ਮਹਾਰਾਸ਼ਟਰ ’ਚ ਪਵਾਰ ਦਾ ਪਰਿਵਾਰ ਟੁੱਟਿਆ, ਨਨਾਣ-ਭਰਜਾਈ ਆਹਮੋ-ਸਾਹਮਣੇ
Monday, Apr 01, 2024 - 12:05 PM (IST)
ਨਵੀਂ ਦਿੱਲੀ- ਦੇਸ਼ ਦੀ ਸਿਆਸਤ ’ਚ ਇਕ ਵੇਲੇ ਪੀ. ਐੱਮ. ਅਹੁਦੇ ਦੇ ਮਜ਼ਬੂਤ ਦਾਅਵੇਦਾਰ ਰਹੇ ਸ਼ਰਦ ਪਵਾਰ ਦੇ ਪਰਿਵਾਰ ਵਿਚ ਪਹਿਲੀ ਵਾਰ ਫੈਮਿਲੀ ਫਾਈਟ ਵੇਖਣ ਨੂੰ ਮਿਲੇਗੀ। ਸੂਬੇ ਦੀ ਬਾਰਾਮਤੀ ਸੀਟ ’ਤੇ ਸ਼ਰਦ ਪਵਾਰ ਦੀ ਬੇਟੀ ਸੁਪ੍ਰੀਆ ਸੁਲੇ ਖਿਲਾਫ ਉੱਪ-ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਚੋਣ ਲੜੇਗੀ। ਅਜੀਤ ਤੇ ਸੁਪ੍ਰੀਆ ਚਚੇਰੇ ਭੈਣ-ਭਰਾ ਹਨ। ਇਸ ਰਿਸ਼ਤੇ ਨਾਲ ਸੁਪ੍ਰੀਆ ਤੇ ਸੁਨੇਤਰਾ ਨਨਾਣ-ਭਰਜਾਈ ਹਨ। ਸੁਪ੍ਰੀਆ ਨੇ 2009, 2014 ਤੇ 2019 ’ਚ ਇੱਥੋਂ ਜਿੱਤ ਦਰਜ ਕੀਤੀ ਸੀ। ਸੁਨੇਤਰਾ ਪਹਿਲੀ ਵਾਰ ਚੋਣਾਂ ’ਚ ਉਤਰੀ ਹੈ। ਮਹਾਰਾਸ਼ਟਰ ’ਚ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਪਵਾਰ ਪਰਿਵਾਰ ’ਚ ਆਹਮੋ-ਸਾਹਮਣੇ ਦੀ ਲੜਾਈ ਵੇਖਣ ਨੂੰ ਮਿਲੇਗੀ। ਪਵਾਰ ਪਰਿਵਾਰ ਦੇ ਗੜ੍ਹ ਬਾਰਾਮਤੀ ਤੋਂ ਸੁਨੇਤਰਾ ਪਰਿਵਾਰ ਦੀ ਉਮੀਦਵਾਰੀ ਦੇ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਪਵਾਰ ਫੈਮਿਲੀ ਹੁਣ ਦੋ ਹਿੱਸਿਆਂ ਿਵਚ ਟੁੱਟ ਗਈ ਹੈ। ਵਰ੍ਹਿਆਂ ਤਕ ਮਹਾਰਾਸ਼ਟਰ ਦੀ ਸਿਆਸਤ ਵਿਚ ਦਬਦਬਾ ਰੱਖਣ ਵਾਲੇ ਸ਼ਰਦ ਪਵਾਰ ਕ੍ਰਿਸ਼ਮਾਈ ਢੰਗ ਨਾਲ ਆਪਣੇ ਪਰਿਵਾਰ ਨੂੰ ਇਕਜੁੱਟ ਰੱਖਣ ’ਚ ਸਫਲ ਹੋਏ ਸਨ ਪਰ ਬਾਰਾਮਤੀ ’ਚ ਫੈਮਿਲੀ ਫਾਈਟ ਨਾਲ ਹੁਣ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਪਵਾਰ ਪਰਿਵਾਰ ਹੁਣ ਇਕਜੁੱਟ ਨਹੀਂ।
ਇਕ ਵੇਲਾ ਅਜਿਹਾ ਵੀ ਸੀ ਜਦੋਂ ਆਪਣੇ ਗੜ੍ਹ ਬਾਰਾਮਤੀ ’ਚ ਸ਼ਰਦ ਪਵਾਰ ਨੂੰ ਪ੍ਰਚਾਰ ਦੀ ਲੋੜ ਵੀ ਨਹੀਂ ਪੈਂਦੀ ਸੀ। ਐੱਨ. ਸੀ. ਪੀ. ’ਚ ਪਿਛਲੇ ਸਾਲ ਦੋ-ਫਾੜ ਹੋਣ ’ਤੇ ਇਸ ਨੂੰ ਸਿਆਸੀ ਟੁੱਟ ਮੰਨਿਆ ਗਿਆ ਸੀ ਪਰ ਬਾਰਾਮਤੀ ’ਚ ਪਵਾਰ ਬਨਾਮ ਪਵਾਰ ਤੋਂ ਸਪਸ਼ਟ ਹੈ ਕਿ ਹੁਣ ਇਹ ਪਰਿਵਾਰ ਵੀ ਇਕਜੁੱਟ ਨਹੀਂ ਹੈ। ਸੁਪ੍ਰੀਆ ਸੁਲੇ ਨੂੰ ਆਸ ਹੈ ਕਿ ਉਹ ਆਪਣੇ ਕੰਮ ਦੀ ਬਦੌਲਤ ਮੁੜ ਜਿੱਤ ਹਾਸਲ ਕਰੇਗੀ, ਨਹੀਂ ਤਾਂ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਨੂੰ ਆਸ ਹੈ ਕਿ ਮਹਾਗੱਠਜੋੜ ਦੇ ਵੋਟ ਬੈਂਕ ਅਤੇ ਨਿੱਜੀ ਕੁਨੈਕਸ਼ਨਾਂ ਨਾਲ ਬਾਜ਼ੀ ਉਨ੍ਹਾਂ ਦੇ ਹੱਥਾਂ ਵਿਚ ਆਏਗੀ। ਬਾਰਾਮਤੀ ਦੀ ਜਿੱਤ-ਹਾਰ ਨਾਲ ਸ਼ਰਦ ਪਵਾਰ ਤੇ ਅਜੀਤ ਪਵਾਰ ਦਾ ਸਿਆਸੀ ਕੱਦ ਤੈਅ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e