ਸਮਾਰਟ ਸਿਟੀ ਦੇ ਘਪਲਿਆਂ ’ਤੇ ਆਈ ਕੈਗ ਰਿਪੋਰਟ ਬਣੇਗੀ ਵਿਜੀਲੈਂਸ ਤੇ ਕੇਂਦਰੀ ਏਜੰਸੀ ਦੀ ਜਾਂਚ ਦਾ ਆਧਾਰ

Thursday, Apr 25, 2024 - 11:34 AM (IST)

ਜਲੰਧਰ (ਖੁਰਾਣਾ)–ਕੰਟਰੋਲਰ ਐਂਡ ਆਡਿਟਰ ਜਨਰਲ ਆਫ਼ ਇੰਡੀਆ (ਕੈਗ) ਦੀ ਟੀਮ ਨੇ ਕੁਝ ਮਹੀਨੇ ਪਹਿਲਾਂ ਜਲੰਧਰ ਸਮਾਰਟ ਸਿਟੀ ਦੇ ਖਾਤਿਆਂ ਦਾ ਆਡਿਟ ਕਰਕੇ ਜੋ ਰਿਪੋਰਟ ਤਿਆਰ ਕੀਤੀ ਹੈ, ਉਸ ਦੇ ਜਨਤਕ ਹੁੰਦੇ ਹੀ ਜਿੱਥੇ ਪੰਜਾਬ ਦੀ ਅਫ਼ਸਰਸ਼ਾਹੀ ਵਿਚ ਹੜਕੰਪ ਮਚ ਗਿਆ ਹੈ, ਉਥੇ ਹੀ ਜਲੰਧਰ ਸਮਾਰਟ ਸਿਟੀ ਵਿਚ ਪਿਛਲੇ ਸਾਲਾਂ ਦੌਰਾਨ ਹੋਏ ਘਪਲਿਆਂ ਦੇ ਵੀ ਕਈ ਸਬੂਤ ਸਾਹਮਣੇ ਆ ਗਏ ਹਨ। ਕੈਗ ਦੀ ਰਿਪੋਰਟ ਨੂੰ ਡੂੰਘਾਈ ਨਾਲ ਪੜ੍ਹਨ ਤੋਂ ਬਾਅਦ ਸਾਫ਼ ਪਤਾ ਚੱਲਦਾ ਹੈ ਕਿ ਜਲੰਧਰ ਸਮਾਰਟ ਸਿਟੀ ਵਿਚ ਸਮੇਂ-ਸਮੇਂ ’ਤੇ ਰਹੇ ਅਧਿਕਾਰੀਆਂ ਨੇ ਕਿਸ ਤਰ੍ਹਾਂ ਲਾਪਰਵਾਹੀ ਅਤੇ ਨਾਲਾਇਕੀ ਨਾਲ ਕੰਮ ਕੀਤਾ, ਜਿਸ ਕਾਰਨ ਨਾ ਸਿਰਫ਼ ਚਹੇਤੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਇਆ ਗਿਆ, ਸਗੋਂ ਫੇਵਰ ਦੇਣ ਦੀ ਇਵਜ਼ ਵਿਚ ਉਨ੍ਹਾਂ ਤੋਂ ਕਮੀਸ਼ਨ ਤਕ ਵਸੂਲੀ ਗਈ। ਕੈਗ ਦੀ ਇਸ ਰਿਪੋਰਟ ਵਿਚ ਵਾਰ-ਵਾਰ ਜ਼ਿਕਰ ਹੈ ਕਿ ਕਿਸ ਤਰ੍ਹਾਂ ਸਰਕਾਰੀ ਅਫ਼ਸਰਾਂ ਨੇ ਪ੍ਰਾਈਵੇਟ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਚੱਕਰ ਵਿਚ ਸਮਾਰਟ ਸਿਟੀ ਜਲੰਧਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ। ਕੈਗ ਦੀ ਇਸ ਰਿਪੋਰਟ ਵਿਚ ਜਲੰਧਰ ਸਮਾਰਟ ਸਿਟੀ ਨੂੰ ਕੁਝ ਅਫਸਰਾਂ ਕਾਰਨ ਹੋਏ ਵਿੱਤੀ ਨੁਕਸਾਨ ਦਾ ਪੂਰਾ-ਪੂਰਾ ਬਿਓਰਾ ਦਰਜ ਹੈ।
ਸਰਕਾਰੀ ਫੰਡ ਵਿਚ ਭ੍ਰਿਸ਼ਟਾਚਾਰ ਅਤੇ ਕੈਗ ਰਿਪੋਰਟ ਵਿਚ ਉਸ ਭ੍ਰਿਸ਼ਟਾਚਾਰ ਦਾ ਖ਼ੁਲਾਸਾ ਹੋਣ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ ਮਾਮਲਿਆਂ ਦੇ ਜਾਣਕਾਰ ਦੱਸਦੇ ਹਨ ਕਿ ਭ੍ਰਿਸ਼ਟਾਚਾਰ ਜਾਂ ਲਾਪਰਵਾਹੀ ਰਾਹੀਂ ਸਰਕਾਰੀ ਸੰਸਥਾਨ ਨੂੰ ਜਿੰਨਾ ਵਿੱਤੀ ਨੁਕਸਾਨ ਪਹੁੰਚਾਇਆ ਜਾਂਦਾ ਹੈ, ਉਸ ਦੀ ਭਰਪਾਈ ਕੀਤੀ ਜਾਣੀ ਜ਼ਰੂਰੀ ਹੁੰਦੀ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਜ਼ਿੰਮੇਵਾਰ ਅਤੇ ਸਬੰਧਤ ਅਧਿਕਾਰੀਆਂ ਤੋਂ ਉਨ੍ਹਾਂ ਪੈਸਿਆਂ ਦੀ ਵਸੂਲੀ ਵੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਰਸਿੰਗ ਦੀ ਪੜ੍ਹਾਈ ਕਰ ਰਹੇ 18 ਸਾਲਾ ਨੌਜਵਾਨ ਦੀ ਦਰਦਨਾਕ ਮੌਤ

ਇਹ ਵੱਖਰੀ ਗੱਲ ਹੈ ਕਿ ਜ਼ਿਆਦਾਤਰ ਮਾਮਲੇ ਅਦਾਲਤੀ ਚੱਕਰਵਿਊ ਵਿਚ ਉਲਝ ਜਾਂਦੇ ਹਨ। ਜਲੰਧਰ ਸਮਾਰਟ ਸਿਟੀ ਦੇ ਪੈਸਿਆਂ ਵਿਚ ਹੇਰਾਫੇਰੀ ਅਤੇ ਕੈਗ ਰਿਪੋਰਟ ਵਿਚ ਕਈ ਘਪਲੇ ਉਜਾਗਰ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਅਫ਼ਸਰਾਂ ਤੋਂ ਸਰਕਾਰੀ ਪੈਸਿਆਂ ਦੀ ਵਸੂਲੀ ਕਰਨ ਦੀ ਤਿਆਰੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੇ ਜਲੰਧਰ ਸਮਾਰਟ ਸਿਟੀ ਦਾ ਪੈਸਾ ਖਾਧਾ ਅਤੇ ਵੱਖ-ਵੱਖ ਪ੍ਰਾਜੈਕਟਾਂ ਵਿਚ ਗੜਬੜੀ ਕਰਕੇ ਨਾ ਸਿਰਫ਼ ਸਰਕਾਰਾਂ ਦਾ ਅਕਸ ਖ਼ਰਾਬ ਕੀਤਾ, ਸਗੋਂ ਜਲੰਧਰ ਸ਼ਹਿਰ ਨੂੰ ਵੀ ਨੁਕਸਾਨ ਪਹੁੰਚਾਇਆ।

ਹੁਣ ਪੰਜਾਬ ਵਿਧਾਨ ਸਭਾ ਦੀ ਕਮੇਟੀ ਕੋਲ ਜਾਵੇਗਾ ਮਾਮਲਾ
ਕੈਗ ਨੇ ਆਪਣੀ ਆਡਿਟ ਰਿਪੋਰਟ ਵਿਚ ਜਲੰਧਰ ਸਮਾਰਟ ਸਿਟੀ ਦੇ ਖਾਤਿਆਂ ਵਿਚ ਗੜਬੜੀ ਦੇ ਮੁੱਦੇ ਉਠਾਏ ਹਨ। ਉਸ ਦੇ ਅਗਲੇ ਪੜਾਅ ਵਿਚ ਹੁਣ ਇਹ ਸਾਰਾ ਮਾਮਲਾ ਪੰਜਾਬ ਵਿਧਾਨ ਸਭਾ ਦੀ ਆਡਿਟ ਕਮੇਟੀ ਨੂੰ ਸੌਂਪ ਦਿੱਤਾ ਜਾਵੇਗਾ।
ਮਾਮਲੇ ਦੇ ਜਾਣਕਾਰ ਦੱਸਦੇ ਹਨ ਕਿ ਕੈਗ ਦੀ ਆਡਿਟ ਰਿਪੋਰਟ ਨੇ ਜਲੰਧਰ ਸਮਾਰਟ ਸਿਟੀ ਦੇ ਖਾਤਿਆਂ ਵਿਚ ਜੋ ਗੜਬੜੀ ਸਾਬਿਤ ਕੀਤੀ ਹੈ, ਉਸਦੇ ਆਡਿਟ ਪੈਰੇ ਬਣਾਏ ਜਾਣਗੇ ਅਤੇ ਸਾਰਾ ਮਾਮਲਾ ਵਿਧਾਨ ਸਭਾ ਦੀ ਕਮੇਟੀ ਸਾਹਮਣੇ ਰੱਖਿਆ ਜਾਵੇਗਾ। ਵਿਧਾਨ ਸਭਾ ਕਮੇਟੀ ਵੱਲੋਂ ਲੋਕਲ ਬਾਡੀਜ਼ ਪੰਜਾਬ ਅਤੇ ਸਮਾਰਟ ਸਿਟੀ ਦੇ ਉੱਚ ਅਧਿਕਾਰੀਆਂ ਨੂੰ ਤਲਬ ਕਰ ਕੇ ਪੂਰੇ ਮਾਮਲੇ ਦਾ ਸਪੱਸ਼ਟੀਕਰਨ ਲਿਆ ਜਾਵੇਗਾ। ਇਹ ਪੜਾਅ ਪੂਰਾ ਹੋਣ ਤੋਂ ਬਾਅਦ ਸਬੰਧਤ ਅਧਿਕਾਰੀਆਂ ਤੋਂ ਸਰਕਾਰੀ ਪੈਸਿਆਂ ਦੀ ਵਸੂਲੀ ਦੇ ਵੀ ਹੁਕਮ ਜਾਰੀ ਕੀਤੇ ਜਾ ਸਕਦੇ ਹਨ ਜਾਂ ਪੰਜਾਬ ਵਿਧਾਨ ਸਭਾ ਦੀ ਕਮੇਟੀ ਸਬੰਧਤ ਅਧਿਕਾਰੀਆਂ ’ਤੇ ਵੀ ਐਕਸ਼ਨ ਦੀ ਸਿਫਾਰਿਸ਼ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਮਾਮਲਾ ਕਈ ਰੂਪ ਧਾਰਨ ਕਰ ਸਕਦਾ ਹੈ।

ਸਟੇਟ ਵਿਜੀਲੈਂਸ ਤਾਂ ਭ੍ਰਿਸ਼ਟਾਚਾਰ ਨਾਲ ਬਣਾਈ ਪ੍ਰਾਪਰਟੀ ਦੀ ਡਿਟੇਲ ਵੀ ਬਣਾਏਗੀ
ਸਰਕਾਰੀ ਪੈਸਿਆਂ ’ਚ ਗਬਨ ਅਤੇ ਭ੍ਰਿਸ਼ਟਾਚਾਰ ਦੇ ਹੋਰ ਮਾਮਲਿਆਂ ਦੀ ਗੱਲ ਕਰੀਏ ਤਾਂ ਜਲੰਧਰ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀ ਵਿਜੀਲੈਂਸ ਜਾਂਚ ਦੇ ਹੁਕਮ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਹੀ ਦਿੱਤੇ ਹੋਏ ਹਨ। ਦੂਜੇ ਪਾਸੇ ਕੇਂਦਰ ਸਰਕਾਰ ਦੇ ਤਤਕਾਲੀਨ ਮੰਤਰੀਆਂ ਹਰਦੀਪ ਸਿੰਘ ਪੁਰੀ, ਅਰਜੁਨ ਰਾਮ ਮੇਘਵਾਲ, ਸਾਧਵੀ ਨਿਰੰਜਨ ਜੋਤੀ ਅਤੇ ਅਨੁਰਾਗ ਠਾਕੁਰ ਆਦਿ ਨੇ ਵੀ ਜਲੰਧਰ ਸਮਾਰਟ ਸਿਟੀ ਦੇ ਭ੍ਰਿਸ਼ਟਾਚਾਰ ਦੀ ਜਾਂਚ ਦਾ ਭਰੋਸਾ ਦਿੱਤਾ ਹੋਇਆ ਹੈ। ਹੁਣ ਜਿਸ ਤਰ੍ਹਾਂ ਕੈਗ ਦੀ ਆਡਿਟ ਰਿਪੋਰਟ ਨੇ ਜਲੰਧਰ ਸਮਾਰਟ ਸਿਟੀ ਦੇ ਕਈ ਪ੍ਰਾਜੈਕਟਾਂ ਵਿਚ ਗੜਬੜੀਆਂ ਨੂੰ ਲੱਭਿਆ ਹੈ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਹੁਣ ਸਟੇਟ ਵਿਜੀਲੈਂਸ ਦੇ ਨਾਲ-ਨਾਲ ਕੇਂਦਰੀ ਏਜੰਸੀ ਦੀ ਜਾਂਚ ਦਾ ਆਧਾਰ ਵੀ ਕੈਗ ਦੀ ਇਹ ਰਿਪੋਰਟ ਬਣ ਸਕਦੀ ਹੈ।

ਇਹ ਵੀ ਪੜ੍ਹੋ- ਪਹਿਲਾਂ ਪੁੱਛਿਆ ਰਾਹ, ਫਿਰ ਕੁੜੀ ਨਾਲ ਕਰ ਗਏ ਵੱਡਾ ਕਾਂਡ, ਕੈਮਰੇ 'ਚ ਕੈਦ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼
ਜਾਣਕਾਰ ਦੱਸਦੇ ਹਨ ਕਿ ਸਟੇਟ ਵਿਜੀਲੈਂਸ ਤਾਂ ਇਸ ਤੋਂ ਵੀ ਕਈ ਕਦਮ ਅੱਗੇ ਜਾ ਕੇ ਉਨ੍ਹਾਂ ਜਾਇਦਾਦਾਂ ਅਤੇ ਪ੍ਰਾਪਰਟੀ ਦਾ ਪਤਾ ਲਗਾਏਗੀ, ਜੋ ਭ੍ਰਿਸ਼ਟਾਚਾਰ ਦੇ ਇਨ੍ਹਾਂ ਪੈਸਿਆਂ ਨਾਲ ਬਣਾਈਆਂ ਗਈਆਂ ਹਨ। ਦੋਸ਼ ਲੱਗਦੇ ਰਹੇ ਹਨ ਕਿ ਸਮਾਰਟ ਸਿਟੀ ਦੇ ਅਜਿਹੇ ਪੈਸਿਆਂ ਨਾਲ ਜੋ ਪ੍ਰਾਪਰਟੀ ਬਣੀ ਹੈ, ਉਹ ਪਿੰਡ ਪਰਾਗਪੁਰ, 66 ਫੁੱਟ ਰੋਡ ’ਤੇ ਫਲੈਟਾਂ ਅਤੇ ਪਲਾਟਾਂ ਦੇ ਰੂਪ ਵਿਚ, ਕੈਂਟ ਦੇ ਦੀਪ ਨਗਰ ਦੀ ਇਕ ਕਾਲੋਨੀ ਵਿਚ ਪਲਾਟਾਂ, ਜੁਡੀਸ਼ੀਅਲ ਕੰਪਲੈਕਸ ਦੇ ਸਾਹਮਣੇ ਇਕ ਆਲੀਸ਼ਾਨ ਸ਼ੋਅਰੂਮ, ਨਰਿੰਦਰ ਸਿਨੇਮਾ, ਪਲਾਜ਼ਾ ਚੌਕ ਅਤੇ ਕੇਸਰ ਪੈਟਰੋਲ ਪੰਪ ਦੇ ਨੇੜੇ ਕਮਰਸ਼ੀਅਲ ਪ੍ਰਾਪਰਟੀ ਅਤੇ ਵਿਨੇ ਮੰਦਰ ਦੇ ਨੇੜੇ ਪਲਾਟਾਂ ਦੇ ਰੂਪ ਵਿਚ ਸਥਿਤ ਹੈ। ਹਾਲ ਹੀ ਵਿਚ ਕੁਝ ਪ੍ਰਾਪਰਟੀਜ਼ ਨੂੰ ਜਲਦਬਾਜ਼ੀ ਵਿਚ ਵੇਚੇ ਜਾਣ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਕੈਗ ਦੀ ਰਿਪੋਰਟ ਆਉਣ ਤੋਂ ਬਾਅਦ ਸਟੇਟ ਵਿਜੀਲੈਂਸ ਵੀ ਜਲਦ ਹੀ ਜਲੰਧਰ ਸਮਾਰਟ ਸਿਟੀ ਦੇ ਘਪਲਿਆਂ ’ਤੇ ਕੋਈ ਨਾ ਕੋਈ ਐਕਸ਼ਨ ਲੈ ਸਕਦੀ ਹੈ।

ਫਿਲਹਾਲ ਸਿਰਫ਼ ਵਿੱਤੀ ਗੜਬੜੀ ਸਾਹਮਣੇ ਆਈ ਹੈ
ਜਲੰਧਰ ਸਮਾਰਟ ਸਿਟੀ ਵਿਚ ਪਿਛਲੇ ਸਾਲਾਂ ਦੌਰਾਨ ਹੋਏ ਭ੍ਰਿਸ਼ਟਾਚਾਰ ਸਬੰਧੀ ਦੋਸ਼ ਲਗਾਉਣ ਵਾਲੇ ਕੈਗ ਦੀ ਆਡਿਟ ਰਿਪੋਰਟ ਤੋਂ ਤਾਂ ਸੰਤੁਸ਼ਟ ਹਨ ਪਰ ਇੰਨਾ ਤੈਅ ਹੈ ਕਿ ਆਉਣ ਵਾਲੇ ਸਮੇਂ ਵਿਚ ਸਮਾਰਟ ਸਿਟੀ ਦੇ ਹੋਰ ਘਪਲਿਆਂ ਤੋਂ ਵੀ ਪਰਦਾ ਉੱਠ ਸਕਦਾ ਹੈ ਕਿਉਂਕਿ ਕੈਗ ਦੀ ਆਡਿਟ ਰਿਪੋਰਟ ਸਿਰਫ ਵਿੱਤੀ ਖਾਤਿਆਂ ਦੇ ਮਿਲਾਨ ਨਾਲ ਜੁੜੀ ਹੋਈ ਹੈ। ਇਸ ਰਿਪੋਰਟ ਵਿਚ ਕਿਸੇ ਪ੍ਰਾਜੈਕਟ ਦੀ ਟੈਕਨੀਕਲ ਇਵੈਲਿਊਏਸ਼ਨ ਨਹੀਂ ਹੈ। ਮੰਗ ਉੱਠ ਰਹੀ ਹੈ ਕਿ ਜੇਕਰ ਜਲੰਧਰ ਸਮਾਰਟ ਸਿਟੀ ਵੱਲੋਂ ਪਿਛਲੇ ਸਾਲਾਂ ਦੌਰਾਨ ਕਰਵਾਏ ਗਏ ਕੰਮਾਂ ਦੀ ਮੌਕੇ ’ਤੇ ਜਾ ਕੇ ਜਾਂਚ ਕਰਵਾਈ ਜਾਵੇ ਤਾਂ ਵੱਡੇ ਪੱਧਰ ’ਤੇ ਹੋਏ ਭ੍ਰਿਸ਼ਟਾਚਾਰ ਦਾ ਖੁਲਾਸਾ ਹੋਵੇਗਾ ਕਿਉਂਕਿ ਸਮਾਰਟ ਸਿਟੀ ਦੇ ਜ਼ਿਆਦਾਤਰ ਕੰਮ ਲੈਣ ਵਾਲੇ ਠੇਕੇਦਾਰਾਂ ਨੇ ਮੌਕੇ ’ਤੇ ਬੇਹੱਦ ਘਟੀਆ ਕੰਮ ਕੀਤਾ। ਇਨ੍ਹਾਂ ਕੰਮਾਂ ਦੀ ਘਟੀਆ ਕੁਆਲਿਟੀ ਸਬੰਧੀ ਪਿਛਲੇ ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਅਤੇ ਹੋਰ ਅਧਿਕਾਰੀਆਂ ਨੂੰ ਦਰਜਨਾਂ ਸ਼ਿਕਾਇਤਾਂ ਹੋਈਆਂ ਪਰ ਅੱਜ ਤਕ ਕਿਸੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਜੇਕਰ ਵਿਜੀਲੈਂਸ ਇਸ ਮਾਮਲੇ ਵਿਚ ਨਿਰਪੱਖ ਜਾਂਚ ਕਰਵਾਉਂਦੀ ਹੈ ਤਾਂ ਚੰਡੀਗੜ੍ਹ ਬੈਠੇ ਕੁਝ ਅਧਿਕਾਰੀ ਵੀ ਫਸ ਸਕਦੇ ਹਨ।

ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਕਪੂਰਥਲਾ ਦੇ ਵਿਅਕਤੀ ਦੀ ਫਰਾਂਸ 'ਚ ਹੋਈ ਮੌਤ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News