ਗੱਡੀ ਟੋ ਕਰਨ ਨੂੰ ਲੈ ਕੇ ਹੋਇਆ ਵਿਵਾਦ, ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Tuesday, May 06, 2025 - 09:20 PM (IST)

ਗੱਡੀ ਟੋ ਕਰਨ ਨੂੰ ਲੈ ਕੇ ਹੋਇਆ ਵਿਵਾਦ, ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਬਠਿੰਡਾ (ਵਿਜੈ ਵਰਮਾ) - ਰੇਲਵੇ ਸਟੇਸ਼ਨ ਦੇ ਬਾਹਰ ਬਣੇ ਆਟੋ ਸਟੈਂਡ-ਕਮ-ਨਿਗਮ ਪਾਰਕਿੰਗ ਸਥਲ 'ਤੇ ਮੰਗਲਵਾਰ ਨੂੰ ਇੱਕ ਵਾਰ ਫਿਰ ਗੱਡੀ ਟੋ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਮਲਟੀਸਟੋਰੀ ਕਾਰ ਪਾਰਕਿੰਗ ਦੇ ਠੇਕੇਦਾਰ ਦੇ ਕਰਮਚਾਰੀਆਂ ਵੱਲੋਂ ਗੱਡੀ ਨੂੰ ਨੋ ਪਾਰਕਿੰਗ 'ਚ ਖੜ੍ਹੀ ਦੱਸ ਕੇ ਟੋ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਤੇ ਸਥਾਨਕ ਲੋਕਾਂ ਅਤੇ ਗੱਡੀ ਮਾਲਕ ਨੇ ਵਿਰੋਧ ਕੀਤਾ। ਇਹ ਦੇਖਦਿਆਂ ਹੀ ਥਾਂ 'ਤੇ ਹੰਗਾਮਾ ਹੋ ਗਿਆ ਅਤੇ ਲੋਕਾਂ ਨੇ ਟੋ ਵੈਨ ਦਾ ਘਿਰਾਓ ਕਰ ਲਿਆ। 

ਵਿਵਾਦ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੋਤਵਾਲੀ ਇੰਚਾਰਜ ਇੰਸਪੈਕਟਰ ਪਰਵਿੰਦਰ ਸਿੰਘ ਅਤੇ ਨਿਗਮ ਸੁਪਰਟੈਂਡੈਂਟ ਕੁਲਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਇਸ ਦੌਰਾਨ ਸਥਾਨਕ ਲੋਕਾਂ ਨੇ ਪਾਰਕਿੰਗ ਠੇਕੇਦਾਰ ਦੇ ਕਰਮਚਾਰੀਆਂ 'ਤੇ ਮਨਮਰਜ਼ੀ ਅਤੇ ਗੁੰਡਾਗਰਦੀ ਦੇ ਦੋਸ਼ ਲਾਉਂਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਗੱਡੀ ਮਾਲਕ ਨੇ ਦੱਸਿਆ ਕਿ ਉਹ ਭਦੌੜਾ ਤੋਂ ਮੱਛੀ ਮਾਰਕਿਟ 'ਚ ਸਮਾਨ ਲੈਣ ਆਇਆ ਸੀ ਅਤੇ ਨਿਗਮ ਦੀ ਅਧਿਕ੍ਰਿਤ ਪਾਰਕਿੰਗ 'ਚ ਗੱਡੀ ਖੜ੍ਹੀ ਕੀਤੀ ਸੀ। ਉਦੋਂ ਹੀ ਪਾਰਕਿੰਗ ਕਰਮਚਾਰੀ ਟੋ ਵੈਨ ਲੈ ਕੇ ਆਏ ਅਤੇ ਗੱਡੀ ਚੁੱਕਣ ਲੱਗੇ। ਜਦੋਂ ਟੋ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਕਰਮਚਾਰੀਆਂ ਨੇ ਨੋ ਪਾਰਕਿੰਗ 'ਚ ਖੜ੍ਹੀ ਹੋਣ ਦੀ ਗੱਲ ਕਹੀ, ਜਦਕਿ ਗੱਡੀ ਮਾਲਕ ਦਾ ਕਹਿਣਾ ਸੀ ਕਿ ਉਥੇ ਐਸਾ ਕੋਈ ਬੋਰਡ ਨਹੀਂ ਲੱਗਿਆ ਹੋਇਆ ਸੀ। 

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਮਾਜਸੇਵੀ ਸੋਨੂ ਮਾਹੇਸ਼ਵਰੀ ਤੇ ਸਥਾਨਕ ਦੁਕਾਨਦਾਰ ਵੀ ਮੌਕੇ 'ਤੇ ਪਹੁੰਚੇ ਅਤੇ ਗੱਡੀ ਟੋ ਕਰਨ ਦਾ ਵਿਰੋਧ ਕੀਤਾ। ਮਾਹੇਸ਼ਵਰੀ ਨੇ ਕਿਹਾ ਕਿ ਜਿਥੇ ਗੱਡੀ ਖੜ੍ਹੀ ਸੀ ਉਹ ਨਿਗਮ ਦੀ ਅਧਿਕ੍ਰਿਤ ਪਾਰਕਿੰਗ ਹੈ ਅਤੇ ਠੇਕੇਦਾਰ ਨੂੰ ਉਥੋਂ ਗੱਡੀ ਹਟਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਸੰਬੰਧੀ ਲਿਖਤੀ ਸਬੂਤ ਵੀ ਮੌਜੂਦ ਹਨ। ਦੂਜੇ ਪਾਸੇ, ਨਿਗਮ ਸੁਪਰਟੈਂਡੈਂਟ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕੁਝ ਦੁਕਾਨਦਾਰਾਂ ਨੇ ਉਨ੍ਹਾਂ ਕੋਲੋਂ ਉਕਤ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਨੂੰ ਹਟਵਾਉਣ ਦੀ ਮੰਗ ਕੀਤੀ ਸੀ, ਤਾਂ ਜੋ ਉਹ ਆਪਣੇ ਵਾਹਨ ਖੜ੍ਹੇ ਕਰ ਸਕਣ। ਹੁਣ ਉਹੀ ਦੁਕਾਨਦਾਰ ਇਸਦਾ ਵਿਰੋਧ ਕਰ ਰਹੇ ਹਨ। ਸਥਿਤੀ ਨੂੰ ਦੇਖਦਿਆਂ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸਮਝਾਇਆ ਅਤੇ ਮਾਮਲਾ ਸ਼ਾਂਤ ਕਰਵਾਇਆ।


author

Inder Prajapati

Content Editor

Related News