ਨਗਰ ਨਿਗਮ ਨੇ ਅਣ-ਅਧਿਕਾਰਤ ਦੁਕਾਨਾਂ ''ਤੇ ਪੁਲਸ ਦੀ ਇਮਦਾਦ ਨਾਲ ਚਲਾਇਆ ਪੀਲਾ ਪੰਜਾ

Tuesday, Apr 29, 2025 - 09:29 PM (IST)

ਨਗਰ ਨਿਗਮ ਨੇ ਅਣ-ਅਧਿਕਾਰਤ ਦੁਕਾਨਾਂ ''ਤੇ ਪੁਲਸ ਦੀ ਇਮਦਾਦ ਨਾਲ ਚਲਾਇਆ ਪੀਲਾ ਪੰਜਾ

ਪਟਿਆਲਾ (ਬਲਜਿੰਦਰ) : ਨਗਰ ਨਿਗਮ ਨੇ ਇੱਥੇ ਬਾਬਾ ਦੀਪ ਸਿੰਘ ਨਗਰ ਵਿਖੇ ਅਣ-ਅਧਿਕਾਰਤ ਉਸਾਰੀਆਂ ਗਈਆਂ ਚਾਰ ਦੁਕਾਨਾਂ ਨੂੰ ਪਟਿਆਲਾ ਪੁਲਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਮਦਾਦ ਨਾਲ ਜੇ.ਸੀ.ਬੀ. ਚਲਾਉਂਦਿਆਂ ਢਹਿ ਢੇਰੀ ਕਰਵਾਇਆ। ਇਸ ਮੌਕੇ ਐੱਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਿਆਂ ਦੇ ਕਾਲੇ ਕਾਰੋਬਾਰ 'ਚ ਲਗੇ ਅਨਸਰ ਬਖ਼ਸ਼ੇ ਨਹੀਂ ਜਾਣਗੇ। 

PunjabKesari

ਐੱਸਪੀ ਸਿਟੀ ਨੇ ਦੱਸਿਆ ਕਿ ਥਾਣਾ ਅਰਬਨ ਅਸਟੇਟ ਅਧੀਨ ਆਉਂਦੇ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰਬਰ 4 ਵਿਖੇ ਬਣੀਆਂ ਇਹ ਦੁਕਾਨਾਂ ਦੀ ਉਸਾਰੀ ਰਿਹਾਇਸ਼ੀ ਜਗ੍ਹਾ ਉਪਰ ਕਮਰਸ਼ੀਅਲ ਤੌਰ 'ਤੇ ਕੀਤੀ ਗਈ ਸੀ ਅਤੇ ਇਨ੍ਹਾਂ ਦੁਕਾਨਾਂ ਦੇ ਮਾਲਕ ਬਲਵਿੰਦਰ ਕੌਰ ਦੇ ਪੋਤੇ ਗੁਰਤੇਜ ਸਿੰਘ ਉਰਫ਼ ਬੰਟੀ ਪੁੱਤਰ ਮਨਦੀਪ ਸਿੰਘ ਵਿਰੁੱਧ ਨਸ਼ਾ ਤਸਕਰੀ ਦੇ ਦੋ ਮਾਮਲੇ ਦਰਜ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਤੇ ਪਟਿਆਲਾ ਪੁਲਿਸ ਦੀ ਟੀਮ ਨੇ ਸਾਂਝੀ ਕਾਰਵਾਈ ਕਰਕੇ ਨਸ਼ਾ ਤਸਕਰਾਂ ਨੂੰ ਇੱਕ ਸਖ਼ਤ ਸੁਨੇਹਾ ਦਿੱਤਾ ਹੈ। ਪਲਵਿੰਦਰ ਸਿੰਘ ਚੀਮਾ ਨੇ ਮੀਡੀਆ ਨੂੰ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਗਰ ਨਿਗਮ ਪਟਿਆਲਾ ਦੇ ਯੋਜਨਾਕਾਰ (ਟਾਊਨ ਪਲੈਨਰ) ਦੇ ਪੱਤਰ ਤਹਿਤ ਇਨ੍ਹਾਂ ਦੁਕਾਨਾਂ ਨੂੰ ਢਾਹੇ ਜਾਣ ਲਈ ਪੁਲਸ ਇਮਦਾਦ ਮੰਗੀ ਗਈ ਸੀ ਤੇ ਨਾਲ ਹੀ ਨਾਇਬ ਤਹਿਸੀਲਦਾਰ ਅਰਮਾਨ ਜੋਸ਼ਨ ਨੂੰ ਡਿਊਟੀ ਮੈਜਿਸਟ੍ਰੇਟ ਵਜੋਂ ਤਾਇਨਾਤ ਕੀਤਾ ਗਿਆ ਸੀ।

ਐੱਸਪੀ ਚੀਮਾ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਫਾਇਨਲ ਡੈਮੋਲਿਸ਼ਨ ਨੋਟਿਸ ਨੰਬਰ 214/ਬੀ.ਐੱਲ.ਡੀ. ਮਿਤੀ 11 ਅਪ੍ਰੈਲ 2025 ਨੂੰ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਅੱਜ ਨਗਰ ਨਿਗਮ ਦੇ ਏ.ਟੀ.ਪੀ. ਕਰਨਜੀਤ ਸਿੰਘ ਤੇ ਬਿਕਰਮਜੀਤ ਸਿੰਘ ਦੀ ਟੀਮ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਤਾਇਨਾਤ ਕੀਤੀ ਪਟਿਆਲਾ ਪੁਲਸ ਦੀ ਨਿਗਰਾਨੀ ਹੇਠ ਇਨ੍ਹਾਂ ਦੁਕਾਨਾਂ ਨੂੰ ਢੁਹਾ ਦਿੱਤਾ ਗਿਆ ਹੈ। ਪੱਤਰਕਾਰਾਂ ਵੱਲੋਂ ਇਸ ਪਰਿਵਾਰ ਦੇ ਲੜਕੇ ਵਿਰੁੱਧ ਨਸ਼ਾ ਤਸਕਰੀ ਦੇ ਦਰਜ ਕੇਸ ਬਾਬਤ ਪੁੱਛਣ 'ਤੇ ਐੱਸ.ਪੀ. ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਅਨਾਜ ਮੰਡੀ ਵਿਖੇ ਚਿੱਟੇ ਦੀ ਤਸਕਰੀ ਬਾਬਤ ਮੁਕਦਮਾ ਨੰਬਰ 154/22 ਐੱਨ.ਡੀ.ਪੀ.ਐਸ ਦੀਆਂ ਧਾਰਾਵਾਂ 21, 29, 61, 85 ਤਹਿਤ ਅਤੇ ਦੂਜਾ ਮਾਮਲਾ 81/24 ਪੀ.ਐੱਸ. ਅਰਬਨ ਅਸਟੇਟ ਵਿਖੇ ਐੱਨ.ਡੀ.ਪੀ.ਐੱਸ ਦੀ ਧਾਰਾ 22 ਤਹਿਤ ਨਸ਼ੀਲੀਆਂ ਗੋਲੀਆਂ ਦੀ ਕਮਰਸ਼ੀਅਲ ਬਰਾਮਦਗੀ ਤਹਿਤ ਦਰਜ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ 'ਚ ਸ਼ਾਮਲ ਗੁਰਤੇਜ ਸਿੰਘ ਇਸ ਵੇਲੇ ਪਟਿਆਲਾ ਜੇਲ੍ਹ 'ਚ ਬੰਦ ਹੈ।

PunjabKesari

ਪਲਵਿੰਦਰ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਪਟਿਆਲਾ ਪੁਲਸ ਦਾ ਨਸ਼ਾ ਤਸਕਰੀ ਵਿਰੁੱਧ ਇਹ ਸਖ਼ਤ ਸੁਨੇਹਾ ਹੈ, ਕਿ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਮਾੜੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਚੱਲ ਰਹੀ ਮੁਹਿੰਮ ਤਹਿਤ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਚਲਦਿਆਂ ਪਟਿਆਲਾ ਪੁਲਸ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ। ਇਸ ਮੌਕੇ ਡੀ.ਐੱਸ.ਪੀ. ਸਿਟੀ-2 ਮਨੋਜ ਗੋਰਸੀ, ਬਤੌਰ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਅਰਮਾਨ ਜੋਸ਼ਨ, ਇੰਚਾਰਜ ਥਾਣਾ ਅਰਬਨ ਅਸਟੇਟ ਅਮਨਦੀਪ ਸਿੰਘ ਬਰਾੜ, ਐੱਸ.ਐੱਚ.ਓ. ਥਾਣਾ ਅਨਾਜ ਮੰਡੀ ਜਸਵਿੰਦਰ ਸਿੰਘ, ਐੱਸ.ਐੱਚ.ਓ. ਥਾਣਾ ਬਖ਼ਸ਼ੀਵਾਲਾ ਸੁਖਦੇਵ ਸਿੰਘ ਸਮੇਤ ਏ.ਟੀ.ਪੀਜ ਬਿਕਰਮਜੀਤ ਸਿੰਘ ਤੇ ਕਰਨਜੀਤ ਸਿੰਘ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News