ਭਾਜਪਾ ਨੇ ਧਰਮ ਦੇ ਨਾਂ ''ਤੇ ਲੋਕਾਂ ਨੂੰ ਵੰਡਣ ਤੋਂ ਇਲਾਵਾ 10 ਸਾਲਾਂ ''ਚ ਕੁੱਝ ਨਹੀਂ ਕੀਤਾ: ਸੁਖਜਿੰਦਰ ਰੰਧਾਵਾ
Friday, May 03, 2024 - 09:54 PM (IST)
ਪਠਾਨਕੋਟ (ਆਦਿੱਤਿਆ) : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਗੁਰਦਾਸਪੁਰ ਹਲਕੇ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਪਠਾਨਕੋਟ ਪੁੱਜਣ 'ਤੇ ਸੂਬਾ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਅਮਿਤ ਵਿੱਜ ਦੀ ਅਗਵਾਈ ਹੇਠ ਮੇਅਰ ਪੰਨਾ ਲਾਲ ਭਾਟੀਆ, ਸੀਨੀਅਰ ਆਗੂ ਅਸ਼ੀਸ਼ ਵਿੱਜ ਸਮੇਤ ਕਾਂਗਰਸੀ ਕਾਰਪੋਰੇਟਰਾਂ, ਨੇਤਾਵਾਂ ਅਤੇ ਵਰਕਰਾਂ ਨਾਲ ਸਵਾਗਤ ਕੀਤਾ। ਇਸ ਦੌਰਾਨ ਵਰਕਰਾਂ ਨਾਲ ਬੈਠਕ ਵਿੱਚ ਚੋਣਾਂ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕਰਨ ਦੇ ਨਾਲ-ਨਾਲ ਕੇਂਦਰ ਦੀ ਭਾਜਪਾ ਸਰਕਾਰ ਨੂੰ ਝੂਠ ਬੋਲਣ ਤੋਂ ਸਿਵਾਏ ਕੁਝ ਨਹੀਂ ਕਰਨ ਵਾਲੀ ਸਰਕਾਰ ਦੱਸਿਆ। ਅਕਾਲੀ-ਭਾਜਪਾ ਗਠਜੋੜ 'ਤੇ ਬਾਜਵਾ ਨੇ ਕਿਹਾ ਕਿ ਇਸ ਵਾਰ ਅਕਾਲੀ ਦਲ ਨੇ ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਅਜਿਹਾ ਨਹੀਂ ਕੀਤਾ ਪਰ ਉਨ੍ਹਾਂ ਦਾ ਦਾਅਵਾ ਹੈ ਕਿ 2027 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਦੋਵੇਂ ਇਕ ਵਾਰ ਫਿਰ ਇਕੱਠੇ ਹੋਣਗੇ।
ਇਹ ਵੀ ਪੜ੍ਹੋ- ਸ਼ਿਮਲਾ 'ਚ ਹੀਟਰ 'ਤੇ ਵਿਅਕਤੀ ਦੀ ਲਾਸ਼ ਮਿਲੀ, ਜਾਂਚ 'ਚ ਜੁਟੀ ਪੁਲਸ
ਇਸ ਦੌਰਾਨ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਵਿੱਚ ਜਾਣਾ ਚਾਹੀਦਾ ਸੀ ਪਰ ਇਸ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਨਾਲ ਉਹ ਜਨਤਾ ਦਾ ਸਾਹਮਣਾ ਕਰ ਸਕੇ। ਹਾਂ, ਇਨ੍ਹਾਂ 10 ਸਾਲਾਂ 'ਚ ਸੂਬੇ 'ਚ ਜੇਕਰ ਕੁਝ ਹੋਇਆ ਹੈ ਤਾਂ ਉਹ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਣ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ ਅਤੇ ਮਹਿੰਗਾਈ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਸਾਬਕਾ ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਇਸ ਵਾਰ ਪੰਜਾਬ ਅਤੇ ਹਲਕਾ ਗੁਰਦਾਸਪੁਰ ਨੇ ਮਨ ਬਣਾ ਲਿਆ ਹੈ ਕਿ ਉਹ ਕਾਂਗਰਸ ਨੂੰ ਭਾਰੀ ਵੋਟਾਂ ਨਾਲ ਜਿਤਾਉਣਗੇ ਕਿਉਂਕਿ ਭਾਜਪਾ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਵੱਡੀ ਲੀਡ ਨਾਲ ਜਿੱਤ ਕੇ ਸੰਸਦ ਭਵਨ ਦੀਆਂ ਪੌੜੀਆਂ ਚੜ੍ਹ ਕੇ ਹਲਕੇ ਦੇ ਮਸਲੇ ਉਠਾਉਣਗੇ। ਇਸ ਦੌਰਾਨ ਗੁਰਦਾਸਪੁਰ ਦੇ ਵਿਧਾਇਕ ਬੀਰੇਂਦਰ ਜੀਤ ਸਿੰਘ ਪਾਹੜਾ, ਮੇਅਰ ਪੰਨਾ ਲਾਲ ਭਾਟੀਆ, ਯੂਥ ਆਗੂ ਅਸ਼ੀਸ਼ ਵਿੱਜ ਅਤੇ ਹੁਡਕੋ ਦੇ ਸਾਬਕਾ ਚੇਅਰਮੈਨ ਦਿਨੇਸ਼ ਮਹਾਜਨ, ਕਾਰਪੋਰੇਟਰ ਜਤਿਨ ਵਾਲੀਆ, ਅਨੁਸ਼ ਜਿੰਨੀ, ਗਣੇਸ਼, ਚਰਨਜੀਤ ਹੈਪੀ, ਬਲਵਿੰਦਰ ਜੋਤੀ, ਵਿੱਕੀ, ਟਿੰਕੂ, ਵਿਕਰਮ ਸਿੰਘ, ਅਮਰੀਕ ਸਿੰਘ, ਰੋਹਿਤ ਸਰਨਾ, ਬੌਬੀ ਸਮੇਤ ਪਾਰਟੀ ਅਧਿਕਾਰੀ ਤੇ ਵਰਕਰ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e