ਕੋਰੋਨਾ ਵਾਇਰਸ : 80 ਸਾਲਾ ਬਜ਼ੁਰਗ ਔਰਤ ਦੀ ਰਿਪੋਰਟ ਆਈ ਪਾਜ਼ੇਟਿਵ

06/23/2020 2:53:54 AM

ਕਪੂਰਥਲਾ,(ਮਹਾਜਨ)- ਸੋਮਵਾਰ ਨੂੰ ਕਪੂਰਥਲਾ ਦੇ ਬਾਬਾ ਨਾਮਦੇਵ ਕਾਲੋਨੀ ਦੀ ਇਕ 80 ਸਾਲਾ ਬਜ਼ੁਰਗ ਔਰਤ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਸ਼ਹਿਰ ’ਚ ਫਿਰ ਹਲਚਲ ਮਚ ਗਈ ਹੈ। ਉਕਤ ਔਰਤ ਦਾ ਜਲੰਧਰ ਵਿਖੇ ਕੋਰੋਨਾ ਸੈਂਪਲ ਲਿਆ ਗਿਆ ਸੀ, ਜਿਸਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲਾ ਕਪੂਰਥਲਾ ’ਚ ਕੋਰੋਨਾ ਪਾਜ਼ੇਟਿਵ ਦੇ ਮਰੀਜ਼ ਦਿਨੋ-ਦਿਨ ਵੱਧਦੇ ਜਾ ਰਹੇ ਹਨ, ਜਦਕਿ ਲੋਕ ਅਜੇ ਵੀ ਸੋਸ਼ਲ ਡਿਸਟੈਸਿੰਗ ਨੂੰ ਮਹਿਜ ਇਕ ਹੁਕਮ ਮੰਨ ਕੇ ਆਪਣੀ ਮਨਮਰਜ਼ੀ ਕਰ ਰਹੇ ਹਨ ਜੋ ਕਿਸੇ ਵੇਲੇ ਵੀ ਭਾਰੀ ਪੈ ਸਕਦੀ ਹੈ। ਸ਼ਹਿਰ ’ਚ ਸੋਮਵਾਰ ਨੂੰ ਪ੍ਰੀਤ ਨਗਰ, ਮੁਹੱਬਤ ਨਗਰ, ਸੁਲਤਾਨਪੁਰ ਰੋਡ, ਦੇ ਨਾਲ-ਨਾਲ ਹੋਰ ਵੀ ਇਲਾਕਿਆ ’ਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਵੇ ਕੀਤਾ ਗਿਆ। ਇਸ ਸਰਵੇ ਦੌਰਾਨ ਸੈਂਪਲਿੰਗ ਵੀ ਕੀਤੀ ਗਈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲੇ ’ਚ ਸੋਮਵਾਰ ਤੱਕ ਕਰੀਬ 8412 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 7826 ਦੇ ਕਰੀਬ ਸੈਂਪਲ ਨੈਗੇਟਿਵ ਪਾਏ ਗਏ ਹਨ, 524 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ ਤੇ 75 ਕੇਸ ਪਾਜ਼ੇਟਿਵ ਆਏ ਹਨ, 9 ਕੇਸ ਹੋਰ ਜ਼ਿਲਿਆਂ ਦੇ ਪਾਜ਼ੇਟਿਵ ਹਨ, 48 ਮਰੀਜ਼ ਠੀਕ ਹੋ ਚੁੱਕੇ ਹਨ, 16 ਐਕਟਿਵ ਕੇਸ ਹਨ, 4 ਦੀ ਮੌਤ ਹੋ ਚੁੱਕੀ ਹੈ, 282 ਐੱਨ. ਆਰ. ਆਈ. ਕੇਸ ਤੇ ਅੰਤਰ-ਰਾਜੀ ਯਾਤਰੀਆਂ ਦੇ 781 ਕੇਸ ਹਨ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਕੁੱਲ 242 ਸੈਂਪਲ ਲਏ ਗਏ ਜਿਨ੍ਹਾਂ ’ਚੋਂ ਕਪੂਰਥਲਾ ਤੋਂ 90, ਸੁਲਤਾਨਪੁਰ ਲੋਧੀ ਤੋਂ 17, ਕਾਲਾ ਸੰਘਿਆਂ ਤੋਂ 15, ਫੱਤੂਢੀਂਗਾ ਤੋਂ 33, ਟਿੱਬਾ ਤੋਂ 23, ਬੇਗੋਵਾਲ ਤੋਂ 19, ਭੁਲੱਥ ਤੋਂ 30 ਤੇ ਆਰ. ਸੀ. ਐੱਫ. ਤੋਂ 15 ਲਏ ਗਏ ਹਨ।

ਫਗਵਾੜਾ ’ਚ 73 ਵਿਅਕਤੀਆਂ ਦੇ ਲਏ ਸੈਂਪਲ

ਫਗਵਾੜਾ, (ਹਰਜੋਤ)-ਸਿਹਤ ਵਿਭਾਗ ਵੱਲੋਂ ਅੱਜ ਸਾਰਾ ਦਿਨ ਸੈਂਪਲਿੰਗ ਦਾ ਦੌਰ ਜਾਰੀ ਰਿਹਾ ਹੈ। ਜਿਸ ਤਹਿਤ ਅੱਜ ਸਿਹਤ ਵਿਭਾਗ ਵੱਲੋਂ 73 ਨਵੇਂ ਸੈਂਪਲ ਲਏ ਗਏ ਹਨ। ਸਿਹਤ ਸੂਤਰਾਂ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪੁਲੀਸ ਮੁਲਾਜ਼ਮਾ ਤੇ ਉਨ੍ਹਾਂ ਦੇ ਸੰਪਰਕ 'ਚ ਆਏ ਵਿਅਕਤੀ ਦੀ ਜਾਂਚ ਕਰ ਕੇ ਸੈਂਪਲ ਲੈ ਕੇ ਭੇਜੇ ਗਏ ਹਨ ਤੇ ਉਨ੍ਹਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਤੇ ਅੱਜ 73 ਸੈਂਪਲ ਲਏ ਗਏ ਹਨ। ਉੱਧਰ ਸਿਹਤ ਵਿਭਾਗ ਦੇ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਵੀ ਘਬਰਾਉਣ ਨਾ ਸਗੋਂ ਸੁਚੇਤ ਰਹਿਣ ਤੇ ਮਾਸਕ ਪਹਿਨਣ, ਹੱਥ ਧੋਣ ਤੇ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਨੂੰ ਲਾਗੂ ਕਰਨ ਜਿਸ ਨਾਲ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ।


Bharat Thapa

Content Editor

Related News