''ਦਿਮਾਗ਼ ਖ਼ਰਾਬ ਕਰ ਰਹੀਆਂ Short Videos..!'' ਐਲਨ ਮਸਕ ਨੇ ਦਿੱਤਾ ਵੱਡਾ ਬਿਆਨ
Saturday, Apr 25, 2026 - 12:18 PM (IST)
ਗੈਜੇਟ ਡੈਸਕ - ਟੇਸਲਾ ਦੇ ਸੀ.ਈ.ਓ. ਐਲਨ ਮਸਕ ਆਪਣੇ ਬਿਆਨਾਂ ਕਾਰਨ ਅਕਸਰ ਚਰਚਾ 'ਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੇਖੀਆਂ ਜਾਣ ਵਾਲੀਆਂ ਸ਼ਾਰਟ ਵੀਡੀਓਜ਼ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ, ਜਿਸ ਨਾਲ ਮੈਟਾ, ਗੂਗਲ ਅਤੇ ਟਿਕਟੌਕ ਵਰਗੀਆਂ ਦਿੱਗਜ ਕੰਪਨੀਆਂ 'ਚ ਹੜਕੰਪ ਮਚ ਗਿਆ ਹੈ। ਇਕ ਪੋਡਕਾਸਟ ਦੌਰਾਨ ਮਸਕ ਨੇ ਸ਼ਾਰਟ ਵੀਡੀਓਜ਼ ਨੂੰ ਮਨੁੱਖੀ ਸਮਾਜ ਦੀ ਹੁਣ ਤੱਕ ਦੀ ਸਭ ਤੋਂ ਖਰਾਬ ਕਾਢ ਕਰਾਰ ਦਿੱਤਾ ਹੈ।
ਦਿਮਾਗ ਸੜਾਉਣ ਵਾਲੀ ਚੀਜ਼
ਕੇਟੀ ਮਿਲਰ ਦੇ ਪੋਡਕਾਸਟ 'ਚ ਗੱਲਬਾਤ ਕਰਦਿਆਂ ਐਲਨ ਮਸਕ ਨੇ ਇੰਸਟਾਗ੍ਰਾਮ ਰੀਲਜ਼, ਟਿਕਟੌਕ ਅਤੇ ਸਨੈਪਚੈਟ ਵਰਗੇ ਪਲੇਟਫਾਰਮਾਂ 'ਤੇ ਚੱਲਣ ਵਾਲੀਆਂ ਛੋਟੀਆਂ ਵੀਡੀਓਜ਼ ਨੂੰ 'ਬ੍ਰੇਨ ਰੌਟ' ਯਾਨੀ ਦਿਮਾਗ ਨੂੰ ਸੜਾਉਣ ਵਾਲੀ ਚੀਜ਼ ਦੱਸਿਆ ਹੈ। ਉਨ੍ਹਾਂ ਮੁਤਾਬਕ ਇਹ ਅਜਿਹਾ ਆਵਿਸ਼ਕਾਰ ਹੈ ਜੋ ਸਮਾਜ ਨੂੰ ਬਿਹਤਰ ਬਣਾਉਣ ਦੀ ਬਜਾਏ ਬਦਤਰ ਬਣਾ ਰਿਹਾ ਹੈ।
ਬੱਚਿਆਂ 'ਤੇ ਮਾੜਾ ਅਸਰ ਅਤੇ ਨਸ਼ੇ ਵਰਗੀ ਲਤ
ਸਰੋਤਾਂ ਅਨੁਸਾਰ, ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ 15 ਤੋਂ 30 ਸੈਕਿੰਡ ਦੇ ਯੂਟਿਊਬ ਸ਼ਾਰਟਸ ਜਾਂ ਇੰਸਟਾਗ੍ਰਾਮ ਰੀਲਜ਼ ਬੱਚਿਆਂ ਦੇ ਦਿਮਾਗ 'ਤੇ ਬਹੁਤ ਮਾੜਾ ਪ੍ਰਭਾਵ ਪਾ ਰਹੇ ਹਨ। ਇਹ ਵੀਡੀਓਜ਼ ਦਿਮਾਗ 'ਚ ਡੋਪਾਮਾਈਨ ਨੂੰ ਟ੍ਰਿਗਰ ਕਰਦੀਆਂ ਹਨ, ਜਿਸ ਨਾਲ ਦਿਮਾਗ ਨੂੰ ਤੁਰੰਤ ਖੁਸ਼ੀ ਪਾਉਣ ਦੀ ਆਦਤ ਪੈ ਜਾਂਦੀ ਹੈ ਅਤੇ ਬੱਚੇ ਇਸ ਦੇ ਆਦੀ ਹੋ ਜਾਂਦੇ ਹਨ। ਅੰਕੜਿਆਂ ਮੁਤਾਬਕ 2 ਤੋਂ 12 ਸਾਲ ਦੀ ਉਮਰ ਦੇ ਲਗਭਗ 78 ਤੋਂ 84 ਫੀਸਦੀ ਬੱਚੇ ਯੂਟਿਊਬ ਦੀ ਵਰਤੋਂ ਕਰਦੇ ਹਨ ਅਤੇ ਰੋਜ਼ਾਨਾ 2 ਘੰਟੇ ਤੋਂ ਵੱਧ ਸਮਾਂ ਇਸ 'ਤੇ ਬਿਤਾਉਂਦੇ ਹਨ।
ਟੈੱਕ ਕੰਪਨੀਆਂ ਦੀ ਵਧੀ ਚਿੰਤਾ
ਮਸਕ ਦੇ ਇਸ ਬਿਆਨ ਨੇ ਮੈਟਾ, ਗੂਗਲ, ਸਨੈਪਚੈਟ ਅਤੇ ਟਿਕਟੌਕ ਵਰਗੀਆਂ ਕੰਪਨੀਆਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਇਨ੍ਹਾਂ ਦੇ ਸ਼ਾਰਟ ਵੀਡੀਓ ਪਲੇਟਫਾਰਮ ਲੋਕਾਂ 'ਚ ਬਹੁਤ ਹਰਮਨ ਪਿਆਰੇ ਹਨ। ਮਸਕ ਦੇ ਇਸ ਖੁਲਾਸੇ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਇਸ ਦੇ ਦਿਮਾਗੀ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਇਕ ਵਾਰ ਫਿਰ ਬਹਿਸ ਛਿੜ ਗਈ ਹੈ।
