ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ ਕਾਰਨ ਸੜ ਕੇ ਸੁਆਹ ਹੋਈ ਦੁਕਾਨ, ਦੁਕਾਨਦਾਰ ਨੇ ਪਾਵਰਕੌਮ ਨੂੰ ਦੱਸਿਆ ਜਿੰਮੇਵਾਰ
Wednesday, May 27, 2026 - 01:41 PM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ): ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੇ ਸਥਿਤ ਹਾਰਡਵੇਅਰ ਦੀ ਇਕ ਦੁਕਾਨ ਨੂੰ ਦੁਕਾਨ ਦੇ ਬਾਹਰ ਤੋਂ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ ਨੇ ਸਾੜ ਕੇ ਪੂਰੀ ਤਰ੍ਹਾਂ ਨਾਲ ਸੁਆਹ ਕਰ ਦਿੱਤਾ। ਅੱਧੀ ਰਾਤ ਨੂੰ ਕਰੀਬ 2 ਵਜੇ ਬਿਜਲੀ ਦੀਆਂ ਤਾਰਾਂ ਨੂੰ ਸ਼ਾਰਟ ਸਰਕਟ ਕਰਨ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਪੂਰੀ ਦੁਕਾਨ ਨੂੰ ਲਪੇਟ ਵਿਚ ਲੈ ਲਿਆ। ਦੁਕਾਨ ਦੇ ਅੰਦਰ ਰੱਖਿਆ ਕੈਮੀਕਲ, ਫੈਵੀਕੋਲ ਅਤੇ ਪਲਾਈਵੁਡ ਦੇਖਦੇ ਹੀ ਦੇਖਦੇ ਧੂੰ-ਧੂੰ ਕਰਕੇ ਸੜਨ ਲੱਗ ਪਏ।
ਹਾਲਾਂਕਿ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਣ 'ਤੇ ਤੁਰੰਤ ਫਾਇਰ ਬ੍ਰਿਗੇਡ ਪਹੁੰਚ ਗਈ ਅਤੇ ਤੁਰੰਤ ਅੱਗ ਬੁਝਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ, ਪਰ ਕੈਮੀਕਲ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਫਾਇਰ ਬਿਰਗੇਡ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੁਕਾਨ ਨੂੰ ਸੜਨ ਤੋਂ ਬਚਾਇਆ ਨਹੀਂ ਜਾ ਸਕਿਆ। ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ ਅਤੇ ਨਜ਼ਦੀਕ ਦੀਆਂ ਦੁਕਾਨਾਂ 'ਤੇ ਰਿਹਾਇਸ਼ਾਂ ਦਾ ਨੁਕਸਾਨ ਹੋਣ ਤੋਂ ਬਚਾਅ ਲਿਆ। ਦੁਕਾਨਦਾਰ ਅਨੁਸਾਰ ਉਸ ਦਾ 30 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਪਰ ਦੁਕਾਨਦਾਰ ਨੂੰ ਦੋਸ਼ ਹੈ ਕਿ ਪਾਵਰਕੌਮ ਨੂੰ ਸੂਚਿਤ ਕਰਨ ਦੇ ਬਾਵਜੂਦ ਡੇਢ ਘੰਟੇ ਤੱਕ ਸਪਲਾਈ ਬੰਦ ਨਹੀਂ ਕੀਤੀ ਗਈ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ। ਜੇਕਰ ਸਮੇਂ ਸਿਰ ਸਪਲਾਈ ਬੰਦ ਕਰ ਦਿੱਤੀ ਜਾਂਦੀ ਤਾਂ ਤਾਰਾਂ ਤੇ ਲੱਗੀ ਅੱਗ ਜ਼ਿਆਦਾ ਨਹੀਂ ਫੈਲਣੀ ਸੀ।
ਦੁਕਾਨਦਾਰ ਰਾਹੁਲ ਅਨੁਸਾਰ ਉਨ੍ਹਾਂ ਦੀ ਰਮਨ ਪਲਾਈਵੁੱਡ ਨਾਂ ਦੀ ਗੀਤਾ ਭਵਨ ਰੋਡ ਤੇ ਹਾਰਡਵੇਅਰ ਅਤੇ ਪਲਾਈਵੁੱਡ ਦੀ ਦੁਕਾਨ ਹੈ ਅਤੇ ਉਨ੍ਹਾਂ ਦੀ ਰਿਹਾਇਸ਼ ਵੀ ਦੁਕਾਨ ਦੇ ਉੱਪਰ ਹੀ ਹੈ। ਰਾਤ 2 ਵਜੇ ਦੇ ਕਰੀਬ ਉਨ੍ਹਾਂ ਨੂੰ ਅਚਾਨਕ ਮਹਿਸੂਸ ਹੋਇਆ ਕਿ ਕੁਝ ਸੜ ਰਿਹਾ ਹੈ ਤੇ ਜਦੋਂ ਦੁਕਾਨ ਦੇ ਅੰਦਰੋਂ ਧੂਆਂ ਉਠਦਾ ਦੇਖਿਆ ਤਾਂ ਉਹ ਤੁਰੰਤ ਬਾਹਰ ਆਏ ਅਤੇ ਦੇਖਿਆ ਕਿ ਦੁਕਾਨ ਦੇ ਬਾਹਰ ਦੋ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਪਾਵਰਕੌਮ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਤਾਂ ਮੌਕੇ 'ਤੇ ਪਹੁੰਚ ਗਈ, ਪਰ ਪਾਵਰਕੌਮ ਦੇ ਕਿਸੇ ਅਧਿਕਾਰੀ ਨੇ ਇਸ ਵੱਲ ਧਿਆਨ ਨਾ ਦਿੱਤਾ ਜਿਸ ਕਾਰਨ ਤਾਰਾਂ ਦੀ ਅੱਗ ਕਾਰਨ ਦੇਖਦੇ ਹੀ ਦੇਖਦੇ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ 30 ਲੱਖ ਰੁਪਏ ਦੇ ਕਰੀਬ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਤੇ ਦੁਕਾਨ ਦੀ ਇਮਾਰਤ ਦਾ ਜੋ ਨੁਕਸਾਨ ਹੋਇਆ ਹੈ ਉਹ ਵੱਖਰਾ ਹੈ ਅਤੇ ਇਸ ਦਾ ਸਾਰੇ ਦਾ ਸਾਰਾ ਜਿੰਮੇਦਾਰ ਪਾਵਰਕੌਮ ਹੈ। ਉੱਥੇ ਹੀ ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਕੈਮੀਕਲ ਅਤੇ ਫੈਵੀਕੋਲ ਹੋਣ ਕਾਰਨ ਦੁਕਾਨ ਨੂੰ ਲੱਗੀ ਅੱਗ ਤੇਜ਼ੀ ਨਾਲ ਫੈਲੀ ਸੀ ਇਸ ਕਾਰਨ ਸਮਾਨ ਤਾਂ ਬਚਾਇਆ ਨਹੀਂ ਜਾ ਸਕਿਆ ਪਰ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਕੇ ਨਜ਼ਦੀਕ ਦੇ ਰਿਹਾਇਸ਼ੀ ਇਲਾਕੇ ਅਤੇ ਦੁਕਾਨਾਂ ਨੂੰ ਸੜਨ ਤੋਂ ਬਚਾ ਲਿਆ ਹੈ।
