ਤਲਾਕਸ਼ੁਦਾ ਪਤਨੀ ਨੂੰ ਸੜਕ ''ਤੇ ਦੇਖਦੇ ਹੀ ਮੂੰਹ ''ਤੇ ਥੁੱਕਦਾ ਸੀ ਪਤੀ, ਕੀਤਾ ਗ੍ਰਿਫਤਾਰ
Thursday, Sep 19, 2019 - 12:33 PM (IST)

ਲਾਂਬੜਾ (ਵਰਿੰਦਰ)— ਤਲਾਕ ਹੋਣ ਤੋਂ ਬਾਅਦ ਵੀ ਇਕ ਤਲਾਕਸ਼ੁਦਾ ਪਤੀ ਵੱਲੋਂ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਨ, ਕੁੱਟਮਾਰ ਕਰਨ, ਮੂੰਹ 'ਤੇ ਥੁੱਕਣ ਅਤੇ ਅਸ਼ਲੀਲ ਹਰਕਤਾਂ ਕਰਨ ਸਬੰਧੀ ਲਾਂਬੜਾ ਪੁਲਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਨਿਤਿਕਾ ਸ਼ਰਮਾ ਪੁੱਤਰੀ ਸੁਭਾਸ਼ ਸ਼ਰਮਾ ਵਾਸੀ ਵਡਾਲਾ ਟਾਵਰ ਇਨਕਲੇਵ ਫੇਸ 3 ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਪ੍ਰਾਈਵੇਟ ਤੌਰ 'ਤੇ ਜਲੰਧਰ ਦੇ ਇਕ ਇਮੀਗ੍ਰੇਸ਼ਨ ਦਫਤਰ 'ਚ ਕੰਮ ਕਰਦੀ ਹੈ। ਉਸ ਦਾ ਅੱਜ ਤੋਂ ਕਰੀਬ 8 ਸਾਲ ਪਹਿਲਾਂ ਵਿਆਹ ਨਿਤਿਨ ਅਰੋੜਾ ਵਾਸੀ ਅਵਤਾਰ ਨਗਰ ਜਲੰਧਰ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਉਨ੍ਹਾਂ ਦੋਵਾਂ ਦਰਮਿਆਨ ਝਗੜਾ ਰਹਿਣ ਲੱਗ ਪਿਆ, ਜਿਸ ਕਾਰਨ ਉਸ ਨੇ ਅਦਾਲਤ ਰਾਹੀਂ ਤਲਾਕ ਲੈ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਤਲਾਕ ਹੋ ਜਾਣ ਦੇ ਬਾਵਜੂਦ ਵੀ ਉਸ ਦੇ ਤਲਾਕਸ਼ੁਦਾ ਪਤੀ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ। ਦਫਤਰ ਜਾਂਦੇ ਹੋਏ ਉਹ ਉਸ ਦਾ ਪਿੱਛਾ ਕਰਦਾ, ਰਾਹ 'ਚ ਤੰਗ-ਪ੍ਰੇਸ਼ਾਨ ਕਰਦਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ। ਇਸ ਸਬੰਧੀ ਉਸ ਨੇ ਵੂਮੈਨ ਹੈਲਪ ਲਾਈਨ 'ਤੇ ਵੀ ਸ਼ਿਕਾਇਤ ਕੀਤੀ ਪਰ ਇਸ ਦੇ ਬਾਵਜੂਦ ਵੀ ਉਹ ਆਪਣੀਆਂ ਗਲਤ ਹਰਕਤਾਂ ਤੋਂ ਬਾਜ਼ ਨਹੀਂ ਆਇਆ।
ਸ਼ਿਕਾਇਤਕਰਤਾ ਔਰਤ ਨੇ ਦੋਸ਼ ਲਾਇਆ ਕਿ ਬੀਤੀ 16 ਸਤੰਬਰ ਨੂੰ ਰਾਤ ਸਮੇਂ ਜਦ ਉਹ ਆਪਣੇ ਘਰ 'ਚ ਮੌਜੂਦ ਸੀ ਤਾਂ ਉਹ ਬਿਨਾਂ ਇਜਾਜ਼ਤ ਉਸ ਦੇ ਘਰ 'ਚ ਦਾਖਲ ਹੋ ਗਿਆ। ਉਸ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਮੂੰਹ 'ਤੇ ਚਪੇੜਾਂ ਮਾਰੀਆਂ, ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਦੇ ਮੂੰਹ 'ਤੇ ਥੁੱਕਿਆ। ਤਲਾਕਸ਼ੁਦਾ ਪਤੀ ਨੇ ਉਸ ਨੂੰ, ਮੇਰੇ ਬੇਟੇ, ਮੇਰੇ ਬਾਪ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦਾ ਗਲਾ ਵੀ ਘੁੱਟਿਆ ਜਿਸ ਕਾਰਨ ਉਹ ਬੇਹੋਸ਼ ਹੋ ਗਈ। ਉਸ ਨੂੰ ਕਾਫੀ ਦੇਰ ਬਾਅਦ ਹੋਸ਼ ਆਇਆ, ਜਿਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਸ਼ਿਕਾਇਤ ਕਰਨ ਆਈ। ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।