ਮੁੰਬਈ ਪੁਲਸ ਨੇ ਸ਼ਾਹਰੁਖ ਦੀ ਮੈਨੇਜਰ ਨੂੰ ਕੀਤਾ ਤਲਬ, ਪੂਜਾ ਨੇ ਦਿੱਤਾ ਤਬੀਅਤ ਨਾ ਠੀਕ ਹੋਣ ਦਾ ਹਵਾਲਾ
Tuesday, Nov 09, 2021 - 11:18 AM (IST)
ਮੁੰਬਈ- ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੇ ਡਰੱਗ ਕੇਸ 'ਚ ਫਿਰੌਤੀ ਦੀ ਰਕਮ ਮੰਗੇ ਜਾਣ ਦੇ ਐਂਗਲ ਨਾਲ ਮੁੰਬਈ ਪੁਲਸ ਜਾਂਚ ਕਰ ਰਹੀ ਹੈ। ਹੁਣ ਇਸ ਮਾਮਲੇ 'ਚ ਮੁੰਬਈ ਪੁਲਸ ਦੀ ਐੱਸ.ਆਈ.ਟੀ. ਨੇ ਸ਼ਾਹਰੁਖ ਦੀ ਮੈਨੇਜਨ ਪੂਜਾ ਦਦਲਾਨੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਦੋਸ਼ ਹੈ ਕਿ ਆਰੀਅਨ ਖਾਨ ਨੂੰ ਛੁਡਾਉਣ ਲਈ ਪੂਜਾ ਦਦਲਾਨੀ ਨੇ ਕਥਿਤ ਤੌਰ 'ਤੇ ਕੇਪੀ ਗੋਸਾਵੀ ਨੂੰ 50 ਲੱਖ ਰੁਪਏ ਦੀ ਰਕਮ ਦਿੱਤੀ ਸੀ।
ਖਬਰ ਹੈ ਕਿ ਪੂਜਾ ਦਦਲਾਨੀ ਨੇ ਪੁੱਛਗਿੱਛ ਲਈ ਹਾਲੇ ਪਹੁੰਚਣ ਤੋਂ ਮਨ੍ਹਾ ਕਰ ਦਿੱਤਾ ਹੈ। ਮੁੰਬਈ ਪੁਲਸ ਦੇ ਸੰਮਨ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਦੀ ਲੋੜ ਹੈ। ਪੁਲਸ ਨੇ ਪੂਜਾ ਨੂੰ ਸ਼ਨੀਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਪ੍ਰਭਾਕਰ ਸੈਲ ਤੋਂ ਬਾਅਦ ਬਿਜਨੈੱਸਮੈਨ ਸੈਮ ਡਿਸੂਜ਼ਾ ਨੇ ਦਾਅਵਾ ਕੀਤਾ ਸੀ ਕਿ ਪੂਜਾ ਦਦਲਾਨੀ ਨੇ ਆਰੀਅਨ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਕੇਪੀ ਗੋਸਾਵੀ ਨੂੰ 50 ਲੱਖ ਰੁਪਏ ਦਿੱਤੇ ਸਨ।
ਪ੍ਰਭਾਕਰ ਸੈਲ ਨੇ ਦਾਅਵਾ ਕੀਤਾ ਸੀ ਕਿ ਸੈਮ ਦੇ ਨਾਲ ਪੂਜਾ ਅਤੇ ਗੋਸਾਵੀ ਦੀ ਮੁਲਾਕਾਤ 3 ਅਕਤੂਬਰ ਦੀ ਸਵੇਰ ਹੋਈ ਸੀ। ਸੈਮ ਨੇ ਵੀ ਇਕ ਟੀਵੀ ਇੰਟਰਵਿਊ 'ਚ ਦੱਸਿਆ ਹੈ ਕਿ ਪੂਜਾ ਨੇ ਗੋਸਾਵੀ ਨੂੰ 50 ਲੱਖ ਰੁਪਏ ਦਿੱਤੇ ਸਨ ਪਰ ਬਾਅਦ 'ਚ ਉਹ ਪੈਸੇ ਪੂਜਾ ਨੂੰ ਵਾਪਸ ਦਿੱਤੇ ਗਏ ਸਨ। ਇਸ ਤੋਂ ਬਾਅਦ ਪੁਲਸ ਨੇ 10-15 ਸੀਸੀਟੀਵੀ ਫੁਟੇਜ਼ ਦੀ ਜਾਂਚ ਕੀਤੀ। ਇਨ੍ਹਾਂ ਫੁਟੇਜ਼ 'ਚ ਪੂਜਾ ਦੀ ਮਰਸਟੀਜ਼ ਤੋਂ ਇਲਾਵਾ ਸੈਮ ਡਿਸੂਜ਼ਾ ਅਤੇ ਗੋਸਾਵੀ ਦੀ ਇਨੋਵਾ ਕਾਰ ਵੀ ਨਜ਼ਰ ਆਈ ਹੈ। ਇਸ ਨਾਲ ਪ੍ਰਭਾਕਰ ਅਤੇ ਸੈਮ ਦੇ ਬਿਆਨ ਦੀ ਪੁਸ਼ਟੀ ਵੀ ਹੁੰਦੀ ਹੈ।