ਪੈਟਰੋਲ ਪੰਪ ''ਤੇ ਮਹਿਲਾ ਮੁਲਾਜ਼ਮ ਨਾਲ ਛੇੜਛਾੜ ਮਾਮਲੇ ''ਚ ਨਵਾਂ ਮੋੜ! ਪੁਲਸ ਨੂੰ ਹਦਾਇਤਾਂ ਜਾਰੀ
Friday, Jun 05, 2026 - 12:42 PM (IST)
ਲੁਧਿਆਣਾ (ਖੁਰਾਣਾ): ਲੁਧਿਆਣਾ ਦੇ ਭਾਰਤ ਨਗਰ ਚੌਕ ਦੇ ਨੇੜੇ ਸਥਿਤ ਭਾਰਤ ਪੈਟਰੋਲੀਅਮ ਦੇ ਇਕ ਪੈਟਰੋਲ ਪੰਪ 'ਤੇ ਕੰਮ ਕਰਦੀ ਮਹਿਲਾ ਮੁਲਾਜ਼ਮ ਨਾਲ ਪੰਪ ਦੇ ਮੈਨੇਜਰ ਵੱਲੋਂ ਕੀਤੀ ਗਈ ਕਥਿਤ ਛੇੜਛਾੜ ਦੇ ਮਾਮਲੇ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਕਮਿਸ਼ਨ ਨੇ ਇਸ ਘਟਨਾ ਦਾ ਸੂਓ ਮੋਟੋ ਨੋਟਿਸ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ?
ਪ੍ਰਾਪਤ ਜਾਣਕਾਰੀ ਅਨੁਸਾਰ, ਭਾਰਤ ਨਗਰ ਚੌਕ ਦੇ ਕੋਲ ਪੈਂਦੇ BPCL ਪੈਟਰੋਲ ਪੰਪ 'ਤੇ ਤਾਇਨਾਤ ਇਕ ਮਹਿਲਾ ਮੁਲਾਜ਼ਮ ਨੇ ਪੰਪ ਦੇ ਮੈਨੇਜਰ 'ਤੇ ਛੇੜਛਾੜ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ 'ਤੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਹ ਮਾਮਲਾ ਮਹਿਲਾ ਕਮਿਸ਼ਨ ਦੇ ਧਿਆਨ ਵਿਚ ਆਇਆ ਸੀ।
ਕਮਿਸ਼ਨ ਵੱਲੋਂ ਪੁਲਸ ਨੂੰ ਸਖ਼ਤ ਹਦਾਇਤਾਂ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਦੇ ਹੁਕਮਾਂ 'ਤੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਇਕ ਅਧਿਕਾਰਤ ਪੱਤਰ ਜਾਰੀ ਕੀਤਾ ਗਿਆ ਹੈ। ਕਮਿਸ਼ਨ ਨੇ ਪੁਲਸ ਨੂੰ ਹਦਾਇਤ ਕੀਤੀ ਹੈ ਕਿ ਇਸ ਕੇਸ ਦੀ ਤੁਰੰਤ ਕਿਸੇ ਸੀਨੀਅਰ ਅਧਿਕਾਰੀ ਤੋਂ ਪੜਤਾਲ ਕਰਵਾਈ ਜਾਵੇ। ਮਹਿਲਾ ਕਮਿਸ਼ਨ ਨੇ ਪੁਲਸ ਪ੍ਰਸ਼ਾਸਨ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਕੀਤੀ ਗਈ ਕਾਰਵਾਈ ਸਬੰਧੀ ਪੂਰੀ ਰਿਪੋਰਟ 8 ਜੂਨ ਤੱਕ ਕਮਿਸ਼ਨ ਨੂੰ ਈ-ਮੇਲ ਰਾਹੀਂ ਭੇਜੀ ਜਾਵੇ।
