ਸਲਮਾਨ ਖਾਨ ਦੀ ਫਿਲਮ ‘ਬੈਟਲ ਆਫ ਗਲਵਾਨ’ ਦਾ ਰੋਮਾਂਟਿਕ ਗੀਤ ‘ਮੈਂ ਹੂੰ’ ਰਿਲੀਜ਼
Saturday, Feb 14, 2026 - 12:54 PM (IST)
ਮੁੰਬਈ (ਏਜੰਸੀ) : ਵੈਲਨਟਾਈਨ ਡੇਅ ਦੇ ਮੌਕੇ 'ਤੇ ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਬੈਟਲ ਆਫ ਗਲਵਾਨ’ ਦਾ ਸਭ ਤੋਂ ਉਡੀਕਿਆ ਜਾਣ ਵਾਲਾ ਰੋਮਾਂਟਿਕ ਗੀਤ ‘ਮੈਂ ਹੂੰ’ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦੇ ਪਹਿਲੇ ਗੀਤ ‘ਮਾਤਭੂਮੀ’ ਦੀ ਵੱਡੀ ਸਫਲਤਾ (50 ਮਿਲੀਅਨ ਤੋਂ ਵੱਧ ਵਿਊਜ਼) ਤੋਂ ਬਾਅਦ ਹੁਣ ਇਸ ਨਵੇਂ ਗੀਤ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ ਹੈ।
ਪਰਿਵਾਰ ਤੇ ਫੌਜੀ ਦੀ ਜ਼ਿੰਦਗੀ ਦੇ ਜਜ਼ਬਾਤਾਂ ਦੀ ਕਹਾਣੀ
ਇਹ ਗੀਤ ਸਲਮਾਨ ਖਾਨ ਅਤੇ ਚਿੱਤਰਾਗੰਦਾ ਸਿੰਘ 'ਤੇ ਫਿਲਮਾਇਆ ਗਿਆ ਹੈ। ਗੀਤ ਰਾਹੀਂ ਇਕ ਫੌਜੀ ਦੇ ਪਰਿਵਾਰ ਦੀ ਜ਼ਿੰਦਗੀ ਨੂੰ ਬਹੁਤ ਹੀ ਭਾਵੁਕ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਪਾਸੇ ਪਰਿਵਾਰ ਨਾਲ ਬਿਤਾਏ ਹਾਸੇ-ਖੁਸ਼ੀ ਦੇ ਪਲ ਹਨ ਅਤੇ ਦੂਜੇ ਪਾਸੇ ਡਿਊਟੀ 'ਤੇ ਜਾਣ ਤੋਂ ਬਾਅਦ ਦਾ ਇਕੱਲਾਪਨ ਅਤੇ ਖਾਮੋਸ਼ ਇੰਤਜ਼ਾਰ।
ਅਯਾਨ ਲਾਲ, ਜੋ ਕਿ ਫਿਲਮ ਦੇ ਸੰਗੀਤ ਨਿਰਦੇਸ਼ਕ ਅਤੇ ਸੰਗੀਤਕਾਰ ਵੀ ਹਨ, ਨੇ ਇੱਕ ਅਜਿਹਾ ਸੁਹਾਵਣਾ ਸੁਰ ਬਣਾਇਆ ਹੈ ਜੋ ਗੀਤ ਖਤਮ ਹੋਣ ਤੋਂ ਬਾਅਦ ਵੀ ਮਨ ਵਿੱਚ ਰਹਿੰਦਾ ਹੈ। ਸ਼੍ਰੇਆ ਘੋਸ਼ਾਲ ਅਤੇ ਅਯਾਨ ਲਾਲ ਦੀ ਆਵਾਜ਼ ਟਰੈਕ ਦੀ ਭਾਵਨਾਤਮਕ ਡੂੰਘਾਈ ਨੂੰ ਵਧਾਉਂਦੀ ਹੈ। ਅਯਾਨ ਲਾਲ ਅਤੇ ਸ਼ਬੀਰ ਅਹਿਮਦ ਦੁਆਰਾ ਲਿਖੇ ਗਏ ਬੋਲ ਢੁਕਵੇਂ ਅਤੇ ਦਿਲ ਨੂੰ ਛੂਹ ਲੈਣ ਵਾਲੇ ਹਨ, ਜੋ ਇੱਕ ਸਿਪਾਹੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੀ ਖਾਮੋਸ਼ ਤਾਕਤ ਨੂੰ ਦਰਸਾਉਂਦੇ ਹਨ।
ਅਪੂਰਵ ਲਾਖੀਆ ਦੇ ਨਿਰਦੇਸ਼ਨ ਹੇਠ ਬਣੀ ਫਿਲਮ
ਦੱਸ ਦੇਈਏ ਕਿ ‘ਬੈਟਲ ਆਫ ਗਲਵਾਨ’ ਦਾ ਨਿਰਮਾਣ ‘ਸਲਮਾਨ ਖਾਨ ਫਿਲਮਜ਼’ ਦੇ ਬੈਨਰ ਹੇਠ ਸਲਮਾਨ ਖਾਨ ਵਲੋਂ ਕੀਤਾ ਗਿਆ ਹੈ ਅਤੇ ਅਪੂਰਵ ਲਾਖੀਆ ਇਸ ਦੇ ਨਿਰਦੇਸ਼ਕ ਹਨ। ਇਹ ਫਿਲਮ ਭਾਰਤੀ ਫੌਜ ਦੀ ਬਹਾਦਰੀ, ਕੁਰਬਾਨੀ ਅਤੇ ਜਜ਼ਬੇ ਦੀ ਸੱਚੀ ਤਸਵੀਰ ਪੇਸ਼ ਕਰੇਗੀ। ਫਿਲਮ ਵਿੱਚ ਚਿੱਤਰਾਗੰਦਾ ਸਿੰਘ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ।
