4 ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੌਕ ’ਤੇ ਖੋਹੀ ਨਕਦੀ ਅਤੇ ਮੋਬਾਈਲ

Monday, Apr 15, 2024 - 06:15 PM (IST)

4 ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੌਕ ’ਤੇ ਖੋਹੀ ਨਕਦੀ ਅਤੇ ਮੋਬਾਈਲ

ਮੋਗਾ (ਆਜ਼ਾਦ) : ਮੋਟਰਸਾਈਕਲ ਸਵਾਰ ਚਾਰ ਅਣਪਛਾਤੇ ਲੜਕਿਆਂ ਵੱਲੋਂ ਦਾਣਾ ਮੰਡੀ ਮੋਗਾ ਦੇ ਕੋਲ ਪਿਸਤੌਲ ਦੀ ਨੌਕ ’ਤੇ ਇਕ ਨੌਜਵਾਨ ਤੋਂ ਨਕਦੀ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧ ਵਿਚ ਥਾਣਾ ਸਿਟੀ ਪੁਲਸ ਵੱਲੋਂ ਪੀੜਤ ਸਰਵਨ ਕੁਮਾਰ ਨਿਵਾਸੀ ਪਿੰਡ ਬੁੱਘੀਪੁਰਾ ਦੀ ਸ਼ਿਕਾਇਤ ’ਤੇ ਚਾਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋੲੈ ਥਾਣਾ ਸਿਟੀ ਮੋਗਾ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸਵਰਨ ਕੁਮਾਰ ਨੇ ਕਿਹਾ ਕਿ ਉਹ ਦਾਣਾ ਮੰਡੀ ਗੇਟ 2 ਕੋਲ ਮੋਬਾਈਲਾਂ ਦੀ ਦੁਕਾਨ ਕਰਦਾ ਹੈ ਅਤੇ ਇਸ ਦੇ ਨਾਲ ਹੀ ਉਹ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ’ਤੇ ਪੈਸੇ ਭੇਜਣ ਲਈ ਫਿਨੋ ਬੈਂਕ ਪੇਮੈਂਟ ਰਾਹੀਂ ਪੈਸੇ ਭੇਜਣ ਦਾ ਕੰਮ ਕਰਦਾ ਹੈ।

ਬੀਤੀ 13 ਅਪ੍ਰੈਲ ਨੂੰ ਜਦ ਉਹ ਉਥੇ ਮੌਜੂਦ ਸਨ ਤਾਂ 4 ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਅਤੇ ਇਕ ਨੌਜਵਾਨ ਕੋਲ ਪਿਸਤੌਲ ਸੀ, ਨੇ ਆ ਕੇ ਮੈਂਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ 12 ਹਜ਼ਾਰ 820 ਰੁਪਏ ਦੇ ਇਲਾਵਾ ਦੋ ਮੋਬਾਈਲ ਫੋਨ ਖੋਹ ਲਏ, ਜਿਸ ’ਤੇ ਮੈਂ ਰੋਲਾ ਵੀ ਪਾਇਆ ਪਰ ਨੌਜਵਾਨ ਲੜਕੇ ਭੱਜਣ ਵਿਚ ਸਫਲ ਹੋ ਗਏ। ਇਸ ਸਬੰਧ ਵਿਚ ਪੁਲਸ ਵੱਲੋਂ ਮਾਮਲਾ ਦਰਜ ਕਰਨ ਦੇ ਬਾਅਦ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕੀਤੀ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਉਹ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ਼ ਨੂੰ ਖੰਗਾਲ ਰਹੇ ਹਨ, ਤਾਂ ਕਿ ਲੁਟੇਰਿਆਂ ਦਾ ਕੋਈ ਸੁਰਾਗ ਮਿਲ ਸਕੇ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਜਲਦੀ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।


author

Anuradha

Content Editor

Related News