ਫਰਨੀਚਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ! ਕੂੜੇ ਤੋਂ ਮਚੇ ਭਾਂਬੜ, ਢਾਈ ਘੰਟੇ ਬਾਅਦ ਪਹੁੰਚੀ ਫ਼ਾਇਰ ਬ੍ਰਿਗੇਡ
Friday, Jun 05, 2026 - 01:03 PM (IST)
ਫਿਰੋਜ਼ਪੁਰ (ਸੰਨੀ ਚੋਪੜਾ): ਫ਼ਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਮੇਨ ਬਾਜ਼ਾਰ ਵਿਚ ਫਰਨੀਚਰ ਦੀ ਦੁਕਾਨ 'ਤੇ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸ਼ਹਿਰ ਵਿਚ ਫਾਇਰ ਬ੍ਰਿਗੇਡ ਦੀ ਸਹੂਲਤ ਨਾ ਹੋਣ ਕਾਰਨ ਦੁਕਾਨਦਾਰਾਂ ਵਿਚ ਭਾਰੀ ਰੋਸ ਹੈ, ਕਿਉਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੂਜੇ ਸ਼ਹਿਰਾਂ ਤੋਂ ਆਉਣ ਕਾਰਨ ਦੇਰੀ ਨਾਲ ਪਹੁੰਚਦੀਆਂ ਹਨ।
ਇਹ ਘਟਨਾ ਸ਼ੁੱਕਰਵਾਰ ਸਵੇਰੇ ਗਿਲਹੋਤਰਾ ਫਰਨੀਚਰ ਹਾਊਸ ਵਿਚ ਵਾਪਰੀ, ਜਿੱਥੇ ਅੱਗ ਨੇ ਦੁਕਾਨਦਾਰ ਦੀ ਸਾਲਾਂ ਦੀ ਮਿਹਨਤ ਨੂੰ ਪਲ ਭਰ ਵਿਚ ਬਰਬਾਦ ਕਰ ਦਿੱਤਾ। ਦੁਕਾਨ ਵਿਚ ਰੱਖਿਆ ਲੱਕੜ ਦਾ ਫਰਨੀਚਰ, ਮਸ਼ੀਨਰੀ ਅਤੇ ਹੋਰ ਸਾਮਾਨ ਤੇਜ਼ੀ ਨਾਲ ਫੈਲੀ ਅੱਗ ਦੀ ਲਪੇਟ ਵਿਚ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਪਿਛਲੇ ਪਾਸੇ ਇਕ ਸਫਾਈ ਕਰਮਚਾਰੀ ਵੱਲੋਂ ਕੂੜੇ ਨੂੰ ਲਗਾਈ ਅੱਗ ਦੀਆਂ ਚੰਗਿਆੜੀਆਂ ਤੇਜ਼ ਹਵਾ ਕਾਰਨ ਦੁਕਾਨ ਦੇ ਅੰਦਰ ਚਲੀਆਂ ਗਈਆਂ ਸਨ।
ਸਥਾਨਕ ਲੋਕਾਂ ਨੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਲੋਕਾਂ ਨੇ ਦੋਸ਼ ਲਾਇਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਤੋਂ ਕਰੀਬ ਢਾਈ ਘੰਟੇ ਬਾਅਦ ਪਹੁੰਚੀਆਂ, ਜਦੋਂ ਕਿ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀ। ਗੁਰੂਹਰਸਹਾਏ ਵਿਚ ਸਥਾਈ ਫਾਇਰ ਸਟੇਸ਼ਨ ਨਾ ਹੋਣ ਕਾਰਨ ਫ਼ਿਰੋਜ਼ਪੁਰ, ਜਲਾਲਾਬਾਦ ਜਾਂ ਮੁਕਤਸਰ ਤੋਂ ਗੱਡੀਆਂ ਬੁਲਾਉਣੀਆਂ ਪੈਂਦੀਆਂ ਹਨ, ਜਿਸ ਨਾਲ ਰਾਹਤ ਕਾਰਜਾਂ ਵਿਚ ਦੇਰੀ ਹੁੰਦੀ ਹੈ।
ਦੁਕਾਨਦਾਰ ਪ੍ਰਿੰਸ ਗਿਲਹੋਤਰਾ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਮੌਕੇ 'ਤੇ ਪਹੁੰਚੇ ਐੱਸ.ਡੀ.ਐੱਮ. ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸਥਾਨਕ ਵਪਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਗੁਰੂਹਰਸਹਾਏ ਵਿਚ ਸਥਾਈ ਫਾਇਰ ਸਟੇਸ਼ਨ ਨਾ ਬਣਾਇਆ ਗਿਆ ਤਾਂ ਭਵਿੱਖ ਵਿਚ ਅਜਿਹੇ ਹੋਰ ਵੱਡੇ ਹਾਦਸੇ ਵਾਪਰ ਸਕਦੇ ਹਨ।
