ਡੀ. ਸੀ. ਨੇ ਕੀਤੀ ਸਿਵਲ ਹਸਪਤਾਲ ’ਚ ਡੇਂਗੂ ਵਾਰਡ ਦੀ ਚੈਕਿੰਗ

Friday, Oct 05, 2018 - 05:26 AM (IST)

ਡੀ. ਸੀ. ਨੇ ਕੀਤੀ ਸਿਵਲ ਹਸਪਤਾਲ ’ਚ ਡੇਂਗੂ ਵਾਰਡ ਦੀ ਚੈਕਿੰਗ

ਫਗਵਾੜਾ,  (ਹਰਜੋਤ)-  ਫਗਵਾੜਾ  'ਚ ਫ਼ੈਲੇ ਡੇਂਗੂ 'ਤੇ ਕਾਬੂ ਪਾਉਣ ਲਈ ਅੱਜ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੇ  ਅੱਜ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਹਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।  ਪਹਿਲਾਂ ਉਨ੍ਹਾਂ ਸਿਵਲ ਹਸਪਤਾਲ 'ਚ ਡੇਂਗੂ ਲਈ ਬਣਾਏ ਗਏ ਵਾਰਡ ਦਾ ਦੌਰਾ ਕੀਤਾ। ਉਨ੍ਹਾਂ ਹਸਪਤਾਲ 'ਚ ਦਵਾਈਆਂ, ਸਫ਼ਾਈ ਤੇ ਹੋਰ ਕੰਮਾਂ ਦਾ ਜਾਇਜ਼ਾ ਲਿਆ।    ਉੱਥੇ ਹੀ  ਡੀ. ਸੀ. ਵੱਲੋਂ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਗਿਆ ਅਤੇ ਜਿਥੇ ਵੀ  ਕਮੀਆਂ ਪਾਈਆਂ ਗਈਆਂ,  ਉੱਥੇ ਇਸ ਨੂੰ ਤੁਰੰਤ ਦੂਰ ਕਰਕੇ ਰਿਪੋਰਟ ਕਰਨ ਦੇ ਹੁਕਮ ਦਿੱਤੇ।
  ਡੀ. ਸੀ. ਨੇ ਹੁਸ਼ਿਆਰਪੁਰ ਰੋਡ 'ਤੇ ਕੂੜੇ ਦੇ ਡੰਪ ਦਾ ਵੀ ਦੌਰਾ ਕੀਤਾ। ਇਸ  ਦੌਰੇ ਦੌਰਾਨ  ਕੂੜਾ ਕਾਫ਼ੀ ਖਿਲਰਿਆ ਪਿਆ ਸੀ ਤਾਂ ਉਨ੍ਹਾਂ ਮੌਕੇ 'ਤੇ ਨਗਰ ਨਿਗਮ ਕਮਿਸ਼ਨਰ ਨੂੰ ਤੁਰੰਤ ਇਸ  ਨੂੰ ਪੱਧਰਾ ਕਰਵਾਉਣ ਦੀ ਹਦਾਇਤ ਕੀਤੀ।  ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ  ਕੀਤਾ ਜਾਵੇ ਤੇ ਕੂੜਾ ਡੰਪ ਦੇ ਅੰਦਰ ਹੀ ਸੁੱਟਣ ਦਿੱਤਾ ਜਾਵੇ। ਉਨ੍ਹਾਂ ਲੋਕਾਂ ਨੂੰ ਸਫ਼ਾਈ  ਰੱਖਣ 'ਚ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਹੁਸ਼ਿਆਰਪੁਰ ਪੁਲ ਦੇ  ਹੇਠਾਂ ਦਾ ਦੌਰਾ ਕੀਤਾ ਅਤੇ ਉੱਥੇ ਪਏ ਟੋਇਅਾਂ ਨੂੰ ਤੁਰੰਤ ਠੀਕ ਕਰਵਾਉਣ ਦੀ ਹਦਾਇਤ ਕੀਤੀ  ਤਾਂ ਜੋ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਆਪਣੇ ਘਰਾਂ 'ਚ ਆਲੇ-ਦੁਆਲੇ ਖੜ੍ਹਾ ਪਾਣੀ ਨੂੰ ਸੁਕਾ ਕੇ ਰੱਖਣ, ਕੂਲਰ ਸਾਫ਼  ਰੱਖਣ, ਪੰਛੀਆਂ ਲਈ ਰੱਖੇ ਭਾਂਡੇ ਸਾਫ਼ ਕਰਕੇ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ  ਦੱਸਿਆ ਕਿ ਡੇਂਗੂ ਦਾ ਲੋਕਾਂ 'ਚ ਸਹਿਮ ਜ਼ਿਆਦਾ ਪਾਇਆ ਜਾ ਰਿਹਾ ਹੈ ਪਰ ਅਜੇ ਤਕ ਸਿਰਫ਼  ਫਗਵਾੜਾ 'ਚ ਦੋ ਕੇਸ ਹੀ ਡੇਂਗੂ ਦੇ ਸਾਹਮਣੇ ਹਨ। 
 ਹਦੀਆਬਾਦ 'ਚ ਡਿਸਪੈਂਸਰੀ ਦੀ ਮਾੜੀ ਹਾਲਤ ਨੂੰ ਦੇਖਦਿਅਾਂ ਤੁਰੰਤ ਦਿੱਤੇ ਜਾਂਚ ਦੇ ਹੁਕਮ
ਇਸ ਦੌਰਾਨ ਡੀ.  ਸੀ.  ਨੇ ਹਦੀਆਬਾਦ ਦੀ ਡਿਸਪੈਂਸਰੀ ਵਿਖੇ ਵੀ ਗਏ, ਜਿਥੇ ਡਿਸਪੈਂਸਰੀ ਦੀ ਮਾੜੀ ਹਾਲਤ ਨੂੰ  ਦੇਖਦਿਆਂ ਉਨ੍ਹਾਂ ਸਿਵਲ ਸਰਜਨ ਨੂੰ ਇਸ ਦੀ ਤੁਰੰਤ ਪੜਤਾਲ ਕਰਵਾ ਕੇ ਰਿਪੋਰਟ ਦੇਣ ਲਈ  ਕਿਹਾ। ਚੈਕਿੰਗ ਦੌਰਾਨ ਦੇਖਿਆ ਗਿਆ ਕਿ ਡਿਸਪੈਂਸਰੀ ਦੀਆਂ ਛੱਤਾਂ ਦੀ ਹਾਲਤ ਬਹੁਤ ਮਾੜੀ  ਸੀ ਅਤੇ ਕਿਸੇ ਵੀ ਸਮੇਂ ਡਿੱਗ ਜਾਣ ਦਾ ਖਤਰਾ ਹੈ। ਡਿਸਪੈਂਸਰੀ ਦੇ ਅੰਦਰ ਬਹੁਤ ਗੰਦਗੀ  ਫ਼ੈਲੀ ਹੋਈ ਸੀ, ਜਿਸ ਨੂੰ ਡਿਪਟੀ ਕਮਿਸ਼ਨਰ ਨੇ ਤੁਰੰਤ ਪੱਧਰਾ ਕਰਵਾ ਕੇ ਰਿਪੋਰਟ ਕਰਨ ਦੇ  ਹੁਕਮ ਦਿੱਤੇ। 
  ਏ. ਡੀ. ਸੀ. ਦਫ਼ਤਰ ਵਿਖੇ ਅਧਿਕਾਰੀਅਾਂ ਨਾਲ ਕੀਤੀ ਮੀਟਿੰਗ
ਡੀ .  ਸੀ.  ਨੇ ਏ. ਡੀ. ਸੀ. ਦਫ਼ਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ  ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ 'ਤੇ  ਦਿੱਤਾ ਅਤੇ ਕਿਹਾ ਕਿ ਲੋਕ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ।  ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਪ੍ਰਾਈਵੇਟ ਹਸਪਤਾਲਾਂ ਨਾਲ ਵੀ ਮੀਟਿੰਗਾਂ  ਕਰਨ ਅਤੇ ਇਸ ਗੱਲ ਦੀ ਜਾਣਕਾਰੀ ਲੈਣ ਕਿ ਉਹ ਡੇਂਗੂ ਦੇ ਪੀੜਤ ਲੋਕਾਂ ਦੇ ਟੈਸਟ ਕਿਸ  ਤਰ੍ਹਾਂ ਲੈਂਦੇ ਹਨ ਜਾਂ ਉਹ ਇਸ ਨੂੰ ਕਿਸ ਤਰ੍ਹਾਂ ਜਾਇਜ਼ ਠਹਿਰਾਉਂਦੇ ਹਨ। ਇਸ ਮੌਕੇ ਸਿਵਲ  ਸਰਜਨ ਡਾ. ਬਲਵੰਤ ਸਿੰਘ, ਏ. ਡੀ. ਸੀ. ਬਬਿਤਾ ਕਲੇਰ, ਐੱਸ. ਡੀ. ਐੱਮ. ਡਾ. ਸੁਮਿਤ ਮੁੱਧ, ਡਾ.  ਦਵਿੰਦਰ ਸਿੰਘ ਐੱਸ. ਐੱਮ. ਓ., ਨਗਰ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਵੀ ਸ਼ਾਮਿਲ ਸਨ।
  ਵਧੇਰੇ ਕੇਸ ਵਾਇਰਲ ਬੁਖਾਰ ਦੇ ਆ ਰਹੇ ਹਨ : ਐੱਸ. ਐੱਮ. ਓ. 
ਐੱਸ. ਐੱਮ. ਓ.  ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਹੁਣ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਕੁਝ ਘੱਟ ਗਈ ਹੈ  ਅਤੇ ਹੁਣ ਸਿਰਫ਼ ਬੁਖਾਰ ਦੇ 80 ਤੋਂ 90 ਮਰੀਜ਼ ਹੀ ਆ ਰਹੇ ਹਨ, ਜਿਨ੍ਹਾਂ 'ਚੋਂ ਜ਼ਿਆਦਾ ਕੇਸ  ਵਾਇਰਲ ਬੁਖ਼ਾਰ ਦੇ ਹੀ ਹਨ।
 


Related News