ਪੰਜਾਬ ਦੇ ਨੈਸ਼ਨਲ ਹਾਈਵੇਅ ''ਤੇ ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ
Wednesday, May 27, 2026 - 01:11 PM (IST)
ਤਰਨਤਾਰਨ/ਨੌਸ਼ਹਿਰਾ ਪੰਨੂਆ (ਰਮਨ, ਬਲਦੇਵ ਪੰਨੂ)-ਤਰਨਤਾਰਨ ਜ਼ਿਲ੍ਹੇ ’ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਇਕ ਵਾਰ ਫਿਰ ਤੋਂ ਜ਼ੋਰ ਫੜ੍ਹ ਲਿਆ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਉਪਰ ਮੌਜੂਦ ਪਿੰਡ ਠੱਠੀਆਂ ਮਹੰਤਾਂ ਵਿਖੇ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਗੰਨ ਪੁਆਇੰਟ ਉਪਰ ਲੈਂਦੇ ਹੋਏ ਕਰੀਬ 10 ਹਜ਼ਾਰ ਰੁਪਏ ਦੀ ਖੋਹ ਕਰ ਲਈ ਗਈ।
ਕਰਮਚਾਰੀਆਂ ਵੱਲੋਂ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਹਥਿਆਰਬੰਦ ਲੁਟੇਰਿਆਂ ਵੱਲੋਂ ਕਰਮਚਾਰੀ ਦੀ ਲੱਤ ਉਪਰ ਗੋਲ਼ੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਦੋਵੇਂ ਨਕਾਬਪੋਸ਼ ਲੁਟੇਰੇ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ। ਜ਼ਖ਼ਮੀ ਹਾਲਤ ’ਚ ਪੈਟਰੋਲ ਪੰਪ ਮਾਲਕ ਵੱਲੋਂ ਤੁਰੰਤ ਆਪਣੇ ਕਰਮਚਾਰੀ ਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਮਾਮਲੇ ’ਚ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 28,29,30 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ
ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਅਧੀਨ ਆਉਂਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਮੌਜੂਦ ਸ੍ਰੀ ਗੁਰੂ ਅਮਰਦਾਸ ਜੀ ਫਿਲਿੰਗ ਸਟੇਸ਼ਨ 'ਤੇ ਕਰੀਬ ਸਵਾ ਤਿੰਨ ਵਜੇ ਸੋਮਵਾਰ ਦੋ ਮੋਟਰਸਾਈਕਲ ਸਵਾਰ ਲੁਟੇਰੇ ਆ ਪਹੁੰਚੇ, ਜਿਨ੍ਹਾਂ ਵੱਲੋਂ ਮੌਕੇ ਦੀ ਨਿਜ਼ਾਕਤ ਨੂੰ ਵੇਖਦੇ ਹੋਏ ਪਹਿਲਾਂ 500 ਰੁਪਏ ਦਾ ਮੋਟਰਸਾਈਕਲ ’ਚ ਪੈਟਰੋਲ ਪਵਾ ਲਿਆ ਗਿਆ ਅਤੇ ਜਦੋਂ ਕਰਮਚਾਰੀ ਸੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਚੌਧਰੀਵਾਲਾ ਵੱਲੋਂ ਪੈਟਰੋਲ ਦੇ ਪੈਸੇ ਮੰਗੇ ਗਏ ਤਾਂ ਉਲਟਾ ਪਿਸਤੌਲ ਦੀ ਨੋਕ ਉਪਰ ਕਰਮਚਾਰੀਆਂ ਪਾਸੋਂ ਨਕਦੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਜਦੋਂ ਪੈਸੇ ਦੇਣ ਤੋਂ ਕਰਮਚਾਰੀ ਸੁਰਜੀਤ ਸਿੰਘ ਨੇ ਇਨਕਾਰ ਕੀਤਾ ਤਾਂ ਲੁਟੇਰੇ ਵੱਲੋਂ ਹੱਥ ’ਚ ਫੜ੍ਹੇ ਪਿਸਤੌਲ ਨਾਲ ਉਸ ਦੀ ਲੱਤ 'ਤੇ ਗੋਲ਼ੀ ਮਾਰ ਦਿੱਤੀ ਗਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੰਪ 'ਤੇ ਮੌਜੂਦ ਸੁਰਜੀਤ ਸਿੰਘ ਅਤੇ ਉਸ ਦੇ ਦੂਜੇ ਸਾਥੀ ਹਰਜੀਤ ਸਿੰਘ ਪਾਸੋਂ ਕਰੀਬ 10 ਹਜ਼ਾਰ ਦੀ ਨਕਦੀ ਲੈ ਦੋਵੇਂ ਨਕਾਬਪੋਸ਼ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਦੀਪਕ ਮੈਣੀ ਪੁੱਤਰ ਪਰਮਜੀਤ ਸਿੰਘ ਮੈਣੀ ਨਿਵਾਸੀ ਨੌਸ਼ਹਿਰਾ ਪੰਨੂਆਂ ਨੇ ਦੱਸਿਆ ਕਿ ਸੁਰਜੀਤ ਸਿੰਘ ਦੀ ਲੱਤ 'ਤੇ ਗੋਲ਼ੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਮਾਲਕ ਦੀਪਕ ਮੈਣੀ ਨੇ ਪੁਲਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਾਲੀ ਦੇ ਮੁਖੀ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਭਾਲ ਪੁਲਸ ਵੱਲੋਂ ਨਾਕਾਬੰਦੀ ਕਰਦੇ ਹੋਏ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਸਿਰ 'ਚ ਕੁੱਕਰ ਮਾਰ ਕੇ ਦੋਸਤ ਦਾ ਕਰ 'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
