸੀ. ਐਗਜ਼ੀਕਿਊਟਿਵ ਬਣ ਕੇ ਕਾਲ ਕਰਦੇ ਹਨ। ਸ਼ੱਕ ਨਾ ਹੋਵੇ, ਇਸ ਲਈ ਵਿਅਕਤੀ ਤੋਂ ਉਸ ਦਾ ਨਾਂ, ਪਤਾ, ਮੋਬਾਇਲ ਨੰਬਰ ਅਤੇ ਜਨਮ ਤਰੀਕ ਦੀ ਪੁੱਸ਼ਟੀ ਕਰਾਈ ਜਾਂਦਾ ਹੈ। ਡਰਾਉਣ ਲਈ ਉਹ ਗਾਹਕ ਨੂੰ ਕਹਿੰਦੇ ਹਨ ਕਿ ਤੁਹਾਡਾ ਬੈਂਕ ਖਾਤਾ ਬੰਦ ਹੋ ਜਾਵੇਗਾ ਜਾਂ ਫਿਰ ਪੇਟੀਐੱਮ ਕੰਮ ਕਰਨਾ ਬੰਦ ਕਰ ਦੇਵੇਗਾ। ਉਹ ਗਾਹਕ ਨੂੰ ਗੱਲਾਂ ’ਚ ਉਲਝਾਉਂਦੇ ਹਨ ਅਤੇ ਕਿਸੇ ਤਰ੍ਹਾਂ AnyDesk ਅਤੇ TeamViewer ਐਪ ਡਾਊਨਲੋਡ ਕਰਨ ਲਈ ਰਾਜ਼ੀ ਕਰ ਲੈਂਦੇ ਹਨ। 

ਐਪ ਡਾਊਨਲੋਡ ਕਰਨ ਤੋਂ ਬਾਅਦ ਕੀ ਹੁੰਦਾ ਹੈ
ਜਦੋਂ ਤੁਸੀਂ ਇਸ ਐਪ ਨੂੰ ਫੋਨ ’ਚ ਡਾਊਨਲੋਡ ਕਰ ਲੈਂਦੇ ਹੋ ਤਾਂ ਇਹ ਪ੍ਰਾਈਵੇਸੀ ਪਰਮਿਸ਼ਨ ਮੰਗਦਾ ਹੈ। ਜਦੋਂ ਤੁਸੀਂ ਸਾਰੀਆਂ ਪਰਮਿਸ਼ਨ ਦੇ ਦਿੰਦੇ ਹੋ ਤਾਂ ਇਹ ਐਪ ਇਕ ਕੋਡ ਜਨਰੇਟ ਕਰਦਾ ਹੈ, ਜਿਸ ਰਾਹੀਂ ਕੋਈ ਦੂਰ ਬੈਠ ਕੇ ਵੀ ਤੁਹਾਡੀ ਮੋਬਾਇਲ ਸਕਰੀਨ ਨੂੰ ਦੇਖ ਸਕਦਾ ਹੈ ਜਾਲਸਾਜ਼ ਤੁਹਾਡੇ ਕੋਲੋਂ 9 ਡਿਜਿਟ ਦਾ ਕੋਡ ਪੁੱਛਦੇ ਹਨ ਅਤੇ ਤੁਹਾਡੀ ਜਾਣਕਾਰੀ ਦੇ ਬਿਨਾਂ ਹੀ ਤੁਹਾਡੇ ਫੋਨ ਦੀ ਸਕਰੀਨ ਦੇਖਣ ਦਾ ਐਕਸੈਸ ਉਨ੍ਹਾਂ ਨੂੰ ਮਿਲ ਜਾਂਦਾ ਹੈ। ਤੁਸੀਂ ਕਾਲ ਰੱਖ ਦਿੰਦੇ ਹੋ ਅਤੇ ਤੁਸੀਂ ਫੋਨ ’ਚ ਜੋ ਕੁਝ ਕਰਦੇ ਹੋ ਉਸ ਨੂੰ ਜਾਲਸਾਜ਼ ਦੇਖ ਰਹੇ ਹੁੰਦੇ ਹਨ। ਅਸਲੀ ਖੇਡ ਉਦੋਂ ਹੁੰਦੀ ਹੈ ਜਦੋਂ ਤੁਸੀਂ ਫੋਨ ’ਚ ਕਿਸੇ ਬੈਂਕਿੰ ਜਾਂ ਯੂ.ਪੀ.ਆਈ. ਐਪ ਦਾ ਇਸਤੇਮਾਲ ਕਰਦੇ ਹੋ ਅਤੇ ਜਾਲਸਾਜ਼ ਤੁਹਾਡੀ ਲਾਗ-ਇਨ ਨਾਲ ਜੁੜੀ ਡੀਟੇਲ ਦੇਖ ਲੈਂਦੇ ਹਨ। ਉਹ ਤੁਹਾਡੀ ਡੀਟੇਲ ਦਾ ਇਸਤੇਮਾਲ ਕਰ ਕੇ ਲਾਗ-ਇਨ ਕਰਦੇ ਹਨ, ਮੋਬਾਇਲ ’ਤੇ ਆਏ ਓ.ਟੀ.ਪੀ. ਨੂੰ ਵੀ ਦੇਖ ਲੈਂਦੇ ਹਨ। ਇਸ ਤਰ੍ਹਾਂ ਤੁਹਾਡੇ ਬੈਂਕ ਖਾਤੇ ’ਚ ਮੌਜੂਦ ਰਕਮ ਦਾ ਸਫਾਇਆ ਹੋ ਜਾਂਦਾ ਹੈ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ।


Related News