ਅੱਧੀ ਰਾਤ ਪਿਸਤੌਲ ਦੀ ਨੋਕ ’ਤੇ ਵਪਾਰੀ ਤੇ ਬੇਟੇ ਤੋਂ 2 ਲੱਖ ਰੁਪਏ ਦੀ ਨਕਦੀ ਲੁੱਟੀ

11/09/2018 6:18:53 AM

ਜਲੰਧਰ,    (ਰਮਨ)-   ਸ਼ਹਿਰ ਵਿਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਏ ਦਿਨ  ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਮੰਗਲਵਾਰ ਦੇਰ ਰਾਤ ਕਾਰ ਸਵਾਰ ਨਕਾਬਪੋਸ਼  ਲੁਟੇਰੇ ਲਾਜਪਤ ਨਗਰ ਵਿਚ ਇਕ ਵਪਾਰੀ ਤੇ ਉਸ ਦੇ ਬੇਟੇ ਨੂੰ ਨਿਸ਼ਾਨਾ ਬਣਾ ਕੇ  ਉਨ੍ਹਾਂ ਤੋਂ ਮੋਬਾਇਲ ਫੋਨ, ਪਰਸ ਅਤੇ ਦੋ ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।  ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਜੀ. ਪੀ. ਐੱਸ. ਭੁੱਲਰ, ਏ. ਡੀ. ਸੀ. ਪੀ. ਭੰਡਾਲ, ਏ.  ਸੀ. ਪੀ. ਸਤਿੰਦਰ ਕੁਮਾਰ ਅਤੇ ਥਾਣਾ 4 ਦੀ ਪੁਲਸ ਘਟਨਾ ਸਥਾਨ ’ਤੇ ਪਹੁੰਚ ਗਈ। ਪੁਲਸ  ਆਸ-ਪਾਸ ਦੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ।
ਥਾਣਾ 4 ਦੇ ਏ.  ਐੱਸ. ਆਈ. ਬਸੰਤ ਸਿੰਘ ਨੇ ਦੱਸਿਆ ਕਿ ਵਪਾਰੀ ਹਰੀਸ਼ ਕੁਮਾਰ ਪੁੱਤਰ ਸੁਦੇਸ਼ ਕੁਮਾਰ ਵਾਸੀ  ਲਾਜਪਤ ਨਗਰ ਨੇ ਦੱਸਿਆ ਕਿ ਉਸ ਦਾ ਪੁਰਾਣੀ ਕਚਹਿਰੀ ਕੋਲ ਆਰ. ਸੀ. ਐੱਮ. ਪੀ. ਕਰਾਕਰੀ ਦਾ  ਸ਼ੋਅਰੂਮ ਹੈ। ਦੀਵਾਲੀ ਮੌਕੇ 6 ਤਰੀਕ ਦੇਰ ਰਾਤ ਤਕ ਦੁਕਾਨ ਖੁੱਲ੍ਹੀ ਸੀ ਅਤੇ ਜਿਸ ਤਰ੍ਹਾਂ  ਹੀ ਦੁਕਾਨ ਬੰਦ ਕਰ ਕੇ ਦੋ ਵਜੇ ਦੇ ਕਰੀਬ ਆਪਣੇ ਘਰ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਘਰ  ਅੱਗੇ ਡਸਟਰ ਕਾਰ ਖੜ੍ਹੀ ਸੀ, ਜਿਸ ਵਿਚ 5 ਲੋਕ ਬੈਠੇ ਸਨ। ਉਹ ਜਿਸ ਤਰ੍ਹਾਂ ਹੀ ਗੱਡੀ ਤੋਂ  ਬਾਹਰ ਨਿਕਲਿਆ ਤਾਂ ਡਸਟਰ ਕਾਰ ਵਿਚ ਬੈਠੇ ਅਣਪਛਾਤੇ ਨੌਜਵਾਨ ਦੌੜ ਕੇ ਉਸ ਕੋਲ ਆ ਗਏ, ਜਿਨ੍ਹਾਂ ਨੇ ਮੂੰਹ ’ਤੇ ਨਕਾਬ ਪਾਇਆ ਹੋਇਆ ਸੀ। 2 ਨੌਜਵਾਨਾਂ ਨੇ ਉਸ ਨੂੰ ਗੰਨ ਪੁਆਇੰਟ  ’ਤੇ ਲਿਆ ਤੇ ਦੋ ਨੌਜਵਾਨਾਂ ਨੇ ਉਸ ਦੇ ਬੇਟੇ ਨੂੰ ਫੜ ਲਿਆ ਅਤੇ ਉਨ੍ਹਾਂ ਕੋਲੋਂ ਮੋਬਾਇਲ  ਤੇ ਪਰਸ ਖੋਹ ਲਏ ਅਤੇ ਉਨ੍ਹਾਂ ਦੀ ਗੱਡੀ ਦੇ ਪਿੱਛੇ ਪਿਆ 2 ਲੱਖ ਰੁਪਏ ਨਾਲ ਭਰਿਆ ਬੈਗ ਵੀ  ਚੁੱਕ ਲਿਆ। ਇਕ ਲੁਟੇਰਾ ਕਾਰ ਵਿਚ ਹੀ ਸੀ, ਜੋ ਕਿ ਕਾਰ ਚਲਾ ਰਿਹਾ ਸੀ ਅਤੇ ਜਾਂਦੇ ਹੋਏ  ਪੁਲਸ ਨੂੰ ਨਾ ਦੱਸਣ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ।
ਲੁਟੇਰਿਆਂ ਨੇ ਪੂਰੀ ਰੇਕੀ ਕਰ ਕੇ ਦਿੱਤਾ ਵਾਰਦਾਤ ਨੂੰ ਅੰਜਾਮ, ਸੀ. ਸੀ. ਟੀ. ਵੀ. ਵਿਚ ਕੈਦ : ਪੁਲਸ  ਦਾ ਮੰਨਣਾ ਹੈ ਕਿ ਲੁਟੇਰਿਆਂ ਨੇ ਰੇਕੀ ਕਰਨ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ  ਉਨ੍ਹਾਂ ਨੂੰ ਪਤਾ ਸੀ ਕਿ ਵਪਾਰੀ ਕਿਸ ਸਮੇਂ ਘਰ ਜਾਂਦਾ ਹੈ। ਪੁਲਸ ਘਟਨਾ ਸਥਾਨ ’ਤੇ  ਲੱਗੇ ਸੀ. ਸੀ. ਟੀ. ਵੀ. ਕੈਮਰਿਅਾਂ ਦੀ ਫੁਟੇਜ ਖੰਗਾਲ ਰਹੀ ਹੈ। ਪੂਰੀ ਵਾਰਦਾਤ ਕੈਮਰੇ ਵਿਚ ਕੈਦ ਹੋ  ਗਈ ਹੈ ਅਤੇ ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।
ਅੱਧੀ ਸੇਲ ਸ਼ਾਮ ਨੂੰ ਘਰ ਰੱਖ ਦਿੱਤੀ ਸੀ
ਵਪਾਰੀ  ਨੇ ਦੱਸਿਆ ਕਿ ਕੰਮ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਅੱਧੀ ਸੇਲ ਸ਼ਾਮ ਨੂੰ ਹੀ ਘਰ ਰੱਖ  ਦਿੱਤੀ ਸੀ। ਇਹ ਸਿਰਫ ਕੁਝ ਘੰਟਿਆਂ ਦੀ ਕਮਾਈ ਸੀ, ਜਿਸ ਨੂੰ ਲੈ ਕੇ ਉਹ ਘਰ ਆ ਰਹੇ ਸਨ ਪਰ  ਲੁਟੇਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਦੀਵਾਲੀ ’ਤੇ ਜ਼ਿਆਦਾ ਵਿਕਰੀ ਹੋਣ ਦੀ  ਗੱਲ ਸੋਚ ਕੇ ਲੁਟੇਰੇ ਉਸ ਦੇ  ਪਿੱਛੇ ਦੁਕਾਨ ਤੋਂ ਹੀ ਲੱਗ ਗਏ ਸੀ। 
 


Related News