ਮਾਮਲਾ ਕਰੋੜਾਂ ਰੁਪਏ ਦੀ ਠੱਗੀ ਦਾ, ਜੀਂਦ ''ਚ ਵੀ ਨਿਵੇਸ਼ਕਾਂ ਨਾਲ ਧੋਖਾ ਕਰਕੇ ਭੱਜੀ ਓ. ਐੱਲ. ਐੱਸ. Whizz power

07/20/2020 10:10:48 AM

ਜਲੰਧਰ (ਵਰੁਣ)— ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ (Whizz power) ਕੰਪਨੀ ਖਿਲਾਫ ਹਰਿਆਣਾ ਦੇ ਜੀਂਦ ਸ਼ਹਿਰ ਵਿਚ ਵੀ ਪੁਲਸ ਕੋਲ ਸ਼ਿਕਾਇਤ ਦਰਜ ਹੋ ਚੁੱਕੀ ਹੈ। ਹਰਿਆਣਾ ਦੇ 42 ਹਜ਼ਾਰ ਲੋਕਾਂ ਨੇ ਇਸ ਕੰਪਨੀ ਵਿਚ ਪੈਸੇ ਨਿਵੇਸ਼ ਕੀਤੇ ਸਨ ਅਤੇ ਉਹ ਸਾਰੇ ਪੈਸੇ ਵੀ ਕੰਪਨੀ ਲੈ ਕੇ ਫਰਾਰ ਹੋਈ ਹੈ। 'ਜਗ ਬਾਣੀ' ਨੇ ਪਹਿਲਾਂ ਵੀ ਖੁਲਾਸਾ ਕੀਤਾ ਸੀ ਕਿ ਇਹ ਫਰਾਡ 300 ਕਰੋੜ ਤੋਂ ਵੀ ਉਪਰ ਤੱਕ ਜਾ ਸਕਦਾ ਹੈ।

ਹਰਿਆਣਾ ਦੇ ਜੀਂਦ ਸ਼ਹਿਰ ਦੀ ਪੁਲਸ ਕੋਲ ਫਿਲਹਾਲ 21 ਨਿਵੇਸ਼ਕਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਕਰਨ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਉਹ 4 ਸਾਲਾਂ ਤੋਂ ਓ. ਐੱਲ. ਐੱਸ. ਵ੍ਹਿਜ਼ ਪਾਵਰ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਕੰਪਨੀ ਪਹਿਲਾਂ ਗਾਹਕਾਂ ਦੀ ਲੜੀ (ਚੇਨ) ਬਣਾ ਕੇ ਘਰੇਲੂ ਉਤਪਾਦ ਵੇਚਦੀ ਸੀ। ਇਸ ਦੇ ਨਾਲ-ਨਾਲ ਇਸ ਨੇ 2000 ਰੁਪਏ ਮਹੀਨਾ ਦੀ ਕਿਸ਼ਤ ਨਾਲ ਗੋਲਡ ਕਿੱਟੀ ਪਾਉਣੀ ਸ਼ੁਰੂ ਕੀਤੀ। ਜਿਸ ਤਰੀਕੇ ਨਾਲ ਜਲੰਧਰ ਦੇ ਲੋਕਾਂ ਨੂੰ ਇਸ ਕੰਪਨੀ ਨੇ ਆਪਣੇ ਝਾਂਸੇ ਵਿਚ ਲਿਆ, ਉਸੇ ਤਰਜ਼ 'ਤੇ ਇਸ ਨੇ ਹਰਿਆਣਾ ਪੁਲਸ ਨੂੰ ਵੀ ਲਾਲਚ ਦੇ ਕੇ ਠੱਗੀ ਮਾਰੀ। ਦੋਸ਼ ਹੈ ਕਿ ਕੰਪਨੀ ਵੱਲ 16 ਕਰੋੜ ਰੁਪਏ ਦਾ ਬਕਾਇਆ ਹੈ ਪਰ ਜਿਉਂ-ਜਿਉਂ ਨਿਵੇਸ਼ਕ ਸਾਹਮਣੇ ਆਉਂਦੇ ਜਾਣਗੇ, ਉਸੇ ਤਰ੍ਹਾਂ ਫਰਾਡ ਦੀ ਰਕਮ ਵੀ ਵਧ ਸਕਦੀ ਹੈ। ਓਧਰ ਓ.ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਤਿੰਨਾਂ ਮਾਲਕਾਂ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਦਾ ਪੁਲਸ ਨੇ ਐੱਲ. ਓ. ਸੀ. ਜਾਰੀ ਕਰ ਦਿੱਤਾ ਹੈ। ਪੁਲਸ ਨੂੰ ਸ਼ੱਕ ਹੈ ਕਿ ਤਿੰਨੋਂ ਦੋਸ਼ੀ ਕਿਤੇ ਵਿਦੇਸ਼ ਨਾ ਭੱਜ ਜਾਣ। ਪੁਲਸ ਨੇ ਦਾਅਵਾ ਕੀਤਾ ਕਿ ਤਿੰਨੋਂ ਦੋਸ਼ੀ ਅਜੇ ਦੇਸ਼ ਵਿਚ ਹੀ ਹਨ, ਜਿਨ੍ਹਾਂ ਦੀ ਭਾਲ ਵਿਚ ਛਾਪਾਮਾਰੀ ਲਗਾਤਾਰ ਜਾਰੀ ਹੈ। ਫਿਲਹਾਲ ਦੋਸ਼ੀਆਂ ਬਾਰੇ ਪੁਲਸ ਕੋਲ ਕੋਈ ਇਨਪੁੱਟ ਨਹੀਂ ਹੈ।

PunjabKesari

ਸੂਤਰਾਂ ਦੀ ਮੰਨੀਏ ਤਾਂ ਤਿੰਨੋਂ ਦੋਸ਼ੀ ਇਕੱਠੇ ਹਰਿਆਣਾ ਦੇ ਕਿਸੇ ਸ਼ਹਿਰ ਵਿਚ ਲੁਕੇ ਹੋਏ ਹਨ। ਦੂਜੇ ਪਾਸੇ ਉਕਤ ਕੰਪਨੀ ਦੇ ਮਾਲਕਾਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ ਵਾਲੇ ਪੀੜਤ ਪੁਲਸ ਦੀ ਢਿੱਲੀ ਕਾਰਵਾਈ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਥਾਣਿਆਂ ਦੇ ਚੱਕਰ ਲਾ ਰਹੇ ਹਨ ਪਰ ਦੋਸ਼ੀਆਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਕੰਪਨੀ ਦੇ ਮਾਲਕਾਂ ਦੀ ਇਸ ਸਾਜ਼ਿਸ਼ ਬਾਰੇ ਮੈਨੇਜਮੈਂਟ ਨੂੰ ਪੂਰੀ ਜਾਣਕਾਰੀ ਸੀ। ਉਹ ਵੀ ਇਸ ਫਰਾਡ ਵਿਚ ਸ਼ਾਮਲ ਹੈ। ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਿਸੰਘ ਦਾ ਕਹਿਣਾ ਹੈ ਕਿ ਪੁਲਸ ਆਪਣੇ ਤਰੀਕੇ ਨਾਲ ਕੰਮ ਕਰ ਰਹੀ ਹੈ। ਦੋਸ਼ੀ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਆਪਣੇ ਪਰਿਵਾਰਾਂ ਸਮੇਤ ਗਾਇਬ ਹਨ। ਉਨ੍ਹਾਂ ਦੇ ਮੋਬਾਇਲ ਵੀ ਬੰਦ ਹਨ। ਜਿਥੋਂ-ਜਿਥੋਂ ਉਨ੍ਹਾਂ ਕੋਲ ਇਨਪੁੱਟ ਆ ਰਹੇ ਹਨ, ਉਥੇ ਛਾਪਾ ਮਾਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਓ.ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕਾਂ ਨੇ ਕੰਪਨੀ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਅਤੇ ਦਫਤਰ ਬੰਦ ਕਰ ਕੇ ਫਰਾਰ ਹੋ ਗਏ। ਉਨ੍ਹਾਂ ਦੇ ਘਰਾਂ ਨੂੰ ਵੀ ਤਾਲੇ ਲੱਗੇ ਹੋਏ ਹਨ। ਥਾਣਾ ਨੰਬਰ 7 ਦੀ ਪੁਲਸ ਵਿਚ ਹੋਈ ਐੱਫ. ਆਈ. ਆਰ. ਵਿਚ 63 ਪੀੜਤਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ, ਜਿਸ ਵਿਚ ਅਜੇ ਤੱਕ 25 ਕਰੋੜ ਰੁਪਏ ਦਾ ਫਰਾਡ ਦਿਖਾਇਆ ਗਿਆ ਹੈ ਪਰ ਇਹ ਅੰਕੜਾ 300 ਕਰੋੜ ਤੋਂ ਪਾਰ ਦਾ ਹੈ। ਉਕਤ ਕੰਪਨੀ ਦੇ ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਵੀ ਦਫਤਰ ਹਨ, ਉਥੇ ਵੀ ਲੋਕਾਂ ਨਾਲ ਠੱਗੀ ਮਾਰੀ ਗਈ ਹੈ। ਪੁਲਸ ਨੇ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਸ਼ਿਵ ਨਗਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਕੇਸ ਦਰਜ ਹੋਣ ਤੋਂ ਪਹਿਲਾਂ ਹੀ ਦੋਸ਼ੀ ਫਰਾਰ ਹੋ ਚੁੱਕੇ ਸਨ, ਜਦੋਂਕਿ ਪੁਲਸ ਨੇ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਵੀ ਡਿਟੇਲ ਮੰਗਵਾਈ ਸੀ।

ਸਕੀਮ ਦਾ ਪਤਾ ਲੱਗਣ 'ਤੇ ਸਕੀਮ ਹੀ ਬਦਲ ਦਿੰਦੇ ਸਨ ਠੱਗ ਭਾਈਵਾਲ
ਪੀੜਤਾਂ ਦਾ ਕਹਿਣਾ ਹੈ ਕਿ ਓ.ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਕਾਫੀ ਚਲਾਕ ਸਨ। ਉਨ੍ਹਾਂ 2016 ਤੋਂ ਬਾਅਦ ਗੋਲਡ ਕਿੱਟੀ ਸ਼ੁਰੂ ਕੀਤੀ। ਉਕਤ ਲੋਕ ਜਦੋਂ ਵੀ ਕੋਈ ਨਵੀਂ ਸਕੀਮ ਸ਼ੁਰੂ ਕਰਦੇ ਤਾਂ 6 ਮਹੀਨਿਆਂ ਬਾਅਦ ਉਕਤ ਸਕੀਮ ਨੂੰ ਬਦਲ ਦਿੰਦੇ ਸਨ। ਇਸੇ ਤਰ੍ਹਾਂ ਗੋਲਡ ਸਕੀਮ ਦੀ ਕਿਸ਼ਤ ਲਈ ਕੰਪਨੀ ਦੀ ਵੈੱਬਸਾਈਟ ਦੀ ਕਸਟਮਰ ਆਈ. ਡੀ. ਬਣਾਉਣ ਲਈ 2000 ਰੁਪਏ ਨਾਲ ਸ਼ੁਰੂਆਤ ਕੀਤੀ ਅਤੇ ਹੁਣ ਜਦੋਂ 5000 ਰੁਪਏ ਕੀਤੀ ਤਾਂ ਕੰਪਨੀ ਸਾਰੇ ਪੈਸੇ ਲੈ ਕੇ ਫਰਾਰ ਹੋ ਗਈ। ਕਈ ਲੋਕ ਤਾਂ ਅਜਿਹੇ ਵੀ ਹਨ, ਿਜਨ੍ਹਾਂ ਦੀ ਗੋਲਡ ਕਿੱਟੀ ਪਾਈ ਗਈ ਪਰ ਬਾਅਦ ਵਿਚ ਉਨ੍ਹਾਂ ਨੂੰ ਦਿੱਤਾ ਕੁਝ ਹੋਰ ਹੀ ਗਿਆ।

ਡਿਸਟੀਬਿਊਟਰਸ ਨੂੰ ਦਿੰਦੇ ਸਨ ਵਿਦੇਸ਼ੀ ਟੂਰ ਦਾ ਲਾਲਚ
'ਜਗ ਬਾਣੀ' ਨਾਲ ਕੁਝ ਡਿਸਟੀਬਿਊਟਰਸ ਨੇ ਸੰਪਰਕ ਕਰਕੇ ਦੱਸਿਆ ਕਿ ਕੰਪਨੀ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਪੈਸੇ ਨਿਵੇਸ਼ ਕਰਵਾਉਣ ਲਈ ਉਕਤ ਕੰਪਨੀ ਦੇ ਮਾਲਕ ਉਨ੍ਹਾਂ ਨੂੰ ਵਿਦੇਸ਼ੀ ਟੂਰ ਦਾ ਲਾਲਚ ਦਿੰਦੇ ਸਨ। ਰਣਜੀਤ ਸਿੰਘ ਦੀ ਫੇਸਬੁੱਕ ਆਈ. ਡੀ. ਵਿਚ ਉਸਨੇ ਅਜਿਹੇ ਕੁਝ ਟੂਰਾਂ ਦੀਆਂ ਤਸਵੀਰਾਂ ਵੀ ਪਾਈਆਂ ਹੋਈਆਂ ਹਨ। ਕੰਪਨੀ ਦੇ ਵਧੇਰੇ ਟੂਰ ਦੁਬਈ, ਸਿੰਗਾਪੁਰ ਅਤੇ ਥਾਈਲੈਂਡ ਦੇ ਹੁੰਦੇ ਸਨ, ਜਦਕਿ ਇਸ ਵਾਰ ਰੂਸ ਦੇ ਟੂਰ ਦਾ ਲਾਲਚ ਦਿੱਤਾ ਗਿਆ ਸੀ।

ਲੋਕਾਂ ਦੇ ਪੈਸੇ ਨਾਲ ਐਸ਼ੋ-ਆਰਾਮ ਵਾਲੀ ਜ਼ਿੰਦਗੀ ਜਿਊ ਰਹੇ ਸਨ ਮਾਲਕ
ਲੋਕਾਂ ਦੇ ਪੈਸੇ ਨਾਲ ਉਕਤ ਕੰਪਨੀ ਦੇ ਤਿੰਨੋਂ ਠੱਗ ਮਾਲਕ ਐਸ਼ੋ-ਆਰਾਮ ਵਾਲੀ ਜ਼ਿੰਦਗੀ ਜਿਊ ਰਹੇ ਸਨ। ਉਨ੍ਹਾਂ ਮੈਨੇਜਮੈਂਟ ਦੇ ਕੁਝ ਮੈਂਬਰਾਂ ਨੂੰ ਵੀ ਲਗਜ਼ਰੀ ਕਾਰਾਂ ਦਿੱਤੀਆਂ ਹੋਈਆਂ ਸਨ। ਰਣਜੀਤ ਸਿੰਘ ਨੇ ਤਾਂ ਕੁਝ ਹੀ ਸਮੇਂ ਵਿਚ ਕਾਫੀ ਲਗਜ਼ਰੀ ਕਾਰਾਂ ਖਰੀਦੀਆਂ ਅਤੇ ਉਹ ਕੁਝ ਸਮਾਂ ਚਲਾਉਣ ਤੋਂ ਬਾਅਦ ਹੀ ਨਵੀਂ ਲਗਜ਼ਰੀ ਗੱਡੀ ਖਰੀਦ ਲੈਂਦਾ ਸੀ। ਇਸੇ ਤਰ੍ਹਾਂ ਮੈਨੇਜਮੈਂਟ ਦੇ ਮੈਂਬਰਾਂ ਨੇ ਵੀ ਲਗਜ਼ਰੀ ਗੱਡੀਆਂ ਰੱਖੀਆਂ ਹੋਈਆਂ ਸਨ। ਉਹ ਉਕਤ ਗੱਡੀਆਂ ਦਾ ਹਵਾਲਾ ਦੇ ਕੇ ਡਿਸਟੀਬਿਊਟਰਸ ਨੂੰ ਕਹਿੰਦੇ ਹੁੰਦੇ ਸਨ ਕਿ ਜੇਕਰ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੰਪਨੀ ਨਾਲ ਜੋੜਨਗੇ ਤਾਂ ਉਨ੍ਹਾਂ ਨੂੰ ਵੀ ਲਗਜ਼ਰੀ ਜ਼ਿੰਦਗੀ ਜਿਊਣ ਦਾ ਮੌਕਾ ਮਿਲ ਸਕਦਾ ਹੈ।

ਹਰਿਆਣਵੀਆਂ ਨੂੰ ਵੀਜ਼ਾ ਲਵਾਉਣ ਦੇ ਨਾਂ 'ਤੇ ਵੀ ਠੱਗਿਆ
ਓ.ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਨੇ ਵਿਦੇਸ਼ ਦਾ ਵੀਜ਼ਾ ਲਵਾਉਣ ਦੇ ਨਾਂ 'ਤੇ ਵੀ ਹਰਿਆਣਵੀਆਂ ਨੂੰ ਠੱਗਿਆ। ਦੋਸ਼ ਹੈ ਕਿ ਇਸ ਕੰਪਨੀ ਨੇ ਤਾਸ਼ਕੰਦ ਦੀ ਵਿਦੇਸ਼ ਯਾਤਰਾ ਦੇ ਨਾਂ 'ਤੇ 90 ਲੱਖ ਰੁਪਏ ਲਏ ਅਤੇ ਅਮਰੀਕਾ ਦਾ ਵੀਜ਼ਾ ਲਵਾਉਣ ਲਈ ਪ੍ਰਤੀ ਵਿਅਕਤੀ 5 ਹਜ਼ਾਰ ਰੁਪਏ ਫਾਈਲ ਚਾਰਜਿਜ਼ ਵੀ ਲਏ।


shivani attri

Content Editor

Related News