ਤਿਉਹਾਰੀ ਸੀਜ਼ਨ ''ਚ ਸਹੂਲਤਾਂ ਦੇਣ ’ਚ ਫੇਲ ਸਾਬਿਤ ਹੋ ਰਿਹਾ ਜਲੰਧਰ ਨਗਰ ਨਿਗਮ, ਥਾਂ-ਥਾਂ ਪਾਣੀ ਨੂੰ ਤਰਸ ਰਹੇ ਲੋਕ
Thursday, Oct 20, 2022 - 11:40 AM (IST)

ਜਲੰਧਰ (ਖੁਰਾਣਾ)– ਇਸ ਸਮੇਂ ਸ਼ਹਿਰ ਵਿਚ ਲੱਗੇ ਲਗਭਗ 500 ਟਿਊਬਵੈੱਲ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ ਪਰ ਉਨ੍ਹਾਂ ਵਿਚੋਂ ਲਗਭਗ 12 ਟਿਊਬਵੈੱਲਾਂ ਦੀਆਂ ਮੋਟਰਾਂ ਇਨ੍ਹੀਂ ਦਿਨੀਂ ਖਰਾਬ ਪਈਆਂ ਹਨ, ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕ ਪਾਣੀ ਨੂੰ ਤਰਸ ਰਹੇ ਹਨ। ਤਿਉਹਾਰੀ ਸੀਜ਼ਨ ਵਿਚ ਵੀ ਜਿਸ ਤਰ੍ਹਾਂ ਜਲੰਧਰ ਨਿਗਮ ਲੋਕਾਂ ਨੂੰ ਸਹੂਲਤਾਂ ਦੇਣ ਵਿਚ ਫੇਲ ਸਾਬਿਤ ਹੋ ਰਿਹਾ ਹੈ, ਉਸ ਨਾਲ ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਦੇ ਅਕਸ ’ਤੇ ਕਾਫੀ ਅਸਰ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸਮੇਂ ਮਖਦੂਮਪੁਰਾ ਦੇ ਨਾਲ ਲੱਗਦੇ ਧੋਬੀ ਮੁਹੱਲਾ, 120 ਫੁੱਟ ਰੋਡ ’ਤੇ ਪੈਂਦੇ ਮਹੰਤ ਆਗਿਆ ਸਿੰਘ ਪਾਰਕ ਅਤੇ ਕਈ ਹੋਰ ਸਥਾਨਾਂ ’ਤੇ ਲੱਗੇ ਟਿਊਬਵੈੱਲਾਂ ਦੀਆਂ ਮੋਟਰਾਂ ਖਰਾਬ ਪਈਆਂ ਹਨ, ਜਿਨ੍ਹਾਂ ਦੀ ਰਿਪੇਅਰ ਲਈ ਠੇਕੇਦਾਰ ਵੱਲੋਂ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜਿਹੇ ਮਾਮਲਿਆਂ ਵਿਚ ਜਲੰਧਰ ਨਿਗਮ ਦਾ ਓ. ਐਂਡ ਐੱਮ. ਸੈੱਲ ਬਿਲਕੁਲ ਖਾਮੋਸ਼ ਹੈ, ਜਿਸ ਦੇ ਮੋਢਿਆਂ ’ਤੇ ਸ਼ਹਿਰ ਨੂੰ ਪੀਣ ਦੇ ਪਾਣੀ ਅਤੇ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਸ਼ਵਤ ਠੁਕਰਾਉਣ ਵਾਲੇ AIG ਮਨਮੋਹਨ ਕੁਮਾਰ ਦਾ ਵੱਡਾ ਬਿਆਨ
ਠੇਕੇਦਾਰ ਨੇ ਨਿਗਮ ਤੋਂ ਲੈਣੇ ਹਨ 3.60 ਕਰੋੜ ਰੁਪਏ, ਪੁਰਾਣੇ ਟੈਂਡਰ ’ਤੇ ਹੀ ਚੱਲ ਰਿਹਾ ਹੈ ਕੰਮ
ਸ਼ਹਿਰ ਵਿਚ ਲੱਗੇ ਟਿਊਬਵੈੱਲਾਂ ਦੀ ਮੇਨਟੀਨੈਂਸ ਨੂੰ ਲੈ ਕੇ ਜਲੰਧਰ ਨਿਗਮ ਦੇ ਅਧਿਕਾਰੀ ਵੱਡੀ ਲਾਪ੍ਰਵਾਹੀ ਵਰਤ ਰਹੇ ਹਨ। ਇਸ ਮਾਮਲੇ ਵਿਚ ਲੱਗੇ ਨਵੇਂ ਟੈਂਡਰ ਨੂੰ ਐੱਫ਼. ਐਂਡ ਸੀ. ਸੀ. ਵੱਲੋਂ ਪਾਸ ਨਹੀਂ ਕੀਤਾ ਜਾ ਰਿਹਾ ਅਤੇ ਨਵਾਂ ਵਰਕ ਆਰਡਰ ਵੀ ਠੇਕੇਦਾਰ ਨੂੰ ਨਹੀਂ ਦਿੱਤਾ ਜਾ ਰਿਹਾ। ਠੇਕੇਦਾਰ ਨੇ ਪਿਛਲੇ ਟੈਂਡਰ ਵਿਚ ਜੋ ਸੇਵਿੰਗ ਦਿੱਤੀ ਸੀ, ਉਨ੍ਹਾਂ ਹੀ ਪੈਸਿਆਂ ਨਾਲ ਅੱਗੇ ਦਾ ਕੰਮ ਸ਼ੁਰੂ ਕਰ ਰੱਖਿਆ ਹੈ, ਜਿਸ ਕਾਰਨ ਪਿਛਲੇ ਲਗਭਗ 10 ਮਹੀਨਿਆਂ ਤੋਂ ਸ਼ਹਿਰ ਦੇ ਟਿਊਬਵੈੱਲਾਂ ਨੂੰ ਚਲਾਇਆ ਅਤੇ ਮੇਨਟੇਨ ਕੀਤਾ ਜਾ ਰਿਹਾ ਹੈ, ਨਹੀਂ ਤਾਂ ਜਿਸ ਤਰ੍ਹਾਂ ਹੁਣ ਤੱਕ ਨਵਾਂ ਟੈਂਡਰ ਨਹੀਂ ਲੱਗਾ ਹੈ, ਉਸ ਨਾਲ ਸ਼ਹਿਰ ਵਾਸੀ ਬੂੰਦ-ਬੂੰਦ ਨੂੰ ਤਰਸ ਜਾਂਦੇ। ਨਿਗਮ ਸੂਤਰਾਂ ਦੀ ਮੰਨੀਏ ਤਾਂ ਸਬੰਧਤ ਠੇਕੇਦਾਰ ਨੇ ਮੇਨਟੀਨੈਂਸ ਦੇ ਇਵਜ਼ ਵਿਚ 1.60 ਕਰੋੜ ਅਤੇ ਨਵੇਂ ਟਿਊਬਵੈੱਲ ਲਗਾਉਣ ਦੇ ਕੰਮ ਦੇ ਲਗਭਗ 2 ਕਰੋੜ ਰੁਪਏ ਵਿਭਾਗ ਤੋਂ ਲੈਣੇ ਹਨ। ਇਸ ਤਰ੍ਹਾਂ ਉਸਦੀ ਬਕਾਇਆ ਰਾਸ਼ੀ ਨਿਗਮ ਵੱਲ 3.60 ਕਰੋੜ ਰੁਪਏ ਖੜ੍ਹੀ ਹੋ ਗਈ ਹੈ, ਜਿਸ ਕਾਰਨ ਠੇਕੇਦਾਰ ਕਦੇ ਵੀ ਅੱਗੇ ਕੰਮ ਕਰਨ ਤੋਂ ਇਨਕਾਰ ਕਰ ਸਕਦਾ ਹੈ। ਅਜਿਹੇ ਵਿਚ ਨਿਗਮ ਲਈ ਨਵੀਂ ਸਮੱਸਿਆ ਵੀ ਖਡ਼੍ਹੀ ਹੋ ਸਕਦੀ ਹੈ। ਸਥਿਤੀ ਨੂੰ ਦੇਖਦਿਆਂ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੇ ਬੁੱਧਵਾਰ ਸਬੰਧਤ ਠੇਕੇਦਾਰ ਸੁਧੀਰ ਕੁਮਾਰ ਨੂੰ ਆਪਣੇ ਕੈਂਪ ਆਫਿਸ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ।
ਨਿਗਮ ਦਾ ਓ. ਐਂਡ ਐੱਮ. ਸੈੱਲ ਬਿਲਕੁਲ ਹੀ ਠੁੱਸ ਹੋਇਆ
ਜਲੰਧਰ ਨਿਗਮ ਦੀ ਗੱਲ ਕਰੀਏ ਤਾਂ ਇਥੇ ਓ. ਐਂਡ ਐੱਮ. ਸੈੱਲ ਵਿਚ ਏ. ਐੱਸ ਪ੍ਰਭਾਕਰ, ਏ. ਐੱਸ. ਧਾਲੀਵਾਲ, ਵੀ. ਪੀ. ਸਿੰਘ, ਲਖਵਿੰਦਰ ਸਿੰਘ ਅਤੇ ਸਤਿੰਦਰ ਮਹਾਜਨ ਵਰਗੇ ਕਾਬਿਲ ਅਫ਼ਸਰ ਰਹੇ ਹਨ, ਜਿਨ੍ਹਾਂ ਨੂੰ ਸ਼ਹਿਰ ਦੇ ਵਾਟਰ ਸਪਲਾਈ ਸਿਸਟਮ ਅਤੇ ਸੀਵਰ ਸਿਸਟਮ ਬਾਰੇ ਪੂਰੀ ਜਾਣਕਾਰੀ ਸੀ। ਇਨ੍ਹਾਂ ਅਫ਼ਸਰਾਂ ਦੇ ਹੁੰਦੇ ਹੋਏ ਸ਼ਹਿਰ ਨੂੰ ਕਦੇ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਸਾਰਾ ਕੰਮ ਸਹੀ ਤਰੀਕੇ ਨਾਲ ਚੱਲਦਾ ਰਿਹਾ ਪਰ ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਨਾ ਸਿਰਫ ਪੂਰੇ ਨਿਗਮ ਦਾ ਸਿਸਟਮ ਵਿਗੜ ਗਿਆ ਹੈ, ਸਗੋਂ ਓ. ਐਂਡ ਐੱਮ. ਸੈੱਲ ਵੀ ਠੁੱਸ ਹੋ ਕੇ ਰਹਿ ਗਿਆ ਹੈ, ਜਿੱਥੇ ਇਸ ਸਮੇਂ ਪੱਕੇ ਤੌਰ ’ਤੇ ਕਿਸੇ ਐੱਸ. ਈ. ਦੀ ਤਾਇਨਾਤੀ ਤੱਕ ਨਹੀਂ ਹੈ।
ਇਹ ਵੀ ਪੜ੍ਹੋ: ਮਹਿਤਪੁਰ ਵਿਖੇ ਪਤਨੀ, 2 ਬੱਚੇ ਤੇ ਸੱਸ-ਸਹੁਰੇ ਨੂੰ ਜਿਊਂਦਾ ਸਾੜਨ ਵਾਲੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਨਿਗਮ ਕਮਿਸ਼ਨਰ ਵਿਰੁੱਧ ਮੋਰਚਾ ਖੋਲ੍ਹਣਗੇ ਕੌਂਸਲਰ ਸ਼ੈਰੀ ਚੱਢਾ, ਰਵੱਈਏ ਬਾਰੇ ਸੀ. ਐੱਮ. ਅਤੇ ਵੱਡੇ ਅਫਸਰਾਂ ਨੂੰ ਲਗਾਉਣਗੇ ਸ਼ਿਕਾਇਤ
ਪਤਾ ਲੱਗਾ ਹੈ ਕਿ ਬੁੱਧਵਾਰ ਨਿਗਮ ਦੇ ਕਾਂਗਰਸੀ ਕੌਂਸਲਰ ਸ਼ੈਰੀ ਚੱਢਾ ਅਤੇ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਵਿਚਕਾਰ ਕਾਫ਼ੀ ਤਕਰਾਰ ਵੀ ਹੋਈ, ਜਿਸ ਤੋਂ ਬਾਅਦ ਕੌਂਸਲਰ ਸ਼ੈਰੀ ਨੇ ਨਿਗਮ ਕਮਿਸ਼ਨਰ ਵਿਰੁੱਧ ਮੋਰਚਾ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਲੱਗਦਾ ਹੈ। ਕਿਹਾ ਜਾ ਰਿਹਾ ਹੈ ਕਿ ਕੌਂਸਲਰ ਸ਼ੈਰੀ ਚੱਢਾ ਆਉਣ ਵਾਲੇ ਦਿਨਾਂ ਵਿਚ ਕਮਿਸ਼ਨਰ ਦੀ ਸ਼ਿਕਾਇਤ ਸੀ. ਐੱਮ. ਭਗਵੰਤ ਮਾਨ ਅਤੇ ਵੱਡੇ ਅਫਸਰਾਂ ਨੂੰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਆਪਣੇ ਵਾਰਡ ਵਿਚ ਆਉਂਦੇ ਧੋਬੀ ਮੁਹੱਲੇ ਅਤੇ ਹੋਰ ਹਲਕਿਆਂ ਵਿਚ ਟਿਊਬਵੈੱਲ ਦੀਆਂ ਮੋਟਰਾਂ ਖਰਾਬ ਹੋਣ ਦੇ ਸਿਲਸਿਲੇ ਵਿਚ ਜਦੋਂ ਕੌਂਸਲਰ ਸ਼ੈਰੀ ਚੱਢਾ ਸਬੰਧਤ ਠੇਕੇਦਾਰ ਸੁਧੀਰ ਨਾਲ ਨਿਗਮ ਕਮਿਸ਼ਨਰ ਨੂੰ ਮਿਲਣ ਕੈਂਪ ਆਫਿਸ ਪਹੁੰਚੇ ਤਾਂ ਉਥੇ ਕੌਂਸਲਰ ਨਾਲ ਗੱਲਬਾਤ ਦੇ ਬਾਅਦ ਨਿਗਮ ਕਮਿਸ਼ਨਰ ਨੇ ਆਪਣੇ ਗੰਨਮੈਨ ਨੂੰ ਇਸ ਗੱਲ ਲਈ ਝਿੜਕਿਆ ਕਿ ਕੌਂਸਲਰ ਨੂੰ ਬਿਨਾਂ ਪੁੱਛੇ ਅੰਦਰ ਕਿਵੇਂ ਆਉਣ ਦਿੱਤਾ ਗਿਆ।
ਅਜਿਹੇ ਵਿਚ ਕੌਂਸਲਰ ਸ਼ੈਰੀ ਚੱਢਾ ਨੂੰ ਵੀ ਗੁੱਸਾ ਆ ਗਿਆ, ਜਿਨ੍ਹਾਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਉਹ ਕੋਈ ਸਮੱਗਲਰ ਨਹੀਂ ਹਨ, ਸਗੋਂ ਹਜ਼ਾਰਾਂ ਲੋਕਾਂ ਵੱਲੋਂ ਚੁਣੇ ਹੋਏ ਪ੍ਰਤੀਨਿਧੀ ਹਨ। ਜੇਕਰ ਕੋਈ ਕੌਂਸਲਰ ਆਪਣੇ ਵਾਰਡ ਦੀ ਸਮੱਸਿਆ ਕਮਿਸ਼ਨਰ ਸਾਹਮਣੇ ਵੀ ਨਾ ਰੱਖ ਸਕੇ ਅਤੇ ਨਿਗਮ ਦੇ ਬਾਕੀ ਅਫਸਰ ਵੀ ਕੋਈ ਕੰਮ ਨਾ ਕਰਨ ਤਾਂ ਅਜਿਹੀ ਅਫ਼ਸਰਸ਼ਾਹੀ ਦਾ ਸ਼ਹਿਰ ਨੂੰ ਕੀ ਫਾਇਦਾ। ਇਸ ਦੀ ਬਜਾਏ ਤਾਂ ਨਿਗਮ ਨੂੰ ਤਾਲਾ ਹੀ ਲਗਾ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੌਂਸਲਰ ਸ਼ੈਰੀ ਤੋਂ ਪਹਿਲਾਂ ਕੌਂਸਲਰ ਸਮਰਾਏ ਵੀ ਨਿਗਮ ਕਮਿਸ਼ਨਰ ਨੂੰ ‘ਪੈੱਨ’ ਗਿਫਟ ਕਰ ਕੇ ਵਿਅੰਗ ਕੱਸ ਚੁੱਕੇ ਹਨ ਅਤੇ ਕਾਂਗਰਸ ਦੇ ਦਰਜਨ ਭਰ ਕੌਂਸਲਰਾਂ ਨੇ ਵੀ ਕਮਿਸ਼ਨਰ ਦੇ ਰਵੱਈਏ ਵਿਰੁੱਧ ਉਨ੍ਹਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਚਮਕੀ ਕਿਸਮਤ: ਪੈਂਚਰ ਲਾਉਣ ਵਾਲਾ ਮਾਹਿਲਪੁਰ ਦਾ ਸ਼ਖ਼ਸ ਬਣਿਆ ਕਰੋੜਪਤੀ, ਨਿਕਲੀ 3 ਕਰੋੜ ਦੀ ਲਾਟਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ