ਧੁਰੰਧਰ ਦੀ ਸਫਲਤਾ ਵਿਚਾਲੇ ਰੀ-ਰਿਲੀਜ਼ ਹੋਵੇਗੀ ਰਣਵੀਰ ਤੇ ਅਨੁਸ਼ਕਾ ਦੀ ਇਹ ਫਿਲਮ

Saturday, Jan 03, 2026 - 04:59 PM (IST)

ਧੁਰੰਧਰ ਦੀ ਸਫਲਤਾ ਵਿਚਾਲੇ ਰੀ-ਰਿਲੀਜ਼ ਹੋਵੇਗੀ ਰਣਵੀਰ ਤੇ ਅਨੁਸ਼ਕਾ ਦੀ ਇਹ ਫਿਲਮ

ਮੁੰਬਈ- ਬਾਲੀਵੁੱਡ ਦੇ 'ਧੁਰੰਧਰ' ਅਦਾਕਾਰ ਰਣਵੀਰ ਸਿੰਘ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਵੱਡੀ ਅਤੇ ਖੁਸ਼ੀ ਵਾਲੀ ਖ਼ਬਰ ਸਾਹਮਣੇ ਆਈ ਹੈ। ਰਣਵੀਰ ਸਿੰਘ ਅਤੇ ਅਨੁਸ਼ਕਾ ਸ਼ਰਮਾ ਦੀ ਸੁਪਰਹਿੱਟ ਕੈਮਿਸਟਰੀ ਵਾਲੀ ਫਿਲਮ 'ਬੈਂਡ ਬਾਜਾ ਬਾਰਾਤ' ਇੱਕ ਵਾਰ ਫਿਰ ਵੱਡੇ ਪਰਦੇ 'ਤੇ ਦਸਤਕ ਦੇਣ ਲਈ ਤਿਆਰ ਹੈ। 16 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਫਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਮੁੜ ਰਿਲੀਜ਼ ਕੀਤੀ ਜਾ ਰਹੀ ਹੈ।
16 ਜਨਵਰੀ ਨੂੰ ਸਿਨੇਮਾਘਰਾਂ 'ਚ ਹੋਵੇਗੀ ਵਾਪਸੀ
PVR ਅਤੇ INOX ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਉਹ ਰਣਵੀਰ ਸਿੰਘ ਦੀ ਡੈਬਿਊ ਫਿਲਮ 'ਬੈਂਡ ਬਾਜਾ ਬਾਰਾਤ' ਨੂੰ ਦੁਬਾਰਾ ਰਿਲੀਜ਼ ਕਰਨ ਜਾ ਰਹੇ ਹਨ। ਸਾਲ 2010 ਵਿੱਚ ਆਈ ਇਹ ਫਿਲਮ ਹੁਣ 16 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਉਤਾਰੀ ਜਾਵੇਗੀ। PVR ਸਿਨੇਮਾ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ ਕਿ ਇਸ ਰੋਮਾਂਟਿਕ ਕਾਮੇਡੀ ਦੀ ਮਸਤੀ ਦਾ ਲੁਤਫ਼ ਦਰਸ਼ਕ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਉਠਾ ਸਕਣਗੇ।
'ਸ਼ਰੂਤੀ' ਅਤੇ 'ਬਿੱਟੂ' ਦੀ ਯਾਦਗਾਰ ਕਹਾਣੀ
ਮਨੀਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਵੈਡਿੰਗ ਪਲਾਨਰ ਬਣੇ 'ਸ਼ਰੂਤੀ' ਅਤੇ 'ਬਿੱਟੂ' ਦੇ ਇਰਦ-ਗਿਰਦ ਘੁੰਮਦੀ ਹੈ, ਜਿਨ੍ਹਾਂ ਨੂੰ ਕੰਮ ਦੇ ਦੌਰਾਨ ਇੱਕ-ਜੇ ਦੂਜੇ ਨਾਲ ਪਿਆਰ ਹੋ ਜਾਂਦਾ ਹੈ।
• ਬਜਟ ਅਤੇ ਕਮਾਈ: ਸਿਰਫ਼ 15 ਕਰੋੜ ਦੇ ਬਜਟ ਵਿੱਚ ਬਣੀ ਇਸ ਫਿਲਮ ਨੇ ਭਾਰਤ ਵਿੱਚ 17.09 ਕਰੋੜ ਅਤੇ ਦੁਨੀਆ ਭਰ ਵਿੱਚ 30 ਕਰੋੜ ਰੁਪਏ ਦੀ ਕਮਾਈ ਕਰਕੇ ਸੁਪਰਹਿੱਟ ਦਾ ਦਰਜਾ ਹਾਸਿਲ ਕੀਤਾ ਸੀ। ਇਸ ਦੇ ਗੀਤ ਅਤੇ ਕਹਾਣੀ ਅੱਜ ਵੀ ਨੌਜਵਾਨਾਂ ਦੀ ਪਸੰਦ ਹਨ।
ਰਣਵੀਰ ਸਿੰਘ ਦਾ ਬਾਕਸ ਆਫਿਸ 'ਤੇ ਦਬਦਬਾ
ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਰਣਵੀਰ ਸਿੰਘ ਦੀ ਤਾਜ਼ਾ ਫਿਲਮ 'ਧੁਰੰਧਰ' ਬਾਕਸ ਆਫਿਸ 'ਤੇ ਇਤਿਹਾਸ ਰਚ ਰਹੀ ਹੈ,। 'ਧੁਰੰਧਰ' ਨੇ ਦੁਨੀਆ ਭਰ ਵਿੱਚ 1162 ਕਰੋੜ ਰੁਪਏ ਕਮਾ ਕੇ ਸ਼ਾਹਰੁਖ ਖਾਨ ਦੀ 'ਜਵਾਨ' ਨੂੰ ਵੀ ਪਿੱਛੇ ਛੱਡ ਦਿੱਤਾ ਹੈ ਅਤੇ ਇਹ ਸਾਲ 2025 ਦੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ। ਇਸ ਫਿਲਮ ਨੇ ਸਿਰਫ਼ 29 ਦਿਨਾਂ ਵਿੱਚ 3.5 ਕਰੋੜ ਟਿਕਟਾਂ ਵੇਚ ਕੇ 'ਛਾਵਾ' ਅਤੇ 'ਸਤ੍ਰੀ 2' ਵਰਗੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਪਿਛਲੇ ਸਾਲ 'ਸਨਮ ਤੇਰੀ ਕਸਮ' ਦੀ ਰੀ-ਰਿਲੀਜ਼ ਨੇ ਮੁਨਾਫਾ ਕਮਾਇਆ ਸੀ, ਉਸੇ ਤਰ੍ਹਾਂ 'ਬੈਂਡ ਬਾਜਾ ਬਾਰਾਤ' ਵੀ ਨਵਾਂ ਧਮਾਕਾ ਕਰੇਗੀ।


author

Aarti dhillon

Content Editor

Related News