ਰੇਲ ਕੋਚ ਫੈਕਟਰੀ ਵੱਲੋਂ ਵਿੱਤੀ ਵਰ੍ਹੇ 2023-24 ’ਚ 1901 ਕੋਚਾਂ ਦਾ ਹੋਇਆ ਰਿਕਾਰਡ ਨਿਰਮਾਣ

04/04/2024 2:09:46 PM

ਕਪੂਰਥਲਾ (ਮੱਲ੍ਹੀ)-ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਕਰਮਚਾਰੀਆਂ ਨੇ ਅਨੋਖਾ ਹੁਨਰ ਵਿਖਾਉਂਦੇ ਹੋਏ ਪਿਛਲੇ ਸਾਲਾਂ ਦੇ ਮੁਕਾਬਲੇ ਸਾਲ 2023-24 ਦੌਰਾਨ 1901 ਕੋਚਾਂ ਦਾ ਨਿਰਮਾਣ ਕਰਕੇ ਸਭ ਤੋਂ ਵੱਧ ਸਾਲਾਨਾ ਕੋਚ ਉਤਪਾਦਨ ਦਾ ਰਿਕਾਰਡ ਕਾਇਮ ਕੀਤਾ ਹੈ। ਇਸ ਦੇ ਨਾਲ ਆਰ. ਸੀ. ਐੱਫ਼. ਵਿਚ ਮਾਰਚ 2024 ’ਚ 207 ਕੋਚ ਅਤੇ 208 ਸੈੱਲਾਂ ਦਾ ਉਤਪਾਦਨ ਕਰਕੇ ਹੁਣ ਤੱਕ ਦਾ ਸਭ ਤੋਂ ਵੱਧ ਮਾਸਿਕ ਉਤਪਾਦਨ ਪ੍ਰਾਪਤ ਕੀਤਾ ਗਿਆ ਹੈ।

ਪਿਛਲੇ ਸਾਲ ਆਰ. ਸੀ. ਐੱਫ਼. ਨੇ ਬਹੁਤ ਸਾਰੇ ਨਵੇਂ ਉਤਪਾਦਾਂ ਦਾ ਨਿਰਮਾਣ ਕਰ ਕੇ ਦੇਸ਼ ਵਿਚ ਵਿਸ਼ੇਸ਼ ਪ੍ਰਸਿੱਧੀ ਪ੍ਰਾਪਤ ਕੀਤੀ ਹੈ, ਜਿਸ ਵਿਚ ਕਸ਼ਮੀਰ ਘਾਟੀ ਦੇ ਇਲੈਕਟ੍ਰੀਫਾਈਡ ਟਰੈਕ ’ਤੇ ਚੱਲ ਰਹੇ ਥ੍ਰੀ ਫੇਜ਼ ਮੇਮੂ ਕੋਚਾਂ ਅਤੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਸੈਕਸ਼ਨ ਲਈ ਰਾਜਧਾਨੀ ਕੋਚਾਂ ਦਾ ਨਿਰਮਾਣ ਸ਼ਾਮਲ ਹੈ। ਇਸ ਸਾਲ ਆਰ. ਸੀ. ਐੱਫ਼. ਨੇ ਨਾ ਸਿਰਫ਼ ਥ੍ਰੀ ਫੇਜ਼ ਮੇਮੂ ਕੋਚਾਂ ਦੇ ਹੁਣ ਤੱਕ ਦੇ ਸਭ ਤੋਂ ਵੱਧ 41 ਰੇਕ ਬਣਾਏ ਹਨ, ਸਗੋਂ ਪਿਛਲੇ ਵਰ੍ਹੇ ਦੇ ਥ੍ਰੀ ਫੇਜ਼ ਮੇਮੂ ਦੇ 25 ਰੈਕਾਂ ਦੇ ਨਿਰਮਾਣ ਦੇ ਮੁਕਾਬਲੇ 64 ਫੀਸਦੀ ਦਾ ਵਾਧਾ ਵੀ ਦਰਜ ਕੀਤਾ ਹੈ।
ਇਹ ਵੀ ਧਿਆਨ ਦੇਣ ਯੋਗ ਹੈ ਕਿ ਸਾਲ 2023-24 ਵਿਚ ਆਰ. ਸੀ. ਐੱਫ਼. ’ਚ 734 ਏ. ਸੀ. ਥ੍ਰੀ-ਟੀਅਰ ਇਕਨੋਮੀ ਕੋਚਾਂ ਸਮੇਤ 1217 ਏਅਰ ਕੰਡੀਸ਼ਨਡ ਕੋਚਾਂ ਦਾ ਨਿਰਮਾਣ ਕੀਤਾ ਗਿਆ। ਨਾਨ ਏ. ਸੀ. ਕਲਾਸ ਵਿਚ 216 ਐੱਲ. ਐੱਚ. ਬੀ. ਸਲੀਪਰ, 98 ਦੀਨ ਦਿਆਲੂ ਅਤੇ 316 ਥ੍ਰੀ ਫੇਜ਼ ਮੇਮੂ ਕੋਚ ਸ਼ਾਮਲ ਹਨ। ਆਰ. ਸੀ. ਐੱਫ਼. ਨੇ ਸਾਲ 2022-23 ’ਚ 1651 ਕੋਚਾਂ ਦੇ ਉਤਪਾਦਨ ਦੇ ਮੁਕਾਬਲੇ ਸਾਲ 2023-24 ਵਿਚ 15 ਫ਼ੀਸਦੀ ਦੀ ਵਾਧਾ ਦਰਜ ਕੀਤਾ। ਕੋਚਾਂ ਦੇ ਵਧੇ ਹੋਏ ਉਤਪਾਦਨ ਲਈ ਬੁਨਿਆਦੀ ਢਾਂਚੇ ਦਾ ਵੀ ਵਿਸਤਾਰ ਕੀਤਾ ਗਿਆ ਹੈ, ਜਿਸ ਵਿਚ ਵੰਦੇ ਭਾਰਤ ਕੋਚ ਸ਼ੈੱਡ ਸ਼ਾਮਲ ਹਨ।

ਇਹ ਵੀ ਪੜ੍ਹੋ: ਨਡਾਲਾ 'ਚ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਲਟੀਆਂ ਖਾ ਕੇ ਡਿੱਗੀ XUV ਗੱਡੀ, ਦੋ ਦੀ ਮੌਤ

ਕੋਚ ਨਿਰਮਾਣ ਵਿਚ ਕਈ ਪ੍ਰਾਪਤੀਆਂ ਤੋਂ ਇਲਾਵਾ ਆਰ. ਸੀ. ਐੱਫ਼. ਨੇ ਸਾਲ 2023-24 ਵਿਚ 4301 ਕਰੋੜ ਰੁਪਏ ਦੇ ਰਿਕਾਰਡ ਇਸ਼ੂ ਦੇ ਨਾਲ ਹੁਣ ਤੱਕ ਦਾ ਸਭ ਤੋਂ ਵਧੀਆ ਟਰਨਓਵਰ ਅਨੁਪਾਤ ਪ੍ਰਾਪਤ ਕੀਤਾ ਹੈ। ਸਕਰੈਪ ਦੀ ਵਿਕਰੀ ਵਿਚ ਰੇਲਵੇ ਬੋਰਡ ਦੁਆਰਾ ਦਿੱਤੇ ਗਏ 20 ਕਰੋੜ ਰੁਪਏ ਦੇ ਟੀਚੇ ਨੂੰ ਪਾਰ ਕਰਦੇ ਹੋਏ, ਆਰ. ਸੀ. ਐੱਫ਼. ਵਿਚ 21.48 ਕਰੋੜ ਰੁਪਏ ਦੀ ਰਿਕਾਰਡ ਸਕਰੈਪ ਦੀ ਵਿਕਰੀ ਹੋਈ ਹੈ।
ਇਸ ਮੌਕੇ ਆਰ. ਸੀ. ਐੱਫ. ਦੇ ਜਨਰਲ ਮੈਨੇਜਰ ਐੱਸ. ਸ਼੍ਰੀਨਿਵਾਸ ਨੇ ਸਮੂਹ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਵਿੱਤੀ ਸਾਲ ਵਿਚ ਅਸੀਂ ਕੋਚ ਨਿਰਮਾਣ ਦਾ ਅੰਕੜਾ 2500 ਤੋਂ ਪਾਰ ਲੈ ਜਾਣਾ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨਾ ਕੋਈ ਔਖਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਸਾਲ ਵਿਚ ਆਰ. ਸੀ. ਐੱਫ. ਨੇ ਵੰਦੇ ਮੈਟਰੋ, ਵੰਦੇ ਭਾਰਤ ਸਲੀਪਰ, ਹਾਈ ਸਪੀਡ ਸਵੈਚਾਲਿਤ ਐਕਸੀਡੈਂਟ ਰਿਲੀਫ ਟਰੇਨ, ਸਵੈਚਾਲਿਤ ਇੰਸਪੈਕਸ਼ਨ ਕਾਰ ਅਤੇ ਅੰਮ੍ਰਿਤ ਭਾਰਤ ਟਰੇਨ ਲਈ ਨਵੇਂ ਕੋਚ ਬਣਾਉਣੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਰ. ਸੀ. ਐੱਫ਼. ਆਪਣੇ ਤਕਨੀਕੀ ਹੁਨਰ ਅਤੇ ਦ੍ਰਿੜ੍ਹ ਇਰਾਦੇ ਨਾਲ ਇਸ ਕੰਮ ਨੂੰ ਨਿਸ਼ਚਿਤ ਸਮੇਂ ਅੰਦਰ ਪੂਰਾ ਕਰ ਲਵੇਗਾ।

ਇਹ ਵੀ ਪੜ੍ਹੋ: ਜਲੰਧਰ 'ਚ ਐਨਕਾਊਂਟਰ ਦੌਰਾਨ ਫੜੇ ਗਏ ਚਿੰਟੂ ਗਰੁੱਪ ਦੇ ਬਦਮਾਸ਼ ਦੀ ਮੌਤ, ਭੈਣ ਨੇ ਲਗਾਏ ਗੰਭੀਰ ਦੋਸ਼
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News