ਦਿਲਚਸਪ ਚੋਣ ਨਾਅਰੇ, ਜਿਨ੍ਹਾਂ ਨੇ ਚੱਲਦੀਆਂ ਕੀਤੀਆਂ ਸਰਕਾਰਾਂ, ਭਾਜਪਾ ਦਾ ਨਾਅਰਾ ‘ਅਬ ਕੀ ਬਾਰ 400 ਪਾਰ’

Thursday, Mar 28, 2024 - 10:16 AM (IST)

ਦਿਲਚਸਪ ਚੋਣ ਨਾਅਰੇ, ਜਿਨ੍ਹਾਂ ਨੇ ਚੱਲਦੀਆਂ ਕੀਤੀਆਂ ਸਰਕਾਰਾਂ, ਭਾਜਪਾ ਦਾ ਨਾਅਰਾ ‘ਅਬ ਕੀ ਬਾਰ 400 ਪਾਰ’

ਨੈਸ਼ਨਲ ਡੈਸਕ (ਨਰੇਸ਼ ਕੁਮਾਰ)- ਦੇਸ਼ ’ਚ ਆਮ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਭਾਜਪਾ ‘ਅਬ ਕੀ ਬਾਰ 400 ਕੇ ਪਾਰ’ ਅਤੇ ਕਾਂਗਰਸ ‘ਅਬ ਹੋਗਾ ਨਿਆਏ’ ਦੇ ਨਾਅਰੇ ਨਾਲ ਚੋਣ ਮੈਦਾਨ ’ਚ ਹਨ। ਇਹ ਪਹਿਲੀਆਂ ਚੋਣਾਂ ਨਹੀਂ ਹਨ ਜਦੋਂ ਦੇਸ਼ ’ਚ ਚੋਣ ਨਾਅਰਿਆਂ ਦੀ ਬਹਾਰ ਹੈ। ਪਿਛਲੀਆਂ ਚੋਣਾਂ ਦੌਰਾਨ ਭਾਜਪਾ ਨੇ ਇਕ ਵਾਰ ਫਿਰ ਮੋਦੀ ਸਰਕਾਰ ਦਾ ਨਾਅਰਾ ਦਿੱਤਾ ਸੀ ਅਤੇ ਦੂਜੀ ਵਾਰ ਸੱਤਾ ’ਚ ਆਉਣ ’ਚ ਸਫ਼ਲ ਰਹੀ ਸੀ। ਅੱਜ ਅਸੀਂ ਉਨ੍ਹਾਂ ਨਾਅਰਿਆਂ ’ਤੇ ਚਰਚਾ ਕਰਾਂਗੇ, ਜਿਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਸੱਤਾ ਦਿਵਾਈ ਵੀ ਅਤੇ ਸੱਤਾ ਖੋਹ ਵੀ ਲਈ। ਆਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ ’ਚ ਕਾਂਗਰਸ ਦੇ ਚੋਣ ਨਿਸ਼ਾਨ ਬਲਦਾਂ ਦੀ ਜੋੜੀ ਦੇ ਵਿਰੁੱਧ ਜਨ ਸੰਘ ਨੇ ਨਾਅਰਾ ਦਿੱਤਾ ਸੀ, ‘ਦੇਖੋ, ਦੀਏ ਕਾ ਖੇਲ, ਜਲੀ ਝੌਂਪੜੀ, ਭਾਗੇ ਬੈਲ’, ਜਨ ਸੰਘ ਦਾ ਚੋਣ ਨਿਸ਼ਾਨ ਉਦੋਂ ਦੀਵੇ ਬੱਤੀ ਸੀ। ਕਾਂਗਰਸ ਨੇ ਜਵਾਬੀ ਹਮਲਾ ਬੋਲਿਆ, ਨਾਅਰਾ ਸੀ, ‘ਇਸ ਦੀਏ ਮੇਂ ਤੇਲ ਨਹੀਂ, ਸਰਕਾਰ ਬਨਾਨਾ ਖੇਲ ਨਹੀਂ’।

ਐਮਰਜੈਂਸੀ ਤੋਂ ਬਾਅਦ ਆਇਆ ਨਾਅਰਿਆਂ ਦਾ ਹੜ੍ਹ
1975 ਦੀ ਐਮਰਜੈਂਸੀ ਨੇ ਤਾਂ ਕਈ ਚੋਣ ਨਾਅਰਿਆਂ ਨੂੰ ਜਨਮ ਦਿੱਤਾ। ਉਸ ਸਮੇਂ ਦੌਰਾਨ ਇਕ ਨਾਅਰਾ ਬਹੁਤ ਮਸ਼ਹੂਰ ਹੋਇਆ ਸੀ, ‘ਜ਼ਮੀਨ ਗਈ ਚਕਬੰਦੀ ਮੇਂ, ਮਰਦ ਗਈ ਨਸਬੰਦੀ ਮੇਂ, ਨਸਬੰਦੀ ਕੇ ਤੀਨ ਦਲਾਲ- ਇੰਦਰਾ, ਸੰਜੇ, ਬੰਸੀਲਾਲ।’ ‘ਸੰਜੇ ਕੀ ਮੰਮੀ ਬੜੀ ਨਿਕੰਮੀ’, ‘ਬੇਟਾ ਕਾਰ ਬਨਾਤਾ ਹੈ, ਮੰਮੀ ਬੇਕਾਰ ਬਨਾਤੀ ਹੈ।’ ਇਨ੍ਹਾਂ ਨਾਅਰਿਆਂ ਕਾਰਨ ਵਿਰੋਧੀ ਧਿਰ ਨੇ ਐਮਰਜੈਂਸੀ ਦੇ ਦਰਦ ਨੂੰ ਖੂਬ ਛਿੱਲਿਆ ਅਤੇ ਨਤੀਜਾ ਇਹ ਹੋਇਆ ਕਿ ਇੰਦਰਾ ਗਾਂਧੀ ਅਤੇ ਕਾਂਗਰਸ ਬੁਰੀ ਤਰ੍ਹਾਂ ਚੋਣਾਂ ਹਾਰ ਗਏ।

‘ਚਿਕਮੰਗਲੂਰ ਭਈ ਚਿਕਮੰਗਲੂਰ, ਏਕ ਸ਼ੇਰਨੀ, ਸੌ ਲੰਗੂਰ’ ਨਾਲ ਛਾ ਗਈ ਇੰਦਰਾ ਗਾਂਧੀ
ਜਨਤਾ ਪਾਰਟੀ ਦੀ ਸਰਕਾਰ ਦੇ ਡਿੱਗਣ ਤੋਂ ਬਾਅਦ ਜਦੋਂ ਇੰਦਰਾ ਨੇ ਕਰਨਾਟਕ ਦੇ ਚਿਕਮੰਗਲੂਰ ਤੋਂ ਉਪ ਚੋਣ ਲੜੀ ਤਾਂ ਉਸ ਸਮੇਂ ਕਾਂਗਰਸ ਨੇਤਾ ਦੇਵਰਾਜ ਉਰਸ ਨੇ ਨਾਅਰਾ ਦਿੱਤਾ ਸੀ ‘ਚਿਕਮਗਲੂਰ ਭਈ ਚਿਕਮੰਗਲੂਰ, ਏਕ ਸ਼ੇਰਨੀ, 10 ਲੰਗੂਰ’। ਇਹ ਨਾਅਰਾ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਿਆ ਅਤੇ ਇਸੇ ਨਾਅਰੇ ’ਤੇ ਚੜ੍ਹ ਕੇ ਇੰਦਰਾ ਨੇ ਸੰਸਦ ’ਚ ਵਾਪਸੀ ਕਰ ਲਈ। 1980 ਦੀਆਂ ਚੋਣਾਂ ਦਾ ਬਹੁਤੇ ਖੱਬੇਪੱਖੀਆਂ ਨੇ ਨਾਅਰਾ ਦਿੱਤਾ ਕਿ ‘ਚਲੇਗਾ ਮਜ਼ਦੂਰ, ਉੜੇਗੀ ਧੂਲ, ਨਾ ਬਚੇਗਾ ਹਾਥ, ਨਾ ਰਹੇਗਾ ਫੂਲ’ ਪਰ ਆਖਰਕਾਰ ਸ਼੍ਰੀਕਾਂਤ ਵਰਮਾ ਦੇ ਲਿਖੇ ਨਾਅਰੇ- ‘ਨਾ ਜਾਤ ਪਰ ਨਾ ਪਤ ਪਰ, ਇੰਦਰਾ ਜੀ ਕੀ ਬਾਤ ਪਰ, ਮੋਹਰ ਲਗੇਗੀ ਹਾਥ ਪਰ’ ਨੇ ਬਾਜ਼ੀ ਮਾਰੀ।

ਅਗਲੀਆਂ ਚੋਣਾਂ ਆਉਂਦੇ-ਆਉਂਦੇ ਇੰਦਰਾ ਦੀ ਹੱਤਿਆ ਹੋ ਚੁੱਕੀ ਸੀ। ਕਾਮਰੇਡਾਂ ਨੇ ਨਾਅਰਾ ਦਿੱਤਾ- ‘ਲਾਲ ਕਿਲੇ ਪਰ ਲਾਲ ਨਿਸ਼ਾਨ, ਮਾਂਗ ਰਹਾ ਹਿੰਦੁਸਤਾਨ।’ ਪਰ ਕਾਂਗਰਸ ਦੇ ਨਾਅਰੇ ‘ਜਦ ਤੱਕ ਸੂਰਜ ਚਾਂਦ ਰਹੇਗਾ, ਇੰਦਰਾ ਤੇਰਾ ਨਾਮ ਰਹੇਗਾ’ ਨੇ ਪਾਰਟੀ ਨੂੰ ਭਾਰੀ ਬਹੁਮਤ ਦਿਵਾਇਆ। 1989 ’ਚ ਵੀ. ਪੀ. ਸਿੰਘ ਦੀ ਅਗਵਾਈ ’ਚ ਸਰਕਾਰ ਬਣੀ। ਉਸ ਦੌਰ ਦਾ ਮਸ਼ਹੂਰ ਨਾਅਰਾ ਸੀ-‘ਰਾਜਾ ਨਹੀਂ ਫਕੀਰ ਹੈ, ਦੇਸ਼ ਕੀ ਤਕਦੀਰ ਹੈ’। ਇਹ ਹੋਰ ਗੱਲ ਹੈ ਕਿ 1990 ’ਚ ਮੰਡਲ ਕਮਿਸ਼ਨ ਅੰਦੋਲਨ ਨੇ ਵੀ. ਪੀ. ਸਿੰਘ ਦੀ ਕਿਸਮਤ ਨੂੰ ਬਤੌਰ ਪੀ. ਐੱਮ. ਗ੍ਰਹਿਣ ਲਗਾ ਦਿੱਤਾ। ਉਦੋਂ ਉਨ੍ਹਾਂ ਲਈ ਨਾਅਰਾ ਲੱਗਾ ਸੀ-‘ਗੋਲੀ ਮਾਰੋ ਮੰਡਲ ਕੋ, ਇਸ ਰਾਜਾ ਕੋ ਕਮੰਡਲ ਦੋ’। ਇਸ ਤੋਂ ਬਾਅਦ ਦੀਆਂ ਚੋਣਾਂ ਦਾ ਸਭ ਤੋਂ ਵੱਧ ਮਸ਼ਹੂਰ ਨਾਅਰਾ ਬੀ. ਜੇ. ਪੀ. ਨੇ ਦਿੱਤਾ ਸੀ ‘ਸੌਗੰਧ ਰਾਮ ਕੀ ਖਾਤੇ ਹੈਂ, ਮੰਦਿਰ ਵਹੀਂ ਬਨਾਏਂਗੇ’। ਫਿਰ ਬੀ. ਜੇ. ਪੀ. ਦਾ ਨਵਾਂ ਨਾਅਰਾ ਆਇਆ ‘ਅਟਲ ਅਡਵਾਨੀ ਕਮਲ ਨਿਸ਼ਾਨ, ਮਾਂਗ ਰਹਾ ਹਿੰਦੁਸਤਾਨ’। ਇਨ੍ਹਾਂ ਚੋਣਾਂ ’ਚ ਇਹ ਵੀ ਆਇਆ, ‘ਸਬ ਕੋ ਦੇਖਾ ਬਾਰੀ-ਬਾਰੀ, ਅਬ ਕੀ ਬਾਰੀ ਅਟਲ ਬਿਹਾਰੀ’। ਫਿਰ ਇਸ ਤੋਂ ਬਾਅਦ ਚੋਣਾਂ ਵਿਚ ਕੋਈ ਅਜਿਹਾ ਨਾਅਰਾ ਨਹੀਂ ਆਇਆ ਜੋ ਹਰ ਕਿਸੇ ਦੀ ਜ਼ੁਬਾਨ ’ਤੇ ਰਿਹਾ ਹੋਵੇ। ਪਰ 2014 ’ਚ ‘ਅੱਛੇ ਦਿਨ ਆਨੇ ਵਾਲੇ ਹੈਂ’ ਦੇ ਨਾਅਰੇ ਨੇ ਕਮਾਲ ਦਿਖਾਇਆ ਅਤੇ ਮੋਦੀ ਲਹਿਰ ਨੇ ਪਹਿਲੀ ਵਾਰ ਬੀ. ਜੇ. ਪੀ. ਦੀ ਸਪੱਸ਼ਟ ਬਹੁਮਤ ਵਾਲੀ ਸਰਕਾਰ ਬਣਾਈ।

ਖੇਤਰੀ ਪਾਰਟੀਆਂ ਵੀ ਪਿੱਛੇ ਨਹੀਂ
ਨਾਅਰਿਆਂ ਦੀ ਸਿਆਸਤ ’ਚ ਖੇਤਰੀ ਪਾਰਟੀਆਂ ਵੀ ਪਿੱਛੇ ਨਹੀਂ ਹਨ। ਕਿਸੇ ਜ਼ਮਾਨੇ ’ਚ ਬਿਹਾਰ ’ਚ ਉੱਚੀਆਂ ਜਾਤੀਆਂ ਦੇ ਖਿਲਾਫ ਲਾਲੂ ਪ੍ਰਸਾਦ ਯਾਦਵ ਦਾ ਨਾਅਰਾ, ‘ਭੂਰਾ ਬਾਲ ਸਾਫ਼ ਕਰੋ’, ‘ਜਬ ਤੱਕ ਰਹੇਗਾ ਸਮੋਸੇ ਮੇਂ ਆਲੂ, ਤਬ ਤੱਕ ਰਹੇਗਾ ਬਿਹਾਰ ਮੇਂ ਲਾਲੂ’ ਅਤੇ ‘ਊਪਰ ਆਸਮਾਨ, ਨੀਚੇ ਪਾਸਵਾਨ’ ਬਹੁਤ ਮਸ਼ਹੂਰ ਰਹੇ ਸੀ। ਦੂਜੇ ਪਾਸੇ ਬਸਪਾ ਨੇ ਸਪਾ ਖਿਲਾਫ ਨਾਅਰਾ ਦਿੱਤਾ ਸੀ, ‘ਚੜ ਗੁੰਡੋਂ ਕੀ ਛਾਤੀ ਪਰ, ਮੋਹਰ ਲਗੇਗੀ ਹਾਥੀ ਪਰ’।ਬਸਪਾ ਨੇ ਹੀ ਇਕ ਸਮੇਂ ਯੂ. ਪੀ. ’ਚ ਨਾਅਰਾ ਦਿੱਤਾ ਸੀ, ‘ਤਿਲਕ, ਤਰਾਜੂ ਔਰ ਤਲਵਾਰ, ਇਨ ਕੋ ਮਾਰੋ ਜੂਤੇ ਚਾਰ’। ਹਾਲਾਂਕਿ ਬਾਅਦ ’ਚ ਜਦੋਂ ਪਾਰਟੀ ਦੀ ਹਾਲਤ ਵਿਗੜੀ ਤਾਂ ਬਸਪਾ ਨੇ ਕਥਿਤ ਸੋਸ਼ਲ ਇੰਜਨੀਅਰਿੰਗ ਦੇ ਦੌਰ ’ਚ ਨਾਅਰਾ ਬਦਲ ਕੇ ਇਸ ਤਰ੍ਹਾਂ ਕਰ ਦਿੱਤਾ, ‘ਹਾਥੀ ਨਹੀਂ ਗਣੇਸ਼ ਹੈ, ਬ੍ਰਹਮਾ ਵਿਸ਼ਨੂੰ ਮਹੇਸ਼ ਹੈ’, ‘ਪੰਡਤ ਸ਼ੰਖ ਬਜਾਏਗਾ, ਹਾਥੀ ਬੜਤਾ ਜਾਏਗਾ’। ਜਦੋਂ ਸਪਾ ਅਤੇ ਬਸਪਾ ਨੇ ਮਿਲ ਕੇ ਬੀ. ਜੇ. ਪੀ. ਨੂੰ ਹਰਾਇਆ ਤਾਂ ਉਸ ਵੇਲੇ ਚੋਣਾਂ ’ਚ ਨਾਅਰਾ ਸੀ, ‘ਮਿਲੇ ਮੁਲਾਇਮ ਔਰ ਕਾਂਸ਼ੀ ਰਾਮ, ਹਵਾ ਮੇਂ ਉੜੇਗਾ ਜੈ ਸ਼੍ਰੀ ਰਾਮ’। ਓਧਰ, ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ’ਚ ‘ਮਾਂ ਮਾਟੀ ਔਰ ਮਾਨੁਸ਼’ ਦਾ ਨਾਅਰਾ ਦਿੱਤਾ, ਜਿਸ ਨੂੰ ਹੱਥੋ-ਹੱਥ ਲਿਆ ਗਿਆ।


author

Tanu

Content Editor

Related News