ਮਹਾਰਾਸ਼ਟਰ ਜਾਣ ਵਾਲੀਆਂ ਰੇਲ ਗੱਡੀਆਂ ''ਚ 400 ਤੋਂ ਵੱਧ ਸੀਟਾਂ ਜਾ ਰਹੀਆਂ ਖਾਲੀ

06/08/2020 4:57:36 PM

ਜਲੰਧਰ (ਗੁਲਸ਼ਨ)— ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਰੇਲਵੇ ਨੇ ਇਕ 1 ਜੂਨ ਤੋਂ ਦੇਸ਼ ਦੇ ਵੱਖ-ਵੱਖ ਮਾਰਗਾਂ 'ਤੇ 100 ਜੋੜੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਹਨ। ਇਨ੍ਹਾਂ 'ਚੋਂ ਅੰਮ੍ਰਿਤਸਰ ਤੋਂ ਵੀ ਲਗਭਗ 7 ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਅੰਮ੍ਰਿਤਸਰ-ਕੋਲਕਾਤਾ, ਨੰਦੇੜ ਜਾਣ ਵਾਲੀ ਸੱਚਖੰਡ ਐਕਸਪ੍ਰੈੱਸ, ਬਾਂਦਰਾ ਟਰਮੀਨਲ ਮੁੰਬਈ ਵੱਲ ਜਾਣ ਵਾਲੀਆਂ ਪੱਛਮੀ ਐਕਸਪ੍ਰੈੱਸ, ਗੋਲਡਨ ਟੈਂਪਲ, ਹਰੀਦੁਆਰ ਜਾਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ, ਬਿਹਾਰ ਵੱਲ ਜਾਣ ਵਾਲੀ ਸ਼ਹੀਦ ਐਕਸਪ੍ਰੈੱਸ ਅਤੇ ਕਰਮ ਭੂਮੀ ਐਕਸਪ੍ਰੈੱਸ ਟਰੇਨਾਂ ਸ਼ਾਮਲ ਹਨ।

ਇਨ੍ਹੀਂ ਦਿਨੀਂ ਮਹਾਰਾਸ਼ਟਰ 'ਚ ਕੋਰੋਨਾ ਦਾ ਪ੍ਰਕੋਪ ਕਾਫੀ ਵੱਧ ਗਿਆ ਹੈ, ਜਿਸ ਕਾਰਨ ਵਪਾਰੀ ਉੱਧਰ ਜਾਣ ਤੋਂ ਕਤਰਾ ਰਹੇ ਹਨ। ਅੰਮ੍ਰਿਤਸਰ ਤੋਂ ਮਹਾਰਾਸ਼ਟਰ ਦੇ ਨੰਦੇੜ ਅਤੇ ਮਨਮਾੜ ਜਾਣ ਵਾਲੀ ਸੱਚਖੰਡ ਐਕਸਪ੍ਰੈੱਸ ਜਿਸ 'ਚ ਪੱਕੀਆਂ ਸੀਟਾਂ ਮਿਲਣਾ ਬੜੀ ਵੱਡੀ ਗੱਲ ਹੁੰਦੀ ਸੀ, ਹੁਣ ਇਨ੍ਹਾਂ ਰੇਲ ਗੱਡੀਆਂ 'ਚ 400 ਤੋਂ ਜ਼ਿਆਦਾ ਸੀਟਾਂ ਖਾਲੀ ਜਾ ਰਹੀਆਂ ਹਨ। ਗਰਮੀ ਦਾ ਮੌਸਮ ਆਉਣ ਦੇ ਬਾਵਜੂਦ ਏ. ਸੀ. ਕੋਚ ਲਈ ਸਵਾਰੀ ਹੀ ਨਹੀਂ ਮਿਲ ਰਹੀ। ਰੇਲਵੇ ਸੂਤਰਾਂ ਮੁਤਾਬਕ ਸੱਚਖੰਡ ਐਕਸਪ੍ਰੈੱਸ 'ਚ 5 ਥਰਡ ਏ. ਸੀ. ਕੋਚ ਹਨ, ਜਿਨ੍ਹਾਂ 'ਚ ਲਗਭਗ 360 ਯਾਤਰੀ ਸਵਾਰ ਹੁੰਦੇ ਹਨ।

7 ਜੂਨ ਨੂੰ ਥਰਡ ਏ. ਸੀ. ਕੋਚ ਲਈ ਸਿਰਫ 2 ਯਾਤਰੀ ਹੀ ਟਿਕਟ ਬੁੱਕ ਸਨ। ਬਾਕੀ ਸਾਰੇ ਕੋਚ ਖਾਲੀ ਸਨ। ਉੱਧਰ ਮਹਾਰਾਸ਼ਟਰ ਦੇ ਬਾਂਦਰਾ ਟਰਮੀਨਲ ਮੁੰਬਈ ਵੱਲ ਜਾਣ ਵਾਲੀਆਂ ਟਰੇਨਾਂ ਪੱਛਮੀ ਐਕਸਪ੍ਰੈੱਸ ਅਤੇ ਗੋਲਡਨ ਟੈਂਪਲ ਮੇਲ ਤਕਰੀਬਨ ਫੁੱਲ ਆ ਰਹੀਆਂ ਹਨ। ਇਸ ਦਾ ਮਤਲਬ ਮਹਾਰਾਸ਼ਟਰ ਤੋਂ ਦਿੱਲੀ,ਪੰਜਾਬ, ਹਰਿਆਣਾ ਵੱਲੋਂ ਭਾਰੀ ਗਿਣਤੀ 'ਚ ਲੋਕ ਆ ਰਹੇ ਹਨ। ਇਸ ਦੌਰਾਨ ਇਹ ਵੀ ਪਤਾ ਲਗਾ ਹੈ ਕਿ ਯੂ. ਪੀ. ਅਤੇ ਬਿਹਾਰ ਵੱਲ ਜਾਣ ਵਾਲੀਆਂ ਰੇਲ ਗੱਡੀਆਂ 'ਚ ਲੰਬੀ ਵੇਟਿੰਗ ਚਲ ਰਹੀ ਹੈ।


shivani attri

Content Editor

Related News