ਅੰਮ੍ਰਿਤਸਰ ਦਿਹਾਤੀ ਪੁਲਸ ਦੀ ਵੱਡੀ ਕਾਰਵਾਈ, ਪਿਸਤੌਲ ਦੀ ਨੋਕ ''ਤੇ ਡਕੈਤੀ ਕਰਨ ਵਾਲੇ ਮੁਲਜ਼ਮ ਨਕਦੀ ਸਣੇ ਕੀਤੇ ਕਾਬੂ

04/03/2024 9:49:32 PM

ਅਜਨਾਲਾ (ਫ਼ਰਿਆਦ)- ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ, ਜਦੋਂ ਅਜਨਾਲਾ 'ਚ ਬੀਤੇ ਦਿਨੀਂ 29 ਮਾਰਚ ਨੂੰ ਇੱਕ ਕਰਿਆਨੇ ਦੇ ਦੁਕਾਨਦਾਰ ਦੇ ਘਰ 'ਚ ਹੋਈ ਡਕੈਤੀ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਅਜਨਾਲਾ ਪੁਲਸ ਨੇ ਲੁੱਟੀ ਹੋਈ ਰਕਮ ਸਮੇਤ 4 ਦੋਸ਼ੀਆਂ ਨੂੰ ਕਾਬੂ ਕਰ ਲਿਆ। 

ਸਥਾਨਕ ਸ਼ਹਿਰ 'ਚ ਸਥਿਤ ਡੀ.ਐੱਸ.ਪੀ. ਦਫ਼ਤਰ ਅਜਨਾਲਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ 'ਚ ਅੰਮ੍ਰਿਤਸਰ ਦਿਹਾਤੀ ਪੁਲਸ ਐੱਸ.ਪੀ. (ਡੀ) ਹਰਿੰਦਰ ਸਿੰਘ ਗਿੱਲ ਨੇ ਡੀ.ਐੱਸ.ਪੀ. ਅਜਨਾਲਾ ਰਾਜ ਕੁਮਾਰ ਤੇ ਐੱਸ.ਐੱਚ.ਓ. ਅਜਨਾਲਾ ਹਰਪਾਲ ਸਿੰਘ ਦੀ ਹਾਜ਼ਰੀ 'ਚ ਕਥਿਤ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਿਆਨੇ ਦੇ ਦੁਕਾਨਦਾਰ ਸੁਰਿੰਦਰਪਾਲ ਸਹਿਗਲ ਪੁੱਤਰ ਪ੍ਰਮਾਨੰਦ ਵਾਸੀ ਵਾਰਡ ਨੰ. 14 ਅਜਨਾਲਾ ਨੇ ਅਜਨਾਲਾ ਪੁਲਸ ਨੂੰ ਸੂਚਨਾ ਦਿੱਤੀ ਕਿ ਮਿਤੀ 29 ਅਪ੍ਰੈਲ 2024 ਦੀ ਸਵੇਰ ਸਮਾਂ ਕਰੀਬ 4:45 ਵਜੇ ਜਦੋਂ ਉਹ ਆਪਣੀ ਦੁਕਾਨ 'ਤੇ ਜਾਣ ਆਪਣੇ ਘਰੋਂ ਆਪਣੀ ਸਕੂਟਰੀ ਕੱਢ ਕੇ ਬਾਹਰ ਲਿਆ ਕੇ ਅਤੇ ਚਾਬੀਆਂ ਵਾਲਾ ਬੈਗ ਲੈਣ ਲਈ ਅੰਦਰ ਗਿਆ ਤਾਂ ਬਾਹਰ 3 ਨਕਾਬਪੋਸ਼ ਨੌਜਵਾਨਾਂ ਵੱਲੋਂ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਬੰਦੀ ਬਣਾ ਕੇ ਪਿਸਤੌਲ ਦੀ ਨੋਕ 'ਤੇ ਅਲਮਾਰੀ 'ਚੋਂ ਕਰੀਬ 15-16 ਲੱਖ ਰੁਪਏ ਅਤੇ ਗਹਿਣੇ ਲੁੱਟ ਕੇ ਲੈ ਗਏ।

ਇਹ ਵੀ ਪੜ੍ਹੋ- ਸਾਬਕਾ CM ਚਰਨਜੀਤ ਚੰਨੀ ਲਈ ਕਾਂਗਰਸੀ ਆਗੂ ਲੈ ਕੇ ਆਏ ਖ਼ਾਸ ਕੇਕ, ਲਿਖਿਆ- ''ਸਾਡਾ ਚੰਨੀ ਜਲੰਧਰ'' 

ਇਸ 'ਤੇ ਤੁਰੰਤ ਥਾਣਾ ਅਜਨਾਲਾ ਦੇ ਮੁਖੀ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਇਸ ਮੌਕੇ ਐੱਸ.ਪੀ. (ਡੀ) ਹਰਿੰਦਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਐੱਸ.ਐੱਸ.ਪੀ. (ਆਈ.ਪੀ.ਐੱਸ.) ਸਤਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਨਿਗਰਾਨੀ ਹੇਠ ਐੱਸ.ਐੱਚ.ਓ. ਅਜਨਾਲਾ ਅਤੇ ਸੀ.ਆਈ.ਏ. ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਤਕਨੀਕੀ ਸਹਾਇਤਾ ਅਤੇ ਮਨੁੱਖੀ  ਸਰੋਤਾਂ ਰਾਹੀਂ ਮੁਕੱਦਮੇ ਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੈੜ ਨੱਪੀ ਗਈ ਤਾਂ ਇਸ ਦੌਰਾਨ ਅਸ਼ੋਕ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਨਿਊ ਜਵਾਰ ਨਗਰ ਬਟਾਲਾ ਰੋਡ ਅੰਮ੍ਰਿਤਸਰ, ਪਵਨ ਸ਼ਰਮਾ ਉਰਫ ਪੰਮਾ ਪੁੱਤਰ ਰਮੇਸ਼ ਚੰਦ ਵਾਸੀ ਵਾਰਡ ਨੰਬਰ 03 ਅਜਨਾਲਾ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਵਿੰਦਰ ਸਿੰਘ ਵਾਸੀ ਵਾਰਡ ਨੰਬਰ 13 ਰਾਜਾਸਾਂਸੀ ਅਤੇ  ਨਰੇਸ਼ ਕੁਮਾਰ ਪੁੱਤਰ ਦੇਸਰਾਜ ਵਾਸੀ ਮਕਾਨ ਨੰਬਰ 01 ਅਮਰ ਐਵੀਨਿਊ ਕੋਰਟ ਰੋਡ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੇ IAS ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਹੋ ਸਕਦੇ ਨੇ ਭਾਜਪਾ 'ਚ ਸ਼ਾਮਲ

ਇਸ ਦੌਰਾਨ ਇਹਨਾਂ ਦੋਸ਼ੀਆਂ ਕੋਲੋਂ 11 ਲੱਖ 70 ਹਾਜ਼ਰ ਰੁਪਏ ਨਕਦੀ ਅਤੇ ਵਾਰਦਾਤ ਸਮੇਂ ਵਰਤਿਆ ਖਿਡੌਣਾ ਨੁਮਾ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ 'ਚ ਗੁਰਪ੍ਰੀਤ ਸਿੰਘ ਉਰਫ ਗੋਪੀ, ਪਵਨ ਸ਼ਰਮਾ ਉਰਫ ਪੰਮਾ ਤੇ ਅਸ਼ੋਕ ਕੁਮਾਰ ਪੁੱਤਰ ਪੂਰਨ ਚੰਦ ਖਿਲਾਫ ਪਹਿਲਾਂ ਵੀ ਵੱਖ-ਵੱਖ ਮਾਮਲਿਆਂ 'ਚ ਮੁਕੱਦਮੇ ਦਰਜ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦਾ ਮਾਣਯੋਗ ਅਦਾਲਤ ਕੋਲੋਂ 5 ਦਿਨਾਂ ਦਾ ਰਿਮਾਂਡ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News