ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿਵਾਈ ਰਾਹਤ, ਰਸਤਿਆਂ ’ਚ ਖੜ੍ਹੇ ਪਾਣੀ ਤੋਂ ਰਾਹਗੀਰ ਪਰੇਸ਼ਾਨ
Monday, May 12, 2025 - 04:21 PM (IST)

ਤਲਵੰਡੀ ਭਾਈ (ਪਾਲ) : ਬੀਤੀ ਰਾਤ ਇਲਾਕੇ ਭਰ 'ਚ ਚੰਗੀ ਬਾਰਸ਼ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਗਰਮੀ ਦੇ ਦਿਨ ਹੋਣ ਕਾਰਨ ਵੱਧ ਰਹੇ ਤਾਪਮਾਨ ਵਿਚ ਗਿਰਾਵਟ ਆਈ ਹੈ, ਉੱਥੇ ਖੇਤਾਂ 'ਚ ਪਾਣੀ ਇਕੱਠਾ ਹੋਣ ਨਾਲ ਸਾਉਣੀ ਦੀਆਂ ਫ਼ਸਲਾਂ ਬੀਜਣ ਲਈ ਅਤੇ ਪਸ਼ੂਆਂ ਦੇ ਹਰੇ ਪੱਠਿਆਂ (ਚਾਰੇ) ਨੂੰ ਕੀ ਕਾਫੀ ਲਾਭ ਪਹੁੰਚਿਆ ਹੈ। ਗਰਮੀ ਕਾਰਨ ਸਭ ਫ਼ਸਲਾਂ ਦੇ ਬੂਟੇ ਪ੍ਰਭਾਵਿਤ ਹੋ ਰਹੇ ਸਨ। ਇਸ ਦੇ ਨਾਲ ਹੀ ਸ਼ਹਿਰ ਦੀਆਂ ਕਈ ਥਾਵਾਂ ਤੋਂ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਛੱਪੜਾਂ ਦਾ ਰੂਪ ਧਾਰ ਚੁੱਕਾ ਹੈ।
ਖ਼ਾਸ ਕਰਕੇ ਸੀਵਰੇਜ ਪਾਉਣ ਸਮੇਂ ਤੋੜੀਆਂ ਕਈ ਥਾਵਾਂ 'ਤੇ ਚਿੱਕੜ ਹੋਣ ਕਾਰਨ ਰਾਹਗੀਰ ਲੋਕਾਂ ਨੂੰ ਆਉਣ-ਜਾਣ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਵਾਟਰ ਸਪਲਾਈ ਸੀਵਰੇਜ ਬੋਰਡ ਨੂੰ ਮੰਗ ਕਰਦਿਆਂ ਕਿਹਾ ਕਿ ਗੰਦੇ ਪਾਣੀ ਦੇ ਨਿਕਾਸੀ ਵਾਲੇ ਗਾਰੇ ਅਤੇ ਹੋਰ ਗੰਦਗੀ ਨਾਲ ਭਰੇ ਪਏ ਨਾਲੇ-ਨਾਲੀਆਂ ਨੂੰ ਤੁਰੰਤ ਸਾਫ਼ ਕਰਦੇ ਹੋਏ ਖ਼ਾਲੀ ਕਰਵਾਏ ਜਾਣ ਤਾਂ ਜੋ ਸ਼ੁਰੂ ਹੋਣ ਵਾਲੇ ਮਾਨਸੂਨ ਦੇ ਮੌਸਮ ਵਿਚ ਪੈਣ ਵਾਲੀਆਂ ਭਾਰੀ ਬਾਰਸ਼ਾਂ ਦਾ ਅਤੇ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਕੇ ਕਿਸੇ ਭਿਆਨਕ ਬਿਮਾਰੀ ਦਾ ਕਾਰਨ ਨਾ ਬਣ ਸਕੇ।