ਪਲਾਜ਼ਾ ਚੌਕ ਤੋਂ ਸਿਵਲ ਲਾਈਨ ਜਾਂਦੇ ਰੋਡ ਨੂੰ ਵਨ-ਵੇਅ ਕਰੇਗੀ ਟਰੈਫਿਕ ਪੁਲਸ

11/28/2019 11:36:30 AM

ਜਲੰਧਰ (ਵਰੁਣ)— ਪਲਾਜ਼ਾ ਚੌਕ ਤੋਂ ਸਿਵਲ ਲਾਈਨ ਜਾਂਦੀ ਰੋਡ ਨੂੰ ਟਰੈਫਿਕ ਪੁਲਸ ਜਲਦੀ ਹੀ ਵਨ-ਵੇਅ ਕਰਨ ਜਾ ਰਹੀ ਹੈ। ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਸ਼੍ਰੀ ਰਾਮ ਚੌਕ ਤੋਂ ਲੈ ਕੇ ਸਿਵਲ ਹਸਪਤਾਲ ਤਕ ਲੱਗਣ ਵਾਲੇ ਜਾਮ ਨੂੰ ਖਤਮ ਕਰਨ ਲਈ ਬੁੱਧਵਾਰ ਨੂੰ ਮੌਕੇ 'ਤੇ ਜਾ ਕੇ ਸਰਵੇ ਵੀ ਕੀਤਾ, ਜਿਸ 'ਚ ਕਈ ਫੈਸਲੇ ਲਏ ਗਏ। ਜੇਕਰ ਟਰੈਫਿਕ ਪੁਲਸ ਦੀ ਪਲਾਨਿੰਗ ਸਹੀ ਤਰੀਕੇ ਨਾਲ ਲਾਗੂ ਹੋਈ ਤਾਂ ਉਕਤ ਰੋਡ 'ਤੇ ਹਰ ਰੋਜ਼ ਲੱਗਣ ਵਾਲੇ ਜਾਮ ਤੋਂ ਰਾਹਤ ਮਿਲ ਸਕਦੀ ਹੈ। ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ, ਏ. ਸੀ. ਪੀ. ਟਰੈਫਿਕ ਹਰਵਿੰਦਰ ਭੱਲਾ ਸਮੇਤ ਟਰੈਫਿਕ ਪੁਲਸ ਦੀ ਟੀਮ ਸਭ ਤੋਂ ਪਹਿਲਾਂ ਸ਼੍ਰੀ ਰਾਮ ਚੌਕ ਪਹੁੰਚੀ। ਨਹਿਰੂ ਗਾਰਡਨ ਸਕੂਲ 'ਚ ਛੁੱਟੀ ਸਮੇਂ ਲੱਗਣ ਵਾਲੇ ਆਟੋਜ਼ ਦੀ ਭੀੜ ਕਾਰਣ ਜਾਮ ਲੱਗਦਾ ਦੇਖ ਕੇ ਏ. ਡੀ. ਸੀ. ਪੀ. ਤੇ ਏ. ਸੀ. ਪੀ. ਨੇ ਸਕੂਲ ਦੀ ਬੈਕ ਸਾਈਡ 'ਤੇ ਸਥਿਤ ਦੂਜੇ ਗੇਟ ਨੂੰ ਦੋਬਾਰਾ ਖੁੱਲ੍ਹਵਾਉਣ ਦਾ ਫੈਸਲਾ ਲਿਆ। ਪਹਿਲਾਂ ਦੋਵੇਂ ਗੇਟਾਂ ਤੋਂ ਵਿਦਿਆਰਥੀਆਂ ਨੂੰ ਬਾਹਰ ਭੇਜਿਆ ਜਾਂਦਾ ਸੀ ਪਰ ਕਈ ਕਾਰਨਾਂ ਕਾਰਨ ਬੈਕ ਸਾਈਡ ਵਾਲਾ ਗੇਟ ਬੰਦ ਕਰ ਦਿੱਤਾ ਗਿਆ ਸੀ।

ਪਲਾਜ਼ਾ ਚੌਕ ਤੋਂ ਸਿਵਲ ਲਾਈਨ ਜਾਂਦੇ ਰੋਡ 'ਤੇ ਕਾਫੀ ਜ਼ਿਆਦਾ ਜਾਮ ਦੇਖ ਕੇ ਅਧਿਕਾਰੀਆਂ ਨੇ ਉਕਤ ਰੋਡ ਨੂੰ ਵਨ-ਵੇਅ ਕਰਨ ਦਾ ਫੈਸਲਾ ਲਿਆ। ਉਕਤ ਰੋਡ ਕੁਝ ਸਮਾਂ ਪਹਿਲਾਂ ਵਨ-ਵੇਅ ਹੀ ਸੀ ਪਰ ਇਨਕਮ ਟੈਕਸ ਆਫਿਸ ਖੁੱਲ੍ਹਣ 'ਤੇ ਇਕ ਹੋਟਲ ਵਪਾਰੀ ਕਾਰਣ ਵਨ-ਵੇਅ ਸਿਸਟਮ ਬੰਦ ਕਰ ਦਿੱਤਾ ਗਿਆ ਸੀ। ਟਰੈਫਿਕ ਪੁਲਸ ਨੇ ਜੋਤੀ ਚੌਕ ਦੇ ਆਲੇ-ਦੁਆਲੇ ਰੋਡ 'ਤੇ ਹੀ ਰੇਹੜੀਆਂ ਅਤੇ ਫੜ੍ਹੀਆਂ ਲਾਉਣ ਵਾਲਿਆਂ ਨੂੰ ਖਦੇੜਿਆ। ਇਸ ਤੋਂ ਇਲਾਵਾ ਜੋਤੀ ਚੌਕ ਕੋਲ ਸਥਿਤ ਮਸਜਿਦ ਸਾਹਮਣੇ ਤੋਂ ਯੂ-ਟਰਨ ਲੈਣ 'ਤੇ ਲੱਗ ਰਹੇ ਜਾਮ ਨੂੰ ਦੇਖ ਕੇ ਅਧਿਕਾਰੀਆਂ ਨੇ ਉਥੇ ਬੈਰੀਕੇਡ ਲਗਾ ਕੇ ਯੂ-ਟਰਨ ਬੰਦ ਕਰਨ ਦਾ ਫੈਸਲਾ ਲਿਆ। ਸਿਵਲ ਹਸਪਤਾਲ ਦੇ ਬਾਹਰ ਜਾਮ ਦਾ ਕਾਰਨ ਬਣ ਰਹੇ ਆਟੋਜ਼ ਵਾਲਿਆਂ ਨੂੰ ਹਟਾਇਆ ਗਿਆ। ਟਰੈਫਿਕ ਪੁਲਸ ਸਿਵਲ ਹਸਪਤਾਲ ਦੇ ਬਾਹਰ ਆਟੋਜ਼ ਦੇ ਸਟਾਪਰ ਨੂੰ ਬੰਦ ਕਰਨ ਲਈ ਇਕ ਟਰੈਫਿਕ ਪੁਲਸ ਕਰਮਚਾਰੀ ਵੀ ਤਾਇਨਾਤ ਕਰੇਗੀ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦਾ ਕਹਿਣਾ ਹੈ ਕਿ ਜਾਮ ਖਤਮ ਕਰਨ ਲਈ ਸਰਵੇ ਕੀਤਾ ਗਿਆ। ਸਾਰੀ ਰਿਪੋਰਟ 'ਤੇ ਜਾਂਚ ਅਤੇ ਪ੍ਰੈਕਟੀਕਲ ਕਰ ਕੇ ਦਿਖਾਇਆ ਜਾਵੇਗਾ। ਜੇਕਰ ਸਾਰਾ ਕੁਝ ਸਹੀ ਰਿਹਾ ਤਾਂ ਉਨ੍ਹਾਂ ਵਲੋਂ ਬਣਾਈ ਗਈ ਯੋਜਨਾ ਨੂੰ ਜਲਦੀ ਲਾਗੂ ਕਰ ਦਿੱਤਾ ਜਾਵੇਗਾ।

ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਸੁਝਾਅ ਲੈਣਗੇ ਅਧਿਕਾਰੀ
ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਦਾ ਕਹਿਣਾ ਸੀ ਜਾਮ ਨੂੰ ਖਤਮ ਕਰਨ ਲਈ ਸ਼ੁਰੂਆਤ ਕੀਤੀ ਗਈ ਹੈ। ਹੁਣ ਉਹ ਸ਼੍ਰੀ ਰਾਮ ਚੌਕ ਤੋਂ ਲੈ ਕੇ ਪਲਾਜ਼ਾ ਚੌਕ ਤੱਕ ਦੇ ਸਾਰੇ ਦੁਕਾਨਦਾਰਾਂ ਨਾਲ ਮੀਟਿੰਗ ਕਰਨਗੇ। ਉਸ ਤੋਂ ਬਾਅਦ ਸਥਿਤ ਦੁਕਾਨਾਂ ਦੇ ਮਾਲਕਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਸਾਰਿਆਂ ਨਾਲ ਜਾਮ, ਪਾਰਕਿੰਗ ਸਮੇਤ ਜੈਲੋ ਲਾਈਨ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਟਰੈਫਿਕ ਸਮੱਸਿਆ ਨੂੰ ਲੈ ਕੇ ਸੁਝਾਅ ਵੀ ਲਏ ਜਾਣਗੇ।

ਹੋਰ ਥਾਵਾਂ 'ਤੇ ਨਾਜਾਇਜ਼ ਕਬਜ਼ੇ ਵੀ ਹਟਵਾਏ
ਏ. ਸੀ. ਪੀ. ਟਰੈਫਿਕ ਹਰਵਿੰਦਰ ਸਿੰਘ ਭੱਲਾ ਨੇ ਟਰੈਫਿਕ ਟੀਮ ਨਾਲ ਸ਼ਹਿਰ ਦੀਆਂ ਹੋਰ ਥਾਵਾਂ 'ਤੇ ਜਾ ਕੇ ਨਾਜਾਇਜ਼ ਕਬਜ਼ੇ ਹਟਵਾਏ। ਏ. ਸੀ. ਪੀ. ਭੱਲਾ ਨੇ ਦੱਸਿਆ ਕਿ ਕੋਰਟ ਕੰਪਲੈਕਸ ਦੀ ਬੈਕ ਸਾਈਡ 'ਤੇ ਕੁੱਝ ਦੁਕਾਨਦਾਰ ਸੜਕ 'ਤੇ ਹੀ ਗੱਡੀਆਂ ਖੜ੍ਹੀਆਂ ਕਰ ਕੇ ਰਿਪੇਅਰਿੰਗ ਦਾ ਕੰਮ ਕਰ ਰਹੇ ਸਨ। ਦੁਕਾਨਦਾਰਾਂ ਨੂੰ ਕਹਿ ਕੇ ਉਕਤ ਗੱਡੀਆਂ ਸਾਈਡ 'ਤੇ ਕਰਵਾਈਆਂ ਗਈਆਂ ਅਤੇ ਭਵਿੱਖ 'ਚ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ।


shivani attri

Content Editor

Related News