ਅੰਮ੍ਰਿਤਸਰ: BSF ਨੇ 7 ਦਿਨਾਂ ’ਚ ਫੜੀ ਹੈਰੋਇਨ ਦੀ ਵੱਡੀ ਖੇਪ; ਖੇਪ ਸੁੱਟ ਕੇ ਵਾਪਸ ਪਰਤ ਰਹੇ ਡਰੋਨ
Friday, May 22, 2026 - 02:00 PM (IST)
ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਨਸ਼ਿਆਂ ਦੀ ਰੋਕਥਾਮ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਸਰਹੱਦੀ ਪਿੰਡਾਂ ਵਿਚ ਡਰੋਨਾਂ ਦੀ ਹਲਚਲ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿਚ ਸਰਹੱਦੀ ਪਿੰਡ ਡੱਲੇ ਵਿਚ ਪਾਕਿਸਤਾਨ ਵਾਲੇ ਪਾਸੇ ਤੋਂ ਆਇਆ ਇਕ ਡਰੋਨ ਭਾਰਤੀ ਸਰਹੱਦ ਦੇ 6 ਕਿਲੋਮੀਟਰ ਤੱਕ ਅੰਦਰ ਲੰਘ ਆਇਆ। ਇਹ ਡਰੋਨ ਲਗਾਤਾਰ ਦੂਜੀ ਵਾਰ 18 ਕਿੱਲੋ ਹੈਰੋਇਨ ਦੀ ਵੱਡੀ ਖੇਪ ਸੁੱਟਣ ਤੋਂ ਬਾਅਦ ਸੁਰੱਖਿਅਤ ਵਾਪਸ ਪਰਤ ਗਿਆ, ਪਰ ਖ਼ੁਫੀਆ ਤੰਤਰ ਦੀ ਮੁਸਤੈਦੀ ਕਾਰਨ ਹੈਰੋਇਨ ਦੀ ਇਹ ਖੇਪ ਸਮੱਗਲਰਾਂ ਦੀ ਬਜਾਏ ਬੀ. ਐੱਸ. ਐੱਫ. ਦੇ ਹੱਥ ਲੱਗ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਬੱਸ ਹਾਦਸਾ, 2 ਯਾਤਰੀਆਂ ਦੀ ਮੌਤ, ਕਈ ਵਾਹਨ ਚਪੇਟ 'ਚ ਆਏ
ਜੇਕਰ ਪਿੰਡ ਡੱਲੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਜ਼ਿਲੇ ਦੇ ਪਾਕਿਸਤਾਨ ਨਾਲ ਲੱਗਦੇ ਉਨ੍ਹਾਂ ਇਕ ਦਰਜਨ ਬਦਨਾਮ ਪਿੰਡਾਂ ਵਿਚ ਇਸ ਪਿੰਡ ਦਾ ਨਾਮ ਨਹੀਂ ਆਉਂਦਾ, ਜਿੱਥੇ ਆਏ ਦਿਨ ਡਰੋਨ ਦੀ ਹਲਚਲ ਹੁੰਦੀ ਹੈ। ਆਈ. ਬੀ. (ਕੌਮਾਂਤਰੀ ਸਰਹੱਦ) ਤੋਂ ਇਹ ਪਿੰਡ ਪੰਜ ਤੋਂ ਛੇ ਕਿਲੋਮੀਟਰ ਪਿੱਛੇ ਹੈ, ਪਰ ਸਮੱਗਲਰਾਂ ਵੱਲੋਂ ਹੁਣ ਅਜਿਹੇ ਸ਼ਾਂਤ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿੱਥੇ ਬੀ. ਐੱਸ. ਐੱਫ. ਅਤੇ ਪੁਲਸ ਦੀ ਗਸ਼ਤ ਘੱਟ ਹੁੰਦੀ ਹੈ। ਲਗਾਤਾਰ ਦੂਜੀ ਵਾਰ ਇੰਨੀ ਵੱਡੀ ਖੇਪ ਦਾ ਫੜਿਆ ਜਾਣਾ ਇਹ ਸਾਬਤ ਕਰ ਰਿਹਾ ਹੈ ਕਿ ਇੱਥੇ ਵੀ ਸਮੱਗਲਰਾਂ ਵੱਲੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਦੁਬਈ ਜਾ ਰਹੀ ਮਹਿਲਾ ਯਾਤਰੀ ਦੀ ਤਲਾਸ਼ੀ ਲੈਣ 'ਤੇ ਉਡੇ ਹੋਸ਼
ਸਮੱਗਲਰਾਂ ਦਾ ਕੋਈ ਅਤਾ-ਪਤਾ ਨਹੀਂ
ਪਿੰਡ ਡੱਲੇ ਵਿਚ ਬੀਤੇ 7 ਦਿਨਾਂ ਦੌਰਾਨ ਬੀ. ਐੱਸ. ਐੱਫ. ਵੱਲੋਂ ਕੁੱਲ 36 ਕਿੱਲੋ ਹੈਰੋਇਨ ਫੜੀ ਜਾ ਚੁੱਕੀ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਹਰ ਵਾਰ ਇਕੋ ਹੀ ਲੋਕੇਸ਼ਨ (ਜਗ੍ਹਾ) ’ਤੇ ਹੈਰੋਇਨ ਦੀ ਖੇਪ ਨੂੰ ਸੁੱਟਿਆ ਗਿਆ ਹੈ। ਇਸ ਦੇ ਬਾਵਜੂਦ ਅਜੇ ਤੱਕ ਇੱਥੇ ਸਰਗਰਮ ਸਥਾਨਕ ਸਮੱਗਲਰਾਂ ਦਾ ਕੋਈ ਅਤਾ-ਪਤਾ ਨਹੀਂ ਲੱਗ ਸਕਿਆ। ਸਰਹੱਦੀ ਪਿੰਡਾਂ ਵਿਚ ਜਿੱਥੇ ਹਨੇਰਾ ਹੁੰਦੇ ਹੀ ਲੋਕ ਆਪਣੇ ਘਰਾਂ ਵਿਚ ਸੌਂ ਜਾਂਦੇ ਹਨ, ਅਜਿਹੇ ਹਾਲਾਤ ਵਿਚ ਜੇਕਰ ਕੋਈ ਸ਼ੱਕੀ ਵਿਅਕਤੀ ਆਉਂਦਾ-ਜਾਂਦਾ ਹੈ ਤਾਂ ਉਸ ਨੂੰ ਆਸਾਨੀ ਨਾਲ ਟਰੇਸ ਕੀਤਾ ਜਾ ਸਕਦਾ ਹੈ। ਜਦੋਂ ਤੱਕ ਸੁਰੱਖਿਆ ਏਜੰਸੀਆਂ ਵੱਲੋਂ ਇਸ ਇਲਾਕੇ ਦੇ ਮੁੱਖ ਸਮੱਗਲਰ ਨੂੰ ਫੜਿਆ ਨਹੀਂ ਜਾਂਦਾ, ਉਦੋਂ ਤੱਕ ਇਸ ਨੈੱਟਵਰਕ ਦਾ ਪਰਦਾਫਾਸ਼ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ- ਪੰਜਾਬ: ਗੱਡੀ ਸਮੇਤ ਸਰਹੱਦ ਪਾਰ ਕਰ ਭਾਰਤ ਪਹੁੰਚੇ 2 ਪਾਕਿਸਤਾਨੀ ਨਾਗਰਿਕ ਹਿਰਾਸਤ ’ਚ, ਜਾਂਚ ਏਜੰਸੀਆਂ ਅਲਰਟ
ਐੱਨ. ਆਈ. ਏ. ਵੱਲੋਂ ਪੁਰਤਗਾਲ ਤੋਂ ਇਕਬਾਲ ਸਿੰਘ ਸ਼ੇਰਾ ਗ੍ਰਿਫ਼ਤਾਰ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਜੂਨ 2019 ਦੌਰਾਨ ਫੜੀ ਗਈ 532 ਕਿੱਲੋ ਹੈਰੋਇਨ ਦੇ ਮਾਮਲੇ ਵਿਚ ਅਜੇ ਤੱਕ ਜਾਂਚ ਜਾਰੀ ਹੈ। ਐੱਨ. ਆਈ. ਏ. ਵੱਲੋਂ ਮੁੱਖ ਮੁਲਜ਼ਮ ਰਣਜੀਤ ਸਿੰਘ ਚੀਤਾ ਦੇ ਖੁਲਾਸੇ ਤੋਂ ਬਾਅਦ ਹੁਣ ਪੁਰਤਗਾਲ ਤੋਂ ਅੰਤਰਰਾਸ਼ਟਰੀ ਸਮੱਗਲਰ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਇਸ ਨਸ਼ਾ ਤਸਕਰੀ ਦੇ ਮਾਮਲੇ ਵਿਚ ਕੁਝ ਹੋਰ ਵੱਡੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪੜ੍ਹੋ-ਪਾਕਿਸਤਾਨ ਨੂੰ ਲਾਈਵ ਫੁਟੇਜ ਭੇਜਣ ਵਾਲਾ ਮੁਲਜ਼ਮ ਗ੍ਰਿਫਤਾਰ, ਪੰਜਾਬ-ਜੰਮੂ ਹਾਈਵੇ 'ਤੇ ਲਾਏ ਸਨ ਕੈਮਰੇ
ਵਿਲੇਜ ਡਿਫੈਂਸ ਕਮੇਟੀਆਂ ਅਤੇ ਐਂਟੀ ਡਰੋਨ ਸਿਸਟਮ ਨਾਕਾਮਯਾਬ
ਸਰਹੱਦੀ ਇਲਾਕਿਆਂ ਵਿਚ ਸਮੱਗਲਿੰਗ ਨੂੰ ਰੋਕਣ ਲਈ ਸਰਕਾਰ ਵੱਲੋਂ ‘ਵਿਲੇਜ ਡਿਫੈਂਸ ਕਮੇਟੀਆਂ’ (ਪਿੰਡ ਸੁਰੱਖਿਆ ਕਮੇਟੀਆਂ) ਦਾ ਗਠਨ ਕੀਤਾ ਗਿਆ ਸੀ। ਪਰ ਹਾਲ ਹੀ ਵਿਚ ਪੁਲਸ ਵੱਲੋਂ ਇਕ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਸਮੱਗਲਰਾਂ ਨਾਲ ਮਿਲੀਭੁਗਤ ਕਰੀ ਬੈਠਾ ਸੀ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਬਾਰਡਰ ’ਤੇ ਕਰੋੜਾਂ ਦੀ ਲਾਗਤ ਨਾਲ ਐਂਟੀ ਡਰੋਨ ਸਿਸਟਮ ਲਗਾਏ ਗਏ ਹਨ। ਪਰ ਜਿਸ ਤਰ੍ਹਾਂ ਆਏ ਦਿਨ ਘੁਸਪੈਠ ਹੋ ਰਹੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਇਹ ਸਿਸਟਮ ਵੀ ਨਾਕਾਮਯਾਬ ਸਿੱਧ ਹੋ ਰਹੇ ਹਨ। ਸਮੱਗਲਰਾਂ ਵੱਲੋਂ ਹੁਣ ਆਧੁਨਿਕ ‘ਹੈਕਸਾਕਾਪਟਰ ਡਰੋਨ’ ਉਡਾਏ ਜਾ ਰਹੇ ਹਨ, ਜੋ 7 ਤੋਂ 8 ਕਿਲੋਮੀਟਰ ਤੱਕ ਅੰਦਰ ਘੁਸਪੈਠ ਕਰਨ ਦੇ ਸਮਰੱਥ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
