ਕੀ ਤੁਸੀਂ ਵੀ ਰੱਖੇ ਹਨ ਘਰ 'ਚ ਨੌਕਰ, ਤਾਂ ਹੋ ਜਾਓ ਸਾਵਧਾਨ, ਇਸ ਬਜ਼ੁਰਗ ਜੋੜੇ ਨਾਲ ਹੋ ਗਈ ਹੈ ਲੱਖਾਂ ਦੀ ਠੱਗੀ
Thursday, Apr 11, 2024 - 11:37 PM (IST)

ਗੁਰਾਇਆ (ਮੁਨੀਸ਼) - ਜੇਕਰ ਤੁਸੀਂ ਵੀ ਘਰ ’ਚ ਰੱਖੇ ਹਨ ਨੌਕਰ ਤੇ ਕਰਦੇ ਹੋ ਅੱਖਾਂ ਬੰਦ ਕਰ ਕੇ ਉਸ ’ਤੇ ਯਕੀਨ ਤਾਂ ਦੇਖ ਲਓ ਇਹ ਖਬਰ ਕਿਤੇ ਤੁਸੀਂ ਵੀ ਨਾ ਹੋ ਜਾਇਓ ਠੱਗੀ ਦਾ ਸ਼ਿਕਾਰ! ਬਜ਼ੁਰਗ ਜੋੜੇ ਨੂੰ ਘਰ ’ਚ ਰੱਖੀ ਨੌਕਰਾਣੀ ਵੱਲੋਂ ਹੀ ਲੱਖਾਂ ਦਾ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਮਾਮਲਾ ਪਿੰਡ ਮਹਿਸਮਪੁਰ ਦਾ ਹੈ, ਜਿੱਥੇ ਇਕ ਘਰੇਲੂ ਨੌਕਰਾਣੀ ਨੇ ਮਾਲਕ ਦੇ ਬੈਂਕ ਖਾਤੇ ’ਚੋਂ 2 ਲੱਖ ਤੋਂ ਵਧੇਰੇ ਰੁਪਏ ਕਢਵਾ ਕੇ ਉਨ੍ਹਾਂ ਦਾ ਬੈਂਕ ਖਾਤਾ ਖਾਲੀ ਕਰ ਦਿੱਤਾ।
ਇਸ ਬਾਰੇ ਬਜ਼ੁਰਗ ਸੁਖਵੀਰ ਸਿੰਘ ਪੁੱਤਰ ਪਾਖਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਪਿੰਡ ਮਹਿਸਮਪੁਰ ਵਿਖੇ ਰਹਿੰਦੇ ਹਨ ਤੇ ਉਨ੍ਹਾਂ ਨੇ ਪਿੰਡ ਬਕਾਪੁਰ ਦੀ ਅਮਨਦੀਪ ਕੌਰ ਪਤਨੀ ਰਾਜੂ ਨੂੰ ਘਰੇਲੂ ਕੰਮ-ਕਾਰ ਲਈ ਆਪਣੇ ਘਰ ਰੱਖਿਆ ਹੋਇਆ ਸੀ, ਜਿਸ ਨੇ ਉਨ੍ਹਾਂ ਦੇ ਪੇਟੀਐੱਮ ਰਾਹੀਂ ਉਨ੍ਹਾਂ ਦੇ ਬੈਂਕ ਖਾਤੇ ’ਚੋਂ 2 ਲੱਖ 3 ਹਜ਼ਾਰ 820 ਰੁਪਏ ਸਤੰਬਰ 2023 ਤੋਂ ਨਵੰਬਰ 2023 ਦਰਮਿਆਨ ਵੱਖ-ਵੱਖ ਤਰੀਕਾਂ ਨੂੰ ਕਢਵਾ ਲਏ। ਅਨਪੜ੍ਹ ਹੋਣ ਕਾਰਨ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਾ, ਜਦੋਂ ਉਹ ਬੈਂਕ ਗਏ ਤਾਂ ਪਤਾ ਲੱਗਿਆ ਕਿ ਉਨ੍ਹਾਂ ਦਾ ਖਾਤਾ ਪੂਰੀ ਤਰਾਂ ਨਾਲ ਖਾਲੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 16 ਮੰਜ਼ਿਲਾ ਇਮਾਰਤ ਤੋਂ ਬੀਬੀਏ ਦੀ ਵਿਦਿਆਰਥਣ ਨੇ ਛਾਲ ਮਾਰ ਕੀਤੀ ਖੁਦਕੁਸ਼ੀ
ਬੈਂਕ ਕਾਪੀ ’ਚ ਜਦ ਐਂਟਰੀਆਂ ਪੁਆਈਆਂ ਗਈਆਂ ਤਾਂ ਇਹ ਰਕਮਾਂ ਅਮਨਦੀਪ ਕੌਰ ਵੱਲੋਂ ਕਢਵਾਈਆਂ ਗਈਆਂ ਪਾਈਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ’ਚੋਂ ਵੀ 50 ਹਜ਼ਾਰ ਦੀ ਨਕਦੀ ਗਾਇਬ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਥਾਣਾ ਬਿਲਗਾ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਇਸ ਬਾਰੇ ਜਦੋਂ ਉਕਤ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਰੁਪਏ ਉਸ ਨੇ ਹੀ ਕਢਵਾਏ ਹਨ, ਜਿਸ ਨਾਲ ਉਸ ਨੇ ਆਪਣਾ ਕਰਜ਼ਾ ਉਤਾਰਿਆ ਹੈ ਤੇ ਬਾਕੀ ਆਪਣੇ ਪਰਿਵਾਰ ਨੂੰ ਦਿੱਤਾ ਹੈ। ਜਾਣਕਾਰੀ ਮੁਤਾਬਕ ਹੁਣ ਬਜ਼ੁਰਗ ਸੁਖਵੀਰ ਸਿੰਘ ਵੱਲੋਂ ਇਸ ਬਾਬਤ ਡੀ. ਐੱਸ. ਪੀ. ਫਿਲੌਰ ਨੂੰ ਵੀ ਦਰਖਾਸਤ ਦਿੱਤੀ ਗਈ ਹੈ।
ਸੋ ਇਹ ਖ਼ਬਰ ਨਸੀਹਤ ਦਿੰਦੀ ਹੈ ਕਿ ਆਪਣੇ ਘਰਾਂ ਦੀ ਰਖਵਾਲੀ ਕਦੇ ਵੀ ਗੈਰਾਂ ਦੇ ਰਹਿਮੋ-ਕਰਮ ’ਤੇ ਨਾ ਛੱਡੋ ਤੇ ਆਪਣੇ ਮੋਬਾਈਲ, ਏ. ਟੀ. ਐੱਮ. ਕਦੇ ਵੀ ਕਿਸੇ ਹੋਰ ਵਿਅਕਤੀ ਦੇ ਹੱਥ ਨਾ ਦਿਓ, ਨਹੀਂ ਤਾਂ ਹੱਥ ਮਲਦੇ ਰਹਿ ਜਾਓਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e