Meta ਦਾ ਮੁਲਾਜ਼ਮਾਂ ਨੂੰ ਵੱਡਾ ਝਟਕਾ! 8,000 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ
Saturday, Apr 25, 2026 - 12:43 PM (IST)
ਗੈਜੇਟ ਡੈਸਕ - ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ Meta ਇਕ ਵਾਰ ਫਿਰ ਵੱਡੇ ਪੱਧਰ 'ਤੇ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰਨ ਜਾ ਰਹੀ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਕੰਪਨੀ ਆਪਣੇ ਗਲੋਬਲ ਵਰਕਫੋਰਸ 'ਚੋਂ ਲਗਭਗ 10 ਫੀਸਦੀ ਯਾਨੀ ਕਰੀਬ 8,000 ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਚੁੱਕੀ ਹੈ।
20 ਮਈ ਤੱਕ ਹੋ ਸਕਦੀ ਹੈ ਕਾਰਵਾਈ
ਇਕ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਮੇਟਾ ਦੇ ਚੀਫ ਪੀਪਲ ਆਫਿਸਰ ਜੇਨੇਲਾ ਗਾਲੇ ਦੇ ਦਫਤਰ ਵੱਲੋਂ ਮੁਲਾਜ਼ਮਾਂ ਨੂੰ ਇਕ ਮੀਮੋ ਭੇਜਿਆ ਗਿਆ ਹੈ। ਇਸ ਮੀਮੋ 'ਚ ਦੱਸਿਆ ਗਿਆ ਹੈ ਕਿ ਕੰਪਨੀ ਅੰਦਰੂਨੀ ਬਦਲਾਅ ਕਰ ਰਹੀ ਹੈ, ਜਿਸ ਦਾ ਅਸਰ 20 ਮਈ ਤੱਕ ਦੇਖਣ ਨੂੰ ਮਿਲ ਸਕਦਾ ਹੈ।
ਛਾਂਟੀ ਦਾ ਮੁੱਖ ਕਾਰਨ 'AI' ਅਤੇ ਆਟੋਮੇਸ਼ਨ
ਮੇਟਾ ਦੇ ਸੀ.ਈ.ਓ. ਮਾਰਕ ਜਕਰਬਰਗ ਆਉਣ ਵਾਲੇ ਦਿਨਾਂ 'ਚ ਕੰਪਨੀ ਦੇ ਕੰਮਕਾਜ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਆਟੋਮੇਸ਼ਨ ਵੱਲ ਲੈ ਕੇ ਜਾ ਰਹੇ ਹਨ। ਇਸ ਵੱਡੀ ਯੋਜਨਾ ਦੇ ਤਹਿਤ ਕਈ ਅਹੁਦੇ ਖਤਮ ਕੀਤੇ ਜਾ ਰਹੇ ਹਨ। ਕੰਪਨੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਹ ਫਿਲਹਾਲ 6,000 ਖਾਲੀ ਅਸਾਮੀਆਂ ਨੂੰ ਵੀ ਨਹੀਂ ਭਰੇਗੀ, ਜਿਨ੍ਹਾਂ ਨੂੰ ਭਰਨ ਦੀ ਪਹਿਲਾਂ ਯੋਜਨਾ ਸੀ।
ਮੁੱਖ ਨੁਕਤੇ :-
ਮੇਟਾ ਆਪਣੇ ਕੁੱਲ ਕਰਮਚਾਰੀਆਂ ਦਾ 10 ਫੀਸਦੀ ਹਿੱਸਾ ਘਟਾਏਗੀ।
ਛਾਂਟੀ ਦੀ ਖ਼ਬਰ ਦੀ ਪੁਸ਼ਟੀ ਕੰਪਨੀ ਦੇ ਅੰਦਰੂਨੀ ਮੀਮੋ ਰਾਹੀਂ ਹੋਈ ਹੈ।
ਕੰਪਨੀ ਨੇ ਭਵਿੱਖ ਦੀਆਂ ਨਵੀਆਂ ਭਰਤੀਆਂ 'ਤੇ ਵੀ ਰੋਕ ਲਗਾ ਦਿੱਤੀ ਹੈ।
ਲੀਕ ਹੋਈਆਂ ਰਿਪੋਰਟਾਂ ਮੁਤਾਬਕ, ਆਉਣ ਵਾਲੇ ਦਿਨਾਂ ਵਿੱਚ ਛਾਂਟੀ ਦਾ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ।
ਕੰਪਨੀ ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਹ ਜਾਣਕਾਰੀ ਮੁਲਾਜ਼ਮਾਂ ਨਾਲ ਸਾਂਝੀ ਕਰਨਾ ਮੁਸ਼ਕਲ ਸੀ, ਪਰ ਮੀਡੀਆ ਵਿੱਚ ਖ਼ਬਰਾਂ ਲੀਕ ਹੋਣ ਕਾਰਨ ਉਨ੍ਹਾਂ ਨੂੰ ਇਹ ਸਪੱਸ਼ਟੀਕਰਨ ਦੇਣਾ ਪਿਆ।
