74 ਸਾਲਾ ਬਜ਼ੁਰਗ ਨੂੰ ਕੁੜੀ ਨੇ ਫੋਨ ਕਰਕੇ ਬਣਾਈ ਅਸ਼ਲੀਲ ਵੀਡੀਓ, ਫਿਰ ਜੋ ਹੋਇਆ ਵੇਖ ਸਾਰੇ ਟੱਬਰ ਦੇ ਉੱਡੇ ਹੋਸ਼
Thursday, Apr 11, 2024 - 06:55 PM (IST)
ਗੜ੍ਹਸ਼ੰਕਰ (ਭਾਰਦਵਾਜ)-ਥਾਣਾ ਗੜ੍ਹਸ਼ੰਕਰ ਪੁਲਸ ਨੇ ਆਨਲਾਈਨ ਅਸ਼ਲੀਲ ਵੀਡੀਓ ਬਣਾ ਕੇ 74 ਸਾਲਾ ਵਿਅਕਤੀ ਨਾਲ 8 ਲੱਖ 55 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਨਲਾਈਨ ਧੋਖਾਦੇਹੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। 74 ਸਾਲਾ ਪੀੜਤ ਗੁਰਦੇਵ ਸਿੰਘ ਪੁੱਤਰ ਗੰਧਰਵ ਸਿੰਘ ਵਾਸੀ ਸੀਹਵਾਂ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਹਰਿਆਣਾ ਬਿਜਲੀ ਵਿਭਾਗ ਤੋਂ ਸੇਵਾਮੁਕਤ ਹੈ। ਉਸ ਨੇ ਦੱਸਿਆ ਕਿ 13 ਅਪ੍ਰੈਲ 2023 ਨੂੰ ਰਾਤ ਸਵਾ ਦਸ ਵਜੇ ਉਸ ਦੇ ਫੋਨ ’ਤੇ ਇਕ ਕੁੜੀ ਦੀ ਵੀਡੀਓ ਕਾਲ ਆਈ ਅਤੇ ਉਸ ਨੇ ਕਿਹਾ ਕਿ ਤੁਹਾਡਾ ਨੰਬਰ ਸੋਸ਼ਲ ਮੀਡੀਆ ਤੋਂ ਲਿਆ ਹੈ।
ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਸ ਕੁੜੀ ਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਗੰਦੀਆਂ ਹਰਕਤਾਂ ਕਰਨ ਲੱਗ ਪਈ ਅਤੇ ਉਸ ਤੋਂ ਬਾਅਦ ਉਸ ਨੇ ਧਮਕੀ ਦਿੱਤੀ ਕਿ ਮੈਂ ਤੇਰੀ ਇਹ ਵੀਡੀਓ ਬਣਾ ਲਈ ਹੈ। ਉਸ ਨੇ ਕਿਹਾ ਕਿ ਮੈਨੂੰ 20 ਹਜ਼ਾਰ ਰੁਪਏ ਦੇਵੋ ਨਹੀਂ ਤਾਂ ਮੈਂ ਇਹ ਵੀਡੀਓ ਵਾਇਰਲ ਕਰ ਦੇਣੀ ਹੈ ਤਾਂ ਮੈਂ ਫੋਨ ਬੰਦ ਕਰ ਦਿੱਤਾ। ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ 15 ਅਪ੍ਰੈਲ ਨੂੰ ਇਕ ਫੋਨ ਆਇਆ ਤਾਂ ਦੂਜੇ ਪਾਸਿਓਂ ਗੱਲ ਕਰਨ ਵਾਲੇ ਨੇ ਦੱਸਿਆ ਕਿ ਉਹ ਐੱਸ. ਐੱਚ. ਓ. ਬੋਲ ਰਿਹਾ ਹੈ। ਤੁਹਾਡਾ ਵੀਡੀਓ ਯੂ-ਟਿਊਬ ’ਤੇ ਵਾਇਰਲ ਹੋ ਰਿਹਾ ਹੈ, ਇਸ ਨੂੰ ਜਲਦੀ ਤੋਂ ਜਲਦੀ ਡਿਲੀਟ ਕਰੋ ਅਤੇ ਮੈਨੂੰ ਯੂ-ਟਿਊਬ ਵਾਲੇ ਰਮਨ ਕੁਮਾਰ ਦਾ ਫੋਨ ਨੰਬਰ ਦਿੱਤਾ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੌਰਾਨ ਦਲ-ਬਦਲੀ ਜਾਰੀ, ਅਕਾਲੀ ਤੇ ਕਾਂਗਰਸ ਨੂੰ ਮੁੜ ਝਟਕਾ ਦੇਵੇਗੀ ਭਾਜਪਾ
ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਰਮਨ ਕੁਮਾਰ ਤੋਂ ਇਹ ਵੀਡੀਓ ਡਿਲੀਟ ਕਰਵਾਈ ਅਤੇ ਇਸ ਬਦਲੇ ਸਾਢੇ 35 ਹਜ਼ਾਰ ਰੁਪਏ ਰਮਨ ਕੁਮਾਰ ਦੇ ਖ਼ਾਤੇ ਵਿਚ ਪਾਏ। ਉਸ ਨੇ ਦੱਸਿਆ ਕਿ ਬਾਅਦ ਵਿਚ ਰਮਨ ਕੁਮਾਰ ਨੇ ਫੋਨ ਕਰਕੇ ਕਿਹਾ ਕਿ ਉਕਤ ਕੁੜੀ ਨੇ ਹੋਰ ਵੀਡੀਓ ਅਪਲੋਡ ਕੀਤੇ ਹਨ ਅਤੇ ਇਸ ਬਦਲੇ ਉਸ ਨੂੰ 70 ਹਜ਼ਾਰ, 65 ਹਜ਼ਾਰ ਅਤੇ ਫਿਰ 5 ਹਜ਼ਾਰ ਰੁਪਏ ਰਮਨ ਕੁਮਾਰ ਦੇ ਖ਼ਾਤੇ ’ਚ ਜਮ੍ਹਾ ਕਰਵਾਉਣੇ ਪਏ। ਗੁਰਦੇਵ ਸਿੰਘ ਨੇ ਅਪਣੀ ਸ਼ਿਕਾਇਤ ’ਚ ਦੱਸਿਆ ਕਿ ਫਿਰ ਉਸ ਨੂੰ ਕਰਾਈਮ ਬ੍ਰਾਂਚ ਦੇ ਐੱਸ. ਐੱਚ. ਓ. ਮਲਹੋਤਰਾ ਨਾਂ ਦੇ ਵਿਅਕਤੀ ਅਤੇ ਬਾਅਦ ਵਿਚ ਬੈਰਵਾ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਪੰਜ ਲੱਖ ਰੁਪਏ ਦੀ ਮੰਗ ਕੀਤੀ। ਪੀੜਤ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਸ ਨੇ ਦਿੱਤੇ ਖ਼ਾਤੇ ’ਚ ਇਕ ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਤਾਂ ਉਨ੍ਹਾਂ ਨੇ ਧਮਕੀ ਦਿੱਤੀ ਕਿ ਬਾਕੀ ਰਕਮ ਵੀ ਜਲਦੀ ਜਮ੍ਹਾ ਕਰਵਾਓ।
ਗੁਰਦੇਵ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਨੂੰ ਉਸ ਨੂੰ ਫੋਨ ’ਤੇ ਕਿਹਾ ਕਿ ਜਿਹੜੀ ਕੁੜੀ ਕਾਬੂ ਕੀਤੀ ਸੀ, ਉਹ ਹੋਰ ਹੈ ਅਤੇ ਉਹ ਰਾਜਸਥਾਨ ਵਿਚ ਉਸ ਨੂੰ ਗ੍ਰਿਫ਼ਤਾਰ ਕਰਨ ਜਾ ਰਹੇ ਹਨ। ਪੀੜਤ ਨੇ ਦੱਸਿਆ ਕਿ ਫਿਰ ਫੋਨ ’ਤੇ ਕਿਹਾ ਗਿਆ ਕਿ ਕੁੜੀ ਨੇ ਆਤਮਹੱਤਿਆ ਕਰ ਲਈ ਹੈ। ਇਸ ਲਈ ਉਸ ਦੇ ਪਰਿਵਾਰ ਨੂੰ ਦੇਣ ਵਾਸਤੇ ਪੰਜ ਲੱਖ ਰੁਪਏ ਦਿੱਤੇ ਜਾਣ ਤਾਂ ਉਸ ਨੇ ਬੈਂਕ ’ਚ ਜਾ ਕੇ ਦਿੱਤੇ ਖ਼ਾਤੇ ਵਿਚ ਢਾਈ ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਉਸ ਨੇ ਦੱਸਿਆ ਕਿ ਉਹ ਵਿਅਕਤੀ ਉਸ ਨੂੰ ਵਟਸਸਪ ’ਤੇ ਫੋਨ ਕਰਕੇ ਹੋਰ ਪੈਸੇ ਦੇਣ ਲਈ ਧਮਕੀਆਂ ਦਿੰਦੇ ਹਨ।
ਗੁਰਦੇਵ ਸਿੰਘ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਗੁਹਾਰ ਲਗਾਈ ਸੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਗੁਰਦੇਵ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਗੜ੍ਹਸ਼ੰਕਰ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਨਲਾਈਨ ਠੱਗੀ ਮਾਰਨ ਦੇ ਦੋਸ਼ ਹੇਠ ਧਾਰਾ 420 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8