10 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਵਾਲੇ ਕਿਸਾਨਾਂ ਦੇ ਲਗਾਏ ਗਏ ਝੋਨੇ ਨੂੰ ਕੀਤਾ ਨਸ਼ਟ

06/08/2020 1:09:27 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ) - ਪੰਜਾਬ ਸਰਕਾਰ ਵੱਲੋਂ ਪੰਜਾਬ ਪਜੇਸ਼ਨ ਆਫ ਸਬ ਸੋਇਲ ਵਾਟਰ ਐਕਟ 2009 ਅਧੀਨ ਜਾਰੀ ਕੀਏ ਗਏ ਹੁਕਮਾਂ ਅਧੀਨ 10 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਅਾਂ ਹਨ। ਹੁਣ ਵਿਭਾਗ ਵਲੋਂ ਹੁਕਮਾਂ ਦੀ ਉਲੰਘਣ ਕਰਕੇ ਇਲਾਕੇ ਅੰਦਰ ਝੋਨਾ ਲਗਾਉਣ ਵਾਲੇ ਵੱਖ-ਵੱਖ ਕਿਸਾਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਕਿਸਾਨਾਂ ਵੱਲੋਂ ਲਗਾਇਆ ਝੋਨਾ ਨਸ਼ਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਖੇਤੀਬਾੜੀ ਅਫ਼ਸਰ ਟਾਂਡਾ ਡਾ. ਸਤਨਾਮ ਸਿੰਘ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਵਿਨੇ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਇਲਾਕੇ ਤੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਬਲਾਕ ਖੇਤੀਬਾੜੀ ਦੀ ਟੀਮ ਵੱਲੋਂ ਇਲਾਕੇ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਮਨਜੀਤ ਸਿੰਘ ਪੁੱਤਰ ਮਿਲਖਾ ਸਿੰਘ ਪਿੰਡ ਮਾਨਪੁਰ 4 ਕਨਾਲ ਝੋਨੇ ਦੀ ਫ਼ਸਲ, ਅਵਤਾਰ ਸਿੰਘ ਪੁੱਤਰ ਦਰਗਾਹ ਸਿੰਘ 1ਏਕੜ ਅਤੇ ਮਨਜੀਤ ਸਿੰਘ ਨਿਵਾਸੀ ਟਾਂਡਾ ਨੇ ਕਰੀਬ ਇੱਕ ਏਕੜ ਦੀ ਬਿਜਾਈ ਕੀਤੀ ਹੈ ਜਿਸ ਨੂੰ ਮੌਕੇ 'ਤੇ ਹੀ ਪਹੁੰਚ ਕੇ ਲਗਾਏ ਗਏ ਝੋਨੇ ਨੂੰ ਵਾਹ ਕੇ ਨਸ਼ਟ ਕਰ ਦਿੱਤਾ ਗਿਆ। 

ਇਸ ਮੌਕੇ ਉਨ੍ਹਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ 10 ਜੂਨ ਤੋਂ ਪਿਹਲਾਂ ਝੋਨਾ ਨਾ ਲਗਾਇਆ ਜਾਵੇ ਅਗਰ ਕੋਈ ਵੀ ਕਿਸਾਨ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ ਹਰਪ੍ਰੀਤ ਸਿੰਘ,ਅਵਤਾਰ ਸਿੰਘ ਨਰ,ਖੇਤੀਬਾੜੀ ਵਿਸਥਾਰ ਅਫ਼ਸਰ ਜਸਪਾਲ ਸ. ਜਸਪਾਲ ਸਿੰਘ,ਵਰਿੰਦਰ ਪਾਲ ਸਿੰਘ ਖੇਤੀਬਾੜੀ ਉਪ ਨਿਰੀਖਿਅਕ ਸੁਖਜਿੰਦਰ ਸਿੰਘ,ਰਛਪਾਲ ਸਿੰਘ ਆਦਿ ਵੀ ਹਾਜ਼ਰ ਸਨ।


Harinder Kaur

Content Editor

Related News