ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਣ ਬਜ਼ੁਰਗ ਦੀ ਮੌਤ

Monday, Apr 08, 2024 - 04:40 PM (IST)

ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਣ ਬਜ਼ੁਰਗ ਦੀ ਮੌਤ

ਮੋਗਾ (ਆਜ਼ਾਦ) : ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਕੋਕਰੀ ਬੁੱਟਰਾਂ ਨਿਵਾਸੀ ਬੂਟਾ ਸਿੰਘ (64) ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ, ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆਉਣ ਕਾਰਣ ਉਸ ਦੀ ਮੌਤ ਹੋ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਨਦੀਪ ਸਿੰਘ ਨੇ ਕਿਹਾ ਕਿ ਉਸ ਦਾ ਪਿਤਾ ਬੂਟਾ ਸਿੰਘ ਅਜੀਤਵਾਲ ਅਤੇ ਕੋਕਰੀ ਕਲਾਂ ਵਿਚ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਉਹ ਜਦੋਂ 6 ਅਪ੍ਰੈਲ ਨੂੰ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਕੰਮ ਕਰਨ ਲਈ ਗਿਆ ਤਾਂ ਕੰਮ ਖਤਮ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਵਾਪਸ ਪਿੰਡ ਕੋਕਰੀ ਕਲਾਂ ਤੋਂ ਪਿੰਡ ਕੋਕਰੀ ਬੁੱਟਰਾਂ ਨੂੰ ਆ ਰਿਹਾ ਸੀ।

ਇਸ ਦੌਰਾਨ ਰਸਤੇ ਵਿਚ ਟਰੈਕਟਰ-ਟਰਾਲੀ ਚਾਲਕ ਸੁਖਰਾਜ ਸਿੰਘ ਨਿਵਾਸੀ ਕੋਕਰੀ ਬੁੱਟਰਾਂ ਨੇ ਲਾਪ੍ਰਵਾਹੀ ਨਾਲ ਟਰੈਕਟਰ-ਟਰਾਲੀ ਚਲਾਉਂਦਿਆਂ ਮੇਰੇ ਪਿਤਾ ਦੇ ਮੋਟਰ ਸਾਈਕਲ ਨੂੰ ਟੱਕਰ ਮਾਰੀ, ਜਿਸ ਨਾਲ ਮੇਰੇ ਪਿਤਾ ਦੇ ਸਿਰ ਵਿਚ ਸੱਟ ਵੱਜੀ ਅਤੇ ਉਹ ਮੋਟਰਸਾਈਕਲ ਸਮੇਤ ਡਿੱਗ ਪਿਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਪੁਲਸ ਨੇ ਟਰੈਕਟਰ-ਟਰਾਲੀ ਚਾਲਕ ਸੁਖਰਾਜ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News