ਸਾਵਧਾਨ! ਤਣਾਅ ਕਾਰਨ 4 ਗੁਣਾ ਤੇਜ਼ੀ ਨਾਲ ਵਧ ਸਕਦੈ ਕੈਂਸਰ
Monday, Apr 01, 2024 - 10:42 AM (IST)
ਵਾਸ਼ਿੰਗਟਨ (ਇੰਟ.)– ਇਕ ਅਹਿਮ ਖੋਜ ਵਿਚ ਸਾਹਮਣੇ ਆਇਆ ਹੈ ਕਿ ਤਣਾਅ ਸਰੀਰ ਵਿਚ ਕੈਂਸਰ ਨੂੰ 4 ਗੁਣਾ ਤੇਜ਼ੀ ਨਾਲ ਵਧਾਉਣ ਵਾਲੇ ਹਾਰਮੋਨ ਪੈਦਾ ਕਰਦਾ ਹੈ। ਇਹ ਇਸ ਗੱਲ ’ਤੇ ਚਾਨਣਾ ਪਾਉਂਦਾ ਹੈ ਕਿ ਗੰਭੀਰ ਤਣਾਅ ਵਾਲੇ ਮਰੀਜ਼ਾਂ ਵਿਚ ਅਕਸਰ ਬਚਣ ਦੀ ਦਰ ਘੱਟ ਕਿਉਂ ਹੁੰਦੀ ਹੈ। ‘ਕੋਲਡ ਸਪਰਿੰਗ ਹਾਰਬਰ ਲੈਬਾਰਟਰੀ’ (ਸੀ. ਐੱਸ. ਐੱਚ. ਐੱਲ.) ਦੇ ਵਿਗਿਆਨੀਆਂ ਦੀ ਟੀਮ ਨੇ ਪਾਇਆ ਕਿ ‘ਗਲੂਕੋਕਾਰਟੋਈਕੋਡਸ’ ਇਕ ਕਿਸਮ ਦਾ ਤਣਾਅ ਵਾਲਾ ਹਾਰਮੋਨ ਹੈ, ਜੋ ‘ਮੈਟਾਸਟੈਸਿਸ’ (ਕੈਂਸਰ ਸੈੱਲਾਂ ਦੇ ਫੈਲਣ) ਲਈ ਅਨੁਕੂਲ ਵਾਤਾਵਰਣ ਬਣਾਉਣ ਵਿਚ ਭੂਮਿਕਾ ਨਿਭਾਉਂਦਾ ਹੈ। ਐਗੇਬਲਾਡ ਲੈਬ ਵਿਚ ਹੋਏ ਅਧਿਐਨ ’ਚ ਦੱਸਿਆ ਗਿਆ ਹੈ ਕਿ ਟਿਊਮਰ ਅਤੇ ਇਮਿਊਨ ਸਿਸਟਮ ਵਿਚਕਾਰ ਸੰਚਾਰ ਚੂਹਿਆਂ ਵਿਚ ਟਿਊਮਰ ਦੇ ਵਿਕਾਸ ਅਤੇ ਮੈਟਾਸਟੈਸਿਸ ਨੂੰ ਪ੍ਰਭਾਵਿਤ ਕਰਦਾ ਹੈ। ਖੋਜਕਰਤਾਵਾਂ ਨੇ ਇਸ ਸਬੰਧ ਦਾ ਪਤਾ ਉਦੋਂ ਲਗਾਇਆ, ਜਦੋਂ ਉਨ੍ਹਾਂ ਨੇ ਦੇਖਿਆ ਕਿ ਜਦੋਂ ਚੂਹਿਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਇਆ ਗਿਆ, ਤਾਂ ਉਹ ਤਣਾਅ ਵਿਚ ਆ ਗਏ ਅਤੇ ਉਨ੍ਹਾਂ ’ਚ ਟਿਊਮਰ ਤੇਜ਼ੀ ਨਾਲ ਵਧਣ ਲੱਗਿਆ।
ਇਹ ਵੀ ਪੜ੍ਹੋ: ਪੈਟਰੋਲ ਦੀ ਕੀਮਤ 'ਚ 9.66 ਰੁਪਏ ਪ੍ਰਤੀ ਲੀਟਰ ਦਾ ਹੋਇਆ ਵਾਧਾ, ਨਵੀਆਂ ਕੀਮਤਾਂ ਅੱਜ ਤੋਂ ਲਾਗੂ
‘ਕੈਂਸਰ ਸੈੱਲ’ ਮੈਗਜ਼ੀਨ ਵਿਚ ਛਪੇ ਅਧਿਐਨ ਅਨੁਸਾਰ ਤਣਾਅ ਤੋਂ ਬਚੇ ਚੂਹਿਆਂ ਦੀ ਤੁਲਨਾ ’ਚ ਤਣਾਅਗ੍ਰਸਤ ਚੂਹਿਆਂ ’ਚ ਛਾਤੀ ਦੇ ਟਿਊਮਰ ਦਾ ਆਕਾਰ ਲਗਭਗ ਦੁੱਗਣਾ ਹੋ ਗਿਆ ਅਤੇ ਫੇਫੜਿਆਂ ਵਿਚ ਮੈਟਾਸਟੈਸਿਸ ਦੀ ਦਰ 2 ਤੋਂ 4 ਗੁਣਾ ਵਧ ਗਈ। ਖੋਜਕਰਤਾਵਾਂ ਨੇ ਪਾਇਆ ਕਿ ਗੰਭੀਰ ਤਣਾਅ ਨਿਊਟ੍ਰੋਫਿਲ, ਇਕ ਕਿਸਮ ਦੇ ਚਿੱਟੇ ਰਕਤਾਣੂਆਂ, ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਟਿਸ਼ੂਆਂ ਵਿਚ ਨਿਊਟ੍ਰੋਫਿਲ ਸਰਗਰਮੀ ਵਧਦੀ ਹੈ, ਜਿੱਥੇ ਕੈਂਸਰ ਸੈੱਲ ਜਾਂਦੇ ਹਨ। ਨਿਊਟ੍ਰੋਫਿਲ ਦੀ ਕਮੀ ਤਣਾਅ ਤੋਂ ਪ੍ਰਭਾਵਿਤ ਮੈਟਾਸਟੈਸਿਸ ਨੂੰ ਰੋਕਦੀ ਹੈ। ਕੈਂਸਰ ਖੋਜਕਰਤਾ ਅਤੇ ਅਧਿਐਨ ਦੀ ਸੀਨੀਅਰ ਲੇਖਕਾ ਮਿਕਾਲਾ ਐਗੇਬਲਾਡ ਨੇ ਕਿਹਾ ਕਿ ਸ਼ਾਇਦ ਬਹੁਤ ਘੱਟ ਸਥਿਤੀਆਂ ਹਨ, ਜੋ ਕੈਂਸਰ ਦਾ ਪਤਾ ਲਗਾਉਣ ਅਤੇ ਇਲਾਜ ਕਰਵਾਉਣ ਜਿੰਨੀਆਂ ਤਣਾਅਪੂਰਨ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਤਣਾਅ ਤੇ ਕੈਂਸਰ ਦੇ ਸਬੰਧ ਨੂੰ ਸਮਝ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਤਣਾਅ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਨਵੇਂ ਤਰੀਕੇ ਲੱਭੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਮੋਹਲੇਧਾਰ ਮੀਂਹ ਅਤੇ ਗੜ੍ਹੇਮਾਰੀ ਕਾਰਨ 8 ਬਚਿਆਂ ਸਣੇ 10 ਲੋਕਾਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।