ਈਰਾਸਮਸ ਨੇ 2019 ਵਿਸ਼ਵ ਕੱਪ ਫਾਈਨਲ ’ਚ ‘ਵੱਡੀ ਗਲਤੀ’ ਕਰਨ ਦੀ ਗੱਲ ਮੰਨੀ

04/02/2024 7:32:36 PM

ਲੰਡਨ, (ਭਾਸ਼ਾ)– ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੇ ਅੰਪਾਇਰਾਂ ਦੇ ਏਲੀਟ ਪੈਨਲ ਤੋਂ ਹਾਲ ਹੀ ’ਚ ਸੰਨਿਆਸ ਲੈਣ ਵਾਲੇ ਮਾਰਾਈਸ ਈਰਾਸਮਸ ਨੇ 2019 ਵਨ ਡੇ ਵਿਸ਼ਵ ਕੱਪ ਫਾਈਨਲ ’ਚ ‘ਵੱਡੀ ਗਲਤੀ’ ਕਰਨ ਦੀ ਗੱਲ ਮੰਨੀ ਹੈ। ਇੰਗਲੈਂਡ ਨੇ ਵੱਕਾਰੀ ਲਾਰਡਜ਼ ਮੈਦਾਨ ’ਚ ਵਿਵਾਦਗ੍ਰਸਤ ਢੰਗ ਨਾਲ ਫਾਈਨਲ ਜਿੱਤਿਆ ਸੀ। ਸੁਪਰ ਓਵਰ ਤੋਂ ਬਾਅਦ ਵੀ ਮੁਕਾਬਲਾ ਟਾਈ ਰਹਿਣ ਤੋਂ ਬਾਅਦ ਇੰਗਲੈਂਡ ਨੇ ਹੁਣ ਰੱਦ ਕਰ ਦਿੱਤੇ ਗਏ ਬਾਊਂਡਰੀ ਗਿਣਨ ਦੇ ਨਿਯਮ ਦੇ ਆਧਾਰ ’ਤੇ ਨਿਊਜ਼ੀਲੈਂਡ ਨੂੰ ਹਰਾ ਕੇ ਆਪਣਾ ਪਹਿਲਾ ਇਕ ਦਿਨਾ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਹਾਲਾਂਕਿ ਜੇ ਮੈਦਾਨੀ ਅੰਪਾਇਰ ਈਰਾਸਮਸ ਅਤੇ ਕੁਮਾਰ ਧਰਮਸੇਨਾ ਇੰਗਲੈਂਡ ਨੂੰ 50ਵੇਂ ਓਵਰ ’ਚ ਓਵਰ ਥ੍ਰੋ ਲਈ 6 ਦੌੜਾਂ ਨਾ ਦਿੰਦੇ ਤਾਂ ਖੇਡ ਤੈਅ ਸਮੇਂ ’ਚ ਖਤਮ ਹੋ ਸਕਦਾ ਸੀ। ਉਸ ਸਮੇਂ ਮੇਜ਼ਬਾਨ ਟੀਮ ਨੂੰ 3 ਗੇਂਦਾਂ ’ਤੇ 9 ਦੌੜਾਂ ਚਾਹੀਦੀਆਂ ਸਨ। ਬਾਅਦ ’ਚ ਇਹ ਮਹਿਸੂਸ ਕੀਤਾ ਗਿਆ ਕਿ ਇੰਗਲੈਂਡ ਨੂੰ ਸਿਰਫ 5 ਦੌੜਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ ਕਿਉਂਕਿ ਓਵਰ ਥ੍ਰੋ ਹੋਣ ਤੱਕ ਬੱਲੇਬਾਜ਼ਾਂ ਨੇ ਦੂਜੀ ਦੌੜ ਲੈਂਦੇ ਹੋਏ ਇਕ-ਦੂਜੇ ਨੂੰ ਪਾਰ ਨਹੀਂ ਕੀਤਾ ਸੀ।

ਈਰਾਸਮਸ ਨੇ ਕਿਹਾ,‘ਅਗਲੀ ਸਵੇਰ (ਫਾਈਨਲ ਤੋਂ ਬਾਅਦ) ਮੈਂ ਨਾਸ਼ਤਾ ਕਰਨ ਲਈ ਜਾਂਦੇ ਹੋਏ ਆਪਣੇ ਹੋਟਲ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਕੁਮਾਰ ਨੇ ਵੀ ਉਸੇ ਸਮੇਂ ਆਪਣਾ ਦਰਵਾਜ਼ਾ ਖੋਲ੍ਹਿਆ ਅਤੇ ਉਨ੍ਹਾਂ ਕਿਹਾ,‘ਕੀ ਤੁਸੀਂ ਦੇਖਿਆ ਕਿ ਅਸੀਂ ਇਕ ਵੱਡੀ ਗਲਤੀ ਕੀਤੀ ਹੈ? ਉਦੋਂ ਮੈਨੂੰ ਇਸ ਬਾਰੇ ਪਤਾ ਲੱਗਾ।’ ਈਰਾਸਮਸ ਨੇ 127 ਟੈਸਟ, 192 ਵਨ ਡੇ ਅਤੇ 61 ਟੀ-20 ਮੈਚਾਂ ’ਚ ਮੈਦਾਨੀ ਅੰਪਾਇਰ ਦੀ ਭੂਮਿਕਾ ਨਿਭਾਈ ਹੈ। ਇਸ 60 ਸਾਲਾ ਅੰਪਾਇਰ ਨੇ 5 ਸਾਲ ਪਹਿਲਾਂ ਖੇਡੇ ਗਏ ਫਾਈਨਲ ’ਚ ਇਕ ਹੋਰ ਗਲਤੀ ਮੰਨੀ, ਜਦ ਉਨ੍ਹਾਂ ਨੇ ਮਾਰਕ ਵੁੱਡ ਦੀ ਗੇਂਦ ’ਤੇ ਰੋਸ ਟੇਲਰ ਨੂੰ ਐੱਲ.ਬੀ. ਡਬਲਯੂ. ਆਊਟ ਕਰਾਰ ਦਿੱਤਾ ਸੀ। ਦੱਖਣੀ ਅਫਰੀਕਾ ਦੇ ਇਸ ਸਾਬਕਾ ਅੰਪਾਇਰ ਨੇ ਕਿਹਾ ਕਿ ਗੇਂਦ ਕਾਫੀ ਉੱਪਰ ਲੱਗੀ ਸੀ ਪਰ ਉਹ ਆਪਣਾ ਰਿਵਿਊ ਖਤਮ ਕਰ ਚੁੱਕੇ ਸਨ। ਪੂਰੇ 7 ਹਫਤਿਆਂ ’ਚ ਇਹ ਮੇਰੀ ਇਕਲੌਤੀ ਗਲਤੀ ਸੀ। ਆਪਣੇ ਲੰਬੇ ਅੰਪਾਇਰਿੰਗ ਕਰੀਅਰ ਦੌਰਾਨ ਨਿਊਜ਼ੀਲੈਂਡ ਨੇ ਈਰਾਸਮਸ ’ਤੇ ਸਭ ਤੋਂ ਘੱਟ ਦਬਾਅ ਪਾਇਆ ਜਦਕਿ ਰਿਕੀ ਪੋਂਟਿੰਗ ਅਤੇ ਮਹੇਲਾ ਜੈਵਰਧਨੇ ਵਰਗੇ ਖਿਡਾਰੀਆਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ।


Tarsem Singh

Content Editor

Related News