Facebook ਨੇ ਸ਼ੁਰੂ ਕੀਤੀ ਡੇਟਿੰਗ ਐਪ, ਸੀਕ੍ਰੇਟ ਕਰੱਸ਼ ਲਈ ਦਿੱਤਾ ਅਲੱਗ ਫੀਚਰ

09/07/2019 1:56:09 PM

ਗੈਜੇਟ ਡੈਸਕ– ਫੇਸਬੁੱਕ ਨੇ ਆਨਲਾਈਨ ਡੇਟਿੰਗ ਸਰਵਿਸ ਵੀਰਵਾਰ ਨੂੰ ਅਮਰੀਕਾ ’ਚ ਸ਼ੁਰੂ ਕਰ ਦਿੱਤੀ ਹੈ। ਇਸ ਐਪ ਦਾ ਨਾਂ ‘Facebook Dating’ ਹੈ। ਇਹ ਯੂਜ਼ਰਜ਼ ਨੂੰ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੋਸਟ ਨੂੰ ਇਕ ਅਲੱਗ ਡੇਟਿੰਗ ਸਾਈਟ ’ਤੇ ਲਿੰਕ ਕਰਨ ਦੀ ਮਨਜ਼ੂਰੀ ਦੇਵੇਗਾ। ਪੂਰੀ ਦੁਨੀਆ ’ਚ ਇਹ ਅਰਬਾਂ ਯੂਜ਼ਰਜ਼ ਨੂੰ ਆਪਸ ’ਚ ਜੋੜਨ ਦਾ ਕੰਮ ਕਰੇਗਾ। ਪ੍ਰਾਜੈੱਕਟ ਦੇ ਹੈੱਡ ਨਾਥਨ ਸ਼ਾਰਪ ਨੇ ਇਕ ਬਲਾਗ ਪੋਸਟ ’ਚ ਕਿਹਾ ਕਿ ਫੇਸਬੁੱਕ ਡੇਟਿੰਗ ਐਪ ਤੁਹਾਨੂੰ ਦੋਸਤਾਂ ਨਾਲ ਜੁੜਨ ਦਾ ਮੌਕਾ ਦਿੰਦੀ ਹੈ ਜੋ ਤੁਹਾਡੀ ਫਰੈਂਡ ਲਿਸਟ ’ਚ ਨਹੀਂ ਹਨ। ਇਸ ਵਿਚ ਇਕ ਖਾਸ ਫੀਚਰ ਹੈ ਸੀਕ੍ਰੇਟ ਕਰੱਸ਼। ਇਸ ਰਾਹੀਂ ਉਹ ਲੋਕ ਆਪਸ ’ਚ ਮਿਲ ਸਕਦੇ ਹਨ ਜੋ ਲੋਕ ਚੌਰੀ-ਛੁਪੇ ਇਕ-ਦੂਜੇ ਨੂੰ ਪਸੰਦ ਕਰਦੇ ਹਨ। ਨਾਥਨ ਸ਼ਾਰਪ ਨੇ ਕਿਹਾ ਕਿ ਇਹ ਸਾਈਟ ਦੋਵਾਂ ਨੂੰ ਉਦੋਂ ਤਕਮੈਚ ਨਹੀਂ ਕਰੇਗੀ ਜਦੋਂ ਤਕ ਦੋਵੇਂ ਇਕ-ਦੂਜੇ ਪ੍ਰਦੀ ਕਰੱਸ਼ ਜ਼ਾਹਰ ਨਹੀਂ ਕਰਨਗੇ। 

ਉਨ੍ਹਾਂ ਕਿਹਾ ਕਿ ਕਿਸੇ ਰੋਮਾਂਟਿਕ ਪਾਰਟਨਰ ਨੂੰ ਪਾਉਣਾ ਕਾਫੀ ਪਰਸਨਲ ਹੈ ਇਸ ਲਈ ਅਸੀਂ ਇਹ ਡੇਟਿੰਗ ਸਾਈਟ ਬਣਾਈ ਹੈ। ਇਸ ਵਿਚ ਸੇਫਟੀ ਅਤੇ ਸਕਿਓਰਿਟੀ ਦਾ ਕਾਫੀ ਧਿਆਨ ਰੱਖਿਆ ਗਿਆ ਹੈ। ਇਸ ਵਿਚ ਯੂਜ਼ਰਜ਼ ਕਿਸੇ ਨੂੰ ਵੀ ਬਲਾਕ ਕਰਕੇ ਰਿਪੋਰਟ ਕਰ ਸਕਣਗੇ ਅਤੇ ਕਿਸੇ ਨੂੰ ਵੀ ਫੋਟੋ ਜਾਂ ਵੀਡੀਓ ਭੇਜਣ ਤੋਂ ਰੋਕ ਸਕਣਗੇ। ਫੇਸਬੁੱਕ ਦੇ ਚੀਫ ਐਗਜ਼ੀਕਿਊਟਿਵ ਮਾਰਕ ਜ਼ੁਕਰਬਰਗ ਨੇ ਪਿਛਲੇ ਸਾਲ ਇਸ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਇਹ ਅਸਲੀ ਲੋਂਗ ਟਰਮ ਰਿਲੇਸ਼ਨਸ਼ਿਪ ਲਈ ਡਿਜ਼ਾਈਨ ਕੀਤਾ ਜਾ ਰਿਹਾ ਹੈ, ਸ਼ਾਰਟ ਟਰਨ ਰਿਲੇਸ਼ਨ ਲਈ ਨਹੀਂ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਤਿੰਨ ’ਚੋਂ ਇਕ ਵਿਆਹ ਦੀ ਸ਼ੁਰੂਆਤ ਆਨਲਾਈਨ ਹੁੰਦੀ ਹੈ। 

ਇਸ ਦੀ ਖਾਸ ਗੱਲ ਹੈ ਕਿ ਇਹ ਪੂਰੀ ਤਰ੍ਹਾਂ ਫ੍ਰੀ ਹੋਵੇਗਾ। ਜਦੋਂਕਿ ਦੂਜੀਆਂ ਡੇਟਿੰਗ ਸਾਈਟਾਂ ਫ੍ਰੀ ਅਤੇ ਪੇਡ ਦੋਵਾਂ ਤਰ੍ਹਾਂ ਦੇ ਪਲਾਨਸ ਰੱਖਦੀਆਂ ਹਨ। ਦੱਸ ਦੇਈਏ ਕਿ ਫੇਸਬੁੱਕ ਡੇਟਿੰਗ ਹੁਣ ਤਕ ਦੁਨੀਆ ਦੇ 19 ਦੇਸ਼ਾਂ ’ਚ ਲਾਂਚ ਹੋ ਚੁੱਕੀ ਹੈ। ਯੂਰਪ ’ਚ ਇਸ ਨੂੰ 2020 ’ਚ ਲਾਂਚ ਕਰਨ ਦੀ ਯੋਜਨਾ ਹੈ। 


Related News