ਭਾਰਤ ''ਚ ਗੱਡੀਆਂ ਦੀ ਵਿਕਰੀ ਦਾ ਨਵਾਂ ਰਿਕਾਰਡ, FY26 ''ਚ ਵਿਕੀਆਂ 2.82 ਕਰੋੜ ਗੱਡੀਆਂ
Wednesday, Apr 15, 2026 - 08:53 AM (IST)
ਗੈਜੇਟ ਡੈਸਕ - ਭਾਰਤ ਦੇ ਆਟੋ ਸੈਕਟਰ ਨੇ ਵਿੱਤ ਸਾਲ 2025-26 (FY26) 'ਚ ਉਹ ਕਰ ਦਿਖਾਇਆ ਹੈ, ਜੋ ਪਿਛਲੇ ਸੱਤ ਸਾਲਾਂ 'ਚ ਨਹੀਂ ਹੋਇਆ ਸੀ। ਭਾਰਤੀਆਂ ਦੇ ਗੱਡੀਆਂ ਖਰੀਦਣ ਦੇ ਸ਼ੌਕ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। 'ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼' (SIAM) ਦੇ ਅੰਕੜਿਆਂ ਅਨੁਸਾਰ, ਇਸ ਸਾਲ ਦੇਸ਼ 'ਚ ਕੁੱਲ 2,82,65,519 ਵਾਹਨ ਵਿਕੇ ਹਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ 'ਚ 10.4 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ।
SIAM ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਅਨੁਸਾਰ, ਇਸ ਰਿਕਾਰਡ ਵਿਕਰੀ ਦੇ ਪਿੱਛੇ ਦੋ ਮੁੱਖ ਕਾਰਨ ਹਨ। ਪਹਿਲਾ, GST 2.0 ਸੁਧਾਰਾਂ ਨੇ ਬਾਜ਼ਾਰ 'ਚ ਇਕ ਸਕਾਰਾਤਮਕ ਮਾਹੌਲ ਬਣਾਇਆ। ਦੂਜਾ, ਸਾਲ ਦੌਰਾਨ ਰੈਪੋ ਰੇਟ 'ਚ ਹੋਈ ਕਟੌਤੀ ਕਾਰਨ ਗੱਡੀਆਂ ਦੇ ਲੋਨ ਸਸਤੇ ਹੋ ਗਏ, ਜਿਸ ਨਾਲ ਆਮ ਲੋਕਾਂ ਲਈ ਗੱਡੀ ਖਰੀਦਣਾ ਸੌਖਾ ਹੋ ਗਿਆ। ਸੱਤ ਸਾਲਾਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਾਰ, ਟਰੱਕ, ਦੋਪਹੀਆ ਅਤੇ ਤਿਪਹੀਆ ਸਾਰੇ ਸੈਗਮੈਂਟਾਂ ਨੇ ਇੱਕੋ ਸਮੇਂ ਰਿਕਾਰਡ ਵਿਕਰੀ ਕੀਤੀ ਹੈ।
ਸਭ ਤੋਂ ਵੱਧ ਵਾਧਾ ਦੋਪਹੀਆ ਵਾਹਨਾਂ 'ਚ ਦੇਖਿਆ ਗਿਆ, ਜਿੱਥੇ 2.17 ਕਰੋੜ ਤੋਂ ਵੱਧ ਯੂਨਿਟ ਵਿਕੇ। ਖਾਸ ਕਰਕੇ ਸਕੂਟਰਾਂ ਦੀ ਵਿਕਰੀ ਨੇ 18.5 ਫੀਸਦੀ ਦੀ ਛਾਲ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਪੈਸੇਂਜਰ ਵਾਹਨਾਂ (ਕਾਰਾਂ ਅਤੇ SUV) ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਵਿਕਰੀ 43 ਲੱਖ ਤੋਂ ਵਧ ਕੇ 46.43 ਲੱਖ ਤੱਕ ਪਹੁੰਚ ਗਈ। ਕਮਰਸ਼ੀਅਲ ਵਾਹਨ ਜਿਵੇਂ ਟਰੱਕ ਅਤੇ ਬੱਸਾਂ ਦੀ ਵਿਕਰੀ 'ਚ ਵੀ 12.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਸਿਰਫ਼ ਭਾਰਤ 'ਚ ਹੀ ਨਹੀਂ, ਬਲਕਿ ਵਿਦੇਸ਼ੀ ਬਾਜ਼ਾਰਾਂ 'ਚ ਵੀ ਭਾਰਤੀ ਗੱਡੀਆਂ ਦੀ ਮੰਗ ਵਧੀ ਹੈ। FY26 'ਚ ਭਾਰਤ ਨੇ 66.47 ਲੱਖ ਵਾਹਨਾਂ ਦਾ ਨਿਰਯਾਤ ਕੀਤਾ, ਜੋ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਜ਼ਿਆਦਾ ਹੈ। ਹਾਲਾਂਕਿ, ਮੈਕਸੀਕੋ 'ਚ ਇੰਪੋਰਟ ਡਿਊਟੀ ਵਧਣ ਅਤੇ ਮੱਧ ਪੂਰਬ 'ਚ ਚੱਲ ਰਹੀ ਜੰਗ ਕਾਰਨ ਨਿਰਯਾਤ 'ਤੇ ਭਵਿੱਖ 'ਚ ਕੁਝ ਅਸਰ ਪੈਣ ਦਾ ਖਦਸ਼ਾ ਵੀ ਜਤਾਇਆ ਗਿਆ ਹੈ।
ਰਿਕਾਰਡ ਵਿਕਰੀ ਦੇ ਬਾਵਜੂਦ, ਆਟੋ ਇੰਡਸਟਰੀ ਲਈ ਅੱਗੇ ਦੀ ਰਾਹ ਕੁਝ ਚੁਣੌਤੀਪੂਰਨ ਹੋ ਸਕਦੀ ਹੈ। ਪੱਛਮੀ ਏਸ਼ੀਆ 'ਚ ਜੰਗ ਦੇ ਹਾਲਾਤ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਜੇਕਰ ਤੇਲ ਮਹਿੰਗਾ ਹੁੰਦਾ ਹੈ, ਤਾਂ ਮਾਲ ਢੁਆਈ ਅਤੇ ਕੱਚਾ ਮਾਲ ਮਹਿੰਗਾ ਹੋ ਜਾਵੇਗਾ, ਜਿਸ ਨਾਲ ਗੱਡੀਆਂ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਇਸ ਦੌਰਾਨ SIAM ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜੰਗ ਲੰਬੀ ਖਿੱਚੀ ਗਈ ਤਾਂ ਇਸ ਦਾ ਅਸਰ ਉਤਪਾਦਨ ਅਤੇ ਸਪਲਾਈ ਚੇਨ 'ਤੇ ਪੈ ਸਕਦਾ ਹੈ।
-
