ਕਾਰ ''ਚੋਂ ਬਰਾਮਦ ਹੋਈ 3 ਲੱਖ ਰੁਪਏ ਦੀ ਨਕਦੀ
Tuesday, Apr 16, 2024 - 11:32 AM (IST)
ਨੋਇਡਾ- ਨੋਇਡਾ ਦੇ ਥਾਣਾ ਫੇਸ-2 ਪੁਲਸ ਦੀ ਟੀਮ ਨੇ ਭੰਗੇਲ ਬਾਜ਼ਾਰ ਕੋਲ ਇਕ ਕਾਰ ਵਿਚੋਂ 3 ਲੱਖ ਰੁਪਏ ਬਰਾਮਦ ਕੀਤੇ ਹਨ। ਪੁਲਸ ਨੇ ਦੱਸਿਆ ਕਿ ਕਾਰ ਵਿਚ ਦਿੱਲੀ ਦੇ ਜਨਕਪੁਰੀ ਵਾਸੀ ਹਾਰੂਨ ਰਾਸ਼ਿਦ ਅਤੇ ਸ਼ਮੀਮ ਅਹਿਮਦ ਸਵਾਰ ਸਨ, ਦੋਵੇਂ ਜਦੋਂ ਬਾਜ਼ਾਰ ਨੇੜਿਓਂ ਲੰਘ ਰਹੇ ਸਨ ਤਾਂ ਟੀਮ ਨੇ ਸ਼ੱਕੀ ਲੱਗ ਰਹੇ ਕਾਰ ਡਰਾਈਵਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਨਕਦੀ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਦੋਹਾਂ ਨੇ ਦੱਸਿਆ ਕਿ ਇਹ ਰਕਮ ਫੈਕਟਰੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਤੌਰ 'ਤੇ ਦਿੱਤੀ ਜਾਣੀ ਸੀ, ਹਾਲਾਂਕਿ ਉਨ੍ਹਾਂ ਨੇ ਇਸ ਸਬੰਧ ਵਿਚ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ, ਜਿਸ ਤੋਂ ਉਨ੍ਹਾਂ ਦੀਆਂ ਗੱਲਾਂ ਨੂੰ ਸਹੀ ਮੰਨਿਆ ਜਾ ਸਕੇ।
ਪੁਲਸ ਦੀ ਟੀਮ ਨੇ ਰਕਮ ਨੂੰ ਕਬਜ਼ੇ ਵਿਚ ਲੈ ਕੇ ਆਮਦਨ ਟੈਕਸ ਵਿਭਾਗ ਇਸ ਸਬੰਧ ਵਿਚ ਜਾਣਕਾਰੀ ਦੇ ਦਿੱਤੀ ਹੈ। ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਦੇ ਮੀਡੀਆ ਮੁਖੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿਚ ਕੋਈ ਉਮੀਦਵਾਰ ਨਕਦੀ ਜ਼ਰੀਏ ਵੋਟਰਾਂ ਨੂੰ ਪ੍ਰਭਾਵਿਤ ਨਾ ਕਰ ਸਕੇ, ਇਸ ਲਈ ਚੋਣ ਕਮਿਸ਼ਨ ਸਖ਼ਤ ਨਿਗਰਾਨੀ ਕਰ ਰਿਹਾ ਹੈ। ਚੋਣਾਂ ਦੌਰਾਨ ਸਿਰਫ 50 ਹਜ਼ਾਰ ਰੁਪਏ ਨਕਦੀ ਲੈ ਕੇ ਜਾਣ ਦੀ ਇਜਾਜ਼ਤ ਹੁੰਦੀ ਹੈ, ਇਸ ਤੋਂ ਵੱਧ ਧਨ ਰਾਸ਼ੀ ਲੈ ਕੇ ਜਾਣ 'ਤੇ ਸਬੂਤ ਵਿਖਾਉਂਦੇ ਹੁੰਦੇ ਹਨ, ਅਜਿਹਾ ਨਾ ਕਰਨ 'ਤੇ ਉਹ ਰਕਮ ਜ਼ਬਤ ਕਰ ਲਈ ਜਾਂਦੀ ਹੈ।