ਪੈਟਰੋਲ ਸੁੱਟ ਕੇ ਦੁਕਾਨ ਨੂੰ ਲਾਈ ਅੱਗ, ਧਮਾਕੇ ਨਾਲ ਉੱਡੀ ਛੱਤ

08/18/2019 8:56:42 PM

ਜਲੰਧਰ (ਮਹੇਸ਼)— ਸੰਸਾਰਪੁਰ 'ਚ ਰਾਤ 1.30 ਵਜੇ ਸ਼ਰਾਰਤੀ ਅਨਸਰਾਂ ਨੇ ਥਾਣਾ ਕੈਂਟ ਅਧੀਨ ਆਉਂਦੇ ਪਿੰਡ ਸੰਸਾਰਪੁਰ 'ਚ ਰੈਡੀਮੇਡ ਕੱਪੜਿਆਂ ਤੇ ਮਨਿਆਰੀ ਦੀਆਂ ਦੁਕਾਨਾਂ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ, ਜਿਸ ਕਾਰਨ 3-4 ਧਮਾਕੇ ਹੋਏ ਤੇ ਦੁਕਾਨ ਦੀ ਛੱਤ ਤਕ ਉੱਡ ਗਈ। ਇਸ ਤੋਂ ਇਲਾਵਾ 3 ਤੋਂ ਸਾਢੇ 3 ਲੱਖ ਦਾ ਦੁਕਾਨ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ।
ਪਿਛਲੇ ਤਿੰਨ ਸਾਲ ਤੋਂ ਉਕਤ ਦੁਕਾਨ ਕਰ ਰਹੀ ਜੋਤੀ ਨਾਂ ਦੀ ਔਰਤ ਦੇ ਪਤੀ ਓਂਕਾਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਮੀਂਹ ਪੈਣ ਕਾਰਨ ਉਨ੍ਹਾਂ ਨੇ 8 ਵਜੇ ਦੇ ਕਰੀਬ ਦੁਕਾਨ ਬੰਦ ਕਰ ਦਿੱਤੀ ਸੀ। ਉਨ੍ਹਾਂ ਦਾ ਘਰ ਵੀ ਦੁਕਾਨ ਕੋਲ ਹੀ ਸਥਿਤ ਹੈ। ਦੇਰ ਰਾਤ ਨੂੰ ਜਦੋਂ ਕਿਸੇ ਨੇ ਦੁਕਾਨ 'ਚ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਉਹ ਮੌਕੇ 'ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਣ ਤੱਕ ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਥਾਣਾ ਕੈਂਟ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੂੰ ਉਥੋਂ ਇਕ ਖਾਲੀ ਬੋਤਲ ਵੀ ਬਰਾਮਦ ਹੋਈ ਹੈ, ਜਿਸ ਨਾਲ ਪਤਾ ਲੱਗਦਾ ਹੈ ਕਿ ਸ਼ਰਾਰਤੀ ਅਨਸਰ ਉਸ 'ਚ ਪੈਟਰੋਲ ਲੈ ਕੇ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੋਤਲ ਉਥੇ ਹੀ ਸੁੱਟ ਕੇ ਫਰਾਰ ਹੋ ਗਏ। ਧਮਾਕੇ ਕਾਰਨ ਦੁਕਾਨ ਮਾਲਕ ਵੀ ਸਹਿਮ ਗਏ ਜੋ ਕਿ ਪਿੱਛੇ ਰਹਿੰਦੇ ਸਨ। ਉਨ੍ਹਾਂ ਨੇ ਤੁਰੰਤ ਘਰ ਤੋਂ ਬਾਹਰ ਆ ਕੇ ਆਪਣੀ ਜਾਨ ਬਚਾਈ। ਨਹੀਂ ਤਾਂ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ।


KamalJeet Singh

Content Editor

Related News