ਅੱਗ ਕਾਰਨ ਦੁਕਾਨ ਸੜ ਕੇ ਸੁਆਹ, ਰੱਖਿਆ ਗੈਸ ਸਿਲੰਡਰ ਵੀ ਫਟਿਆ, ਦੁਕਾਨਦਾਰ ਜ਼ਖਮੀ

Thursday, Jun 04, 2026 - 09:07 PM (IST)

ਅੱਗ ਕਾਰਨ ਦੁਕਾਨ ਸੜ ਕੇ ਸੁਆਹ, ਰੱਖਿਆ ਗੈਸ ਸਿਲੰਡਰ ਵੀ ਫਟਿਆ, ਦੁਕਾਨਦਾਰ ਜ਼ਖਮੀ

ਹਾਜੀਪੁਰ (ਜੋਸ਼ੀ) - ਕਸਬਾ ਹਾਜੀਪੁਰ ਦੇ ਨੇੜਲੇ ਪਿੰਡ ਬਢਾਲੀਆਂ ਦਾ ਡੇਰਾ (ਬੇਲਾ ਸਰਿਆਣਾਂ) ’ਚ ਅੱਜ ਉਸ ਵੇਲੇ ਅਫ਼ਰਾ-ਤਫ਼ਰੀ ਮੱਚ ਗਈ, ਜਦੋਂ ਇਕ ਕਰਿਆਨੇ ਦੀ ਦੁਕਾਨ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ ਦੁਕਾਨ ਦੇ ਅੰਦਰ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ, ਦੁਕਾਨ ’ਚ ਮੌਜੂਦ ਗੈਸ ਸਿਲੰਡਰ ਫਟਣ ਕਾਰਨ ਦੁਕਾਨ ਮਾਲਕ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਢਾਲੀਆਂ ਦਾ ਡੇਰਾ ਨਿਵਾਸੀ ਚਾਨਣ ਸਿੰਘ ਪੁੱਤਰ ਬਿਸ਼ਨ ਦਾਸ ਪਿੰਡ ’ਚ ਹੀ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ।

ਅੱਜ ਅਚਾਨਕ ਉਨ੍ਹਾਂ ਦੀ ਦੁਕਾਨ ’ਚੋਂ ਅੱਗ ਦੀਆਂ ਉੱਚੀਆਂ ਲਪਟਾਂ ਉੱਠਣ ਲੱਗੀਆਂ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸੇ ਦੌਰਾਨ ਦੁਕਾਨ ਦੇ ਅੰਦਰ ਰੱਖਿਆ ਇਕ ਰਸੋਈ ਗੈਸ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ, ਜਿਸ ਨਾਲ ਦੁਕਾਨ ਦਾ ਭਾਰੀ ਨੁਕਸਾਨ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਅਤੇ ਧੂੰਆਂ ਉੱਠਦਾ ਦੇਖ ਕੇ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ । ਘਟਨਾ ਦੀ ਸੂਚਨਾ ਤੁਰੰਤ ਮੁਕੇਰੀਆਂ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਫੀ ਮੁਸ਼ਕਤ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ, ਪਰ ਉਦੋਂ ਤੱਕ ਦੁਕਾਨ ਅਤੇ ਉਸ ’ਚ ਰੱਖਿਆ ਲੱਖਾਂ ਦਾ ਸਾਮਾਨ ਪੂਰੀ ਤਰ੍ਹਾਂ ਸੜ ਚੁੱਕਾ ਸੀ। ਇਸ ਹਾਦਸੇ ’ਚ ਦੁਕਾਨ ਮਾਲਕ ਚਾਨਣ ਸਿੰਘ ਝੁਲਸ ਗਏ ਹਨ। ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਨਾਲ ਪੀੜਤ ਪਰਿਵਾਰ ਦਾ ਰੋਜ਼ਗਾਰ ਪੂਰੀ ਤਰ੍ਹਾਂ ਖੁੱਢ ਗਿਆ ਹੈ। ਇਲਾਕੇ ਦੇ ਸਮਾਜ ਸੇਵੀਆਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੀੜਤ ਦੁਕਾਨਦਾਰ ਦੀ ਸਾਰ ਲਈ ਜਾਵੇ ਅਤੇ ਉਸ ਨੂੰ ਜਲਦ ਤੋਂ ਜਲਦ ਯੋਗ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ।


author

Inder Prajapati

Content Editor

Related News