ਮੁਕੇਰੀਆਂ 'ਚ ਥਾਣੇ ਤੋਂ ਕੁਝ ਹੀ ਦੂਰੀ 'ਤੇ ਵੱਡੀ ਵਾਰਦਾਤ, 30 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ
Wednesday, Apr 24, 2024 - 06:55 PM (IST)
ਮੁਕੇਰੀਆਂ (ਨਾਗਲਾ)- ਥਾਣਾ ਮੁਕੇਰੀਆਂ ਤੋਂ ਮਹਿਜ਼ 300 ਮੀਟਰ ਦੀ ਦੂਰੀ 'ਤੇ ਬੀਤੀ ਰਾਤ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ ਗਈ। ਇਸ ਸਬੰਧੀ ਜੌੜਾ ਔਰਨਾਮੈਂਟਸ ਜਵੈਲਰ ਹਾਊਸ ਦੇ ਮਾਲਕ ਅਤਿਨ ਜੋੜਾ ਪੁੱਤਰ ਮੋਹਨ ਲਾਲ ਜੋੜਾ ਵਾਸੀ ਗਾਂਧੀ ਕਾਲੋਨੀ ਮੁਕੇਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਕਰੀਬ 8:40 ਵਜੇ ਉਹ ਆਪਣੀ ਦੁਕਾਨ 'ਤੇ ਮੌਜੂਦ ਸੀ। ਇਸੇ ਦੌਰਾਨ ਇਕ ਸਪਲੈਂਡਰ ਮੋਟਰਸਾਈਕਲ ਜਿਸ 'ਤੇ ਤਿੰਨ ਨੌਜਵਾਨ ਸਵਾਰ ਸਨ, ਮੇਰੀ ਦੁਕਾਨ ਦੇ ਸਾਹਮਣੇ ਆ ਕੇ ਰੁਕ ਗਿਆ।
ਇਨ੍ਹਾਂ 'ਚੋਂ 2 ਨੌਜਵਾਨ ਮੇਰੀ ਦੁਕਾਨ 'ਚ ਦਾਖ਼ਲ ਹੋਏ ਅਤੇ ਉਨ੍ਹਾਂ 'ਚੋਂ ਇਕ ਨੇ ਮੇਰੇ ਸਿਰ 'ਤੇ ਪਿਸਤੌਲ ਤਾਣ ਦਿੱਤੀ ਜਦਕਿ ਦੂਜੇ ਨੇ ਮੇਰੇ ਗਲੇ 'ਚ ਪਾਈ ਸੋਨੇ ਦੀ ਚੇਨ ਖਿੱਚ ਲਈ ਅਤੇ ਮੇਰੇ ਹੱਥਾਂ 'ਚ ਪਾਈਆਂ 2 ਹੀਰਿਆਂ ਦੀਆਂ ਮੁੰਦਰੀਆਂ ਉਤਰਵਾਹ ਲਈਆਂ। ਇਨ੍ਹਾਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਕਾਊਂਟਰ ਵਿੱਚ ਰੱਖੀ ਕਰੀਬ 2 ਲੱਖ ਰੁਪਏ ਦੀ ਨਕਦੀ ਅਤੇ ਕਰੀਬ 25-30 ਤੋਲੇ ਸੋਨੇ ਦੇ ਗਹਿਣੇ ਵੀ ਆਪਣੇ ਕਬਜ਼ੇ ਵਿੱਚ ਲੈ ਲਏ। ਇਸ ਦੌਰਾਨ ਤੀਜਾ ਲੁਟੇਰਾ, ਜਿਸ ਨੇ ਸਿਰ 'ਤੇ ਪਰਨਾ ਬੰਨ੍ਹਿਆ ਹੋਇਆ ਸੀ, ਵੀ ਦੁਕਾਨ 'ਚ ਦਾਖ਼ਲ ਹੋ ਗਿਆ ਅਤੇ ਤਿੰਨੋਂ ਜਣੇ ਮੈਨੂੰ ਜ਼ਬਰਦਸਤੀ ਡੀ. ਵੀ. ਆਰ ਵਾਲੇ ਕੈਬਿਨ 'ਚ ਲੈ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 16 ਸਾਲ ਦੀ ਕੁੜੀ ਨਾਲ ਗੈਂਗਰੇਪ, 8 ਨੌਜਵਾਨਾਂ ਨੇ ਕੀਤੀ ਘਿਨੌਣੀ ਹਰਕਤ
ਬਾਅਦ ਵਿੱਚ ਤਿੰਨੇ ਲੁਟੇਰੇ ਡੀ. ਵੀ. ਆਰ. ਸਮੇਤ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਮੁਕੇਰੀਆਂ ਪੁਲਸ ਨੇ ਆਈ.ਪੀ. ਸੀ. ਦੀ ਧਾਰਾ 379 ਬੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਰੋਡ 'ਤੇ ਬਾਜ਼ਾਰ 'ਚ ਲੁੱਟ ਦੀ ਵਾਰਦਾਤ ਕਾਰਨ ਦੁਕਾਨਦਾਰਾਂ 'ਚ ਜਿੱਥੇ ਡਰ ਦਾ ਮਾਹੌਲ ਹੈ, ਉਥੇ ਹੀ ਮੁਕੇਰੀਆਂ ਦੇ ਸਵਰਨਕਾਰ ਸੰਘ ਦੇ ਪ੍ਰਧਾਨ ਰਮੇਸ਼ ਵਰਮਾ ਅਤੇ ਹੀਰਾ ਲਾਲ ਵਰਮਾ ਨੇ ਜਿੱਥੇ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਥਾਣਾ ਰੋਡ ’ਤੇ ਪੁਲਸ ਨਾਕਾ ਲਾਉਣ ਦੀ ਮੰਗ ਕੀਤੀ। ਉਨ੍ਹਾਂ ਸੀ. ਸੀ. ਟੀ. ਵੀ. ਵਿੱਚ ਕੈਦ ਲੁਟੇਰਿਆਂ ਦੀ ਫੁਟੇਜ ਜਾਰੀ ਕਰਦਿਆਂ ਲੁਟੇਰਿਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਲੁੱਟਿਆ ਗਿਆ ਸੋਨਾ ਅਤੇ ਨਕਦੀ ਵਾਪਸ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਰੇਲਵੇ ਟਰੈਕ 'ਤੇ ਮਿਲੀ ਲਾਸ਼, ਪਿਤਾ ਨੇ ਖੋਲ੍ਹੇ ਵੱਡੇ ਰਾਜ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8