ਕਾਰ ਤੇ ਸਕੂਟਰੀ ਦੀ ਭਿਆਨਕ ਟੱਕਰ, ਬਜ਼ੁਰਗ ਸਮੇਤ ਚਾਰ ਜ਼ਖ਼ਮੀ; ਧਮਾਕੇ ਵਰਗੀ ਆਵਾਜ਼ ਨਾਲ ਕੰਬਿਆ ਇਲਾਕਾ
Monday, Jun 01, 2026 - 08:59 PM (IST)
ਹਲਵਾਰਾ/ਸੁਧਾਰ, (ਲਾਡੀ/ਜ. ਬ): ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਪਿੰਡ ਬੋਪਾਰਾਏ ਕਲਾਂ ਨੇੜੇ ਸੋਮਵਾਰ ਸਵੇਰੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਇਕ ਬਜ਼ੁਰਗ ਸਕੂਟਰੀ ਸਵਾਰ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਟੱਕਰ ਮਗਰੋਂ ਬੇਕਾਬੂ ਹੋਈ ਬ੍ਰੇਜ਼ਾ ਕਾਰ ਸੜਕ ਕਿਨਾਰੇ ਖੜ੍ਹੇ ਇਕ ਵਿਸ਼ਾਲ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਮੌਕੇ ’ਤੇ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 9 ਵਜੇ ਉਸ ਵੇਲੇ ਵਾਪਰਿਆ ਜਦੋਂ ਪਿੰਡ ਬੁਢੇਲ ਵੱਲੋਂ ਆ ਰਹੇ ਇਕ ਬਜ਼ੁਰਗ ਸਕੂਟੀ ਚਾਲਕ ਨੇ ਲਿੰਕ ਸੜਕ ਰਾਹੀਂ ਰਾਜਮਾਰਗ ’ਤੇ ਚੜ੍ਹ ਕੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁੱਲਾਂਪੁਰ ਵੱਲੋਂ ਆ ਰਹੀ ਬ੍ਰੇਜ਼ਾ ਕਾਰ ਨਾਲ ਉਸਦੀ ਆਮਨੇ-ਸਾਮਨੇ ਭਿਆਨਕ ਟੱਕਰ ਹੋ ਗਈ।
ਚਸ਼ਮਦੀਦਾਂ ਅਨੁਸਾਰ ਕਾਰ ਚਾਲਕ ਨੇ ਸਕੂਟਰੀ ਸਵਾਰ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ, ਪਰ ਹਾਦਸਾ ਟਾਲਿਆ ਨਾ ਜਾ ਸਕਿਆ। ਟੱਕਰ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਕਾਰ ਬੇਕਾਬੂ ਹੋ ਕੇ ਰਾਜਮਾਰਗ ਕਿਨਾਰੇ ਖੜ੍ਹੇ ਇਕ ਵੱਡੇ ਦਰੱਖਤ ਨਾਲ ਜਾ ਟਕਰਾਈ। ਟੱਕਰ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ, ਜਿਸਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਧਮਾਕੇ ਵਰਗੀ ਆਵਾਜ਼ ਕਰਾਰ ਦਿੱਤਾ। ਹਾਦਸੇ ਤੋਂ ਤੁਰੰਤ ਬਾਅਦ ਇਲਾਕੇ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਕਾਫੀ ਮੁਸ਼ੱਕਤ ਮਗਰੋਂ ਕਾਰ ਵਿੱਚ ਫਸੇ ਪਤੀ-ਪਤਨੀ ਸਮੇਤ ਤਿੰਨ ਸਵਾਰਾਂ ਨੂੰ ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਡਾਕਟਰਾਂ ਮੁਤਾਬਕ ਸਕੂਟਰੀ ਸਵਾਰ ਬਜ਼ੁਰਗ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅਗਲੇ ਇਲਾਜ ਲਈ ਲੁਧਿਆਣਾ ਰੈਫਰ ਕੀਤਾ ਗਿਆ ਸੀ, ਹਾਲਾਂਕਿ ਸ਼ਾਮ ਤੱਕ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ। ਉੱਧਰ, ਕਾਰ ਵਿੱਚ ਸਵਾਰ ਤਿੰਨਾਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਛੁੱਟੀ ਦੇ ਦਿੱਤੀ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੁਧਾਰ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਨੁਕਸਾਨੀ ਗਈ ਕਾਰ ਤੇ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਸੁਧਾਰ ਦੇ ਥਾਣੇਦਾਰ ਮਨੋਹਰ ਲਾਲ ਨੇ ਦੱਸਿਆ ਕਿ ਮਾਮਲੇ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
